ਭਾਅ ‘ਚ ਆਈ ਮੰਦੀ ਨੇ ਆਲੂ ਉਤਪਾਦਕਾਂ ਦਾ ਲੱਕ ਤੋੜਿਆ

-ਇਸ ਭਾਅ ਆਲੂ ਵੇਚ ਕਿਸਾਨਾਂ ਦੇ ਖਰਚੇ ਵੀ ਨਹੀਂ ਹੁੰਦੇ ਪੂਰੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇਸ ਵਾਰ ਦੇਸ਼ ਵਿਚ ਆਲੂਆਂ ਦੀ ਵੱਡੇ ਪੱਧਰ ’ਤੇ ਬਿਜਾਈ ਹੋਣ ਕਾਰਨ ਆਲੂਆਂ ਦੇ ਭਾਅ ਵਿਚ ਦਿਨੋ ਦਿਨ ਆ ਰਹੀ ਮੰਦੀ ਨੇ ਆਲੂ ਉਤਪਾਦਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਦਿਨਾਂ ਵਿਚ ਕੱਚੇ ਆਲੂ ਦੀ ਪੁਟਾਈ ਦਾ ਭਾਅ ਕਿਸਾਨ ਨੂੰ ਬਹੁਤ ਹੀ ਘੱਟ ਮਿਲ ਰਿਹਾ ਹੈ। ਆਲੂਆਂ ਦੇ ਚੱਲ ਰਹੇ ਭਾਅ ਕਾਰਨ ਕਿਸਾਨਾਂ ਦੇ ਫਸਲ ’ਤੇ ਹੋਏ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕੱਚੇ ਆਲੂਆਂ ਦੀ ਪੁਟਾਈ ਦੇ ਸਰੂਆਤੀ ਦੌਰ ਵਿਚ ਖਿਆਤੀ ਕਿਸਮ ਅਤੇ ਕੁਫ਼ਰੀ ਮੋਹਨ ਦਾ ਭਾਅ 210 ਰੁਪਏ ਕਿਸਾਨ ਨੂੰ ਮਿਲਿਆ ਹੈ, ਜਦ ਕਿ ਆਲੂਆਂ ਦੀ ਕਿਸਮ 7008 ਅਤੇ ਐਲਆਰ ਦਾ ਭਾਅ 250 ਰੁਪਏ ਰਿਹਾ। ਪਰ ਜਿਉਂ ਕੱਚੇ ਆਲੂ ਦੀ ਪੁਟਾਈ ਜ਼ੋਰ ਫੜ੍ਹਣ ਲੱਗੀ ਤਾਂ ਭਾਅ ਦਿਨੋ ਦਿਨ ਘੱਟਣ ਲੱਗ ਗਿਆ। ਪੂਰੇ ਪੰਜਾਬ ਦੀਆਂ ਅਨਾਜ਼ ਮੰਡੀਆਂ ਵਿਚ ਆਲੂਆਂ ਦੇ ਗੱਟਿਆਂ ਦੇ ਅੰਬਾਰ ਲੱਗੇ ਪਏ ਹਨ। ਜਿਹੜੇ ਵਪਾਰੀਆਂ ਨੇ ਸੁਰੂਆਤੀ ਦੌਰ ਦੇ ਵਿਚ ਕੱਚੇ ਆਲੂ ਦੀ ਪੁਟਾਈ ਦੇ ਸੌਦੇ ਕੀਤੇ ਸਨ, ਸਭ ਨੂੂੰ ਘਾਟੇ ਦਾ ਸ਼ਿਕਾਰ ਹੋਣਾ ਪਿਆ। ਆਲੂਆਂ ਦੀ ਖੇਤੀ ’ਤੇ ਕਿਸੇ ਵੀ ਸਰਕਾਰ ਵੱਲੋਂ ਕੋਈ ਐਮਐਸਪੀ ਨਾ ਦੇਣ ਕਾਰਨ ਆਲੂਆਂ ਦੀ ਖੇਤੀ ਆਲੂ ਉਤਪਾਦਕਾਂ ਲਈ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਰਕੇ ਸਾਲ 2017 ਵਿਚ ਆਲੂਆਂ ਦੇ ਭਾਅ ਵਿਚ ਆਈ ਲੋੜ ਤੋਂ ਵੱਧ ਮੰਦੀ ਕਾਰਨ ਪੰਜਾਬ ਖਾਸ ਕਰ ਬਠਿੰਡਾ ਜ਼ਿਲ੍ਹੇ ਦੇ ਆਲੂ ਉਤਪਾਦਕਾਂ ਨੇ ਆਲੂ ਦੀ ਖੇਤੀ ਕਰਨ ਤੋਂ ਕਿਨਾਰਾ ਕਰ ਲਿਆ ਸੀ। ਬਾਅਦ ਵਿਚ 2020 ਵਿਚ ਲੱਗੇ ਲਾਕ ਡਾਊਨ ਕਰਕੇ ਆਲੂਆਂ ਦੇ ਭਾਅ ਵਿਚ ਆਈ ਅਚਾਨਕ ਤੇਜ਼ੀ ਦੇ ਕਾਰਨ ਫਿਰ ਤੋਂ ਬਹੁਤੇ ਉਤਪਾਦਕਾਂ ਨੇ ਫਿਰ ਤੋਂ ਆਲੂਆਂ ਦੀ ਖੇਤੀ ਕਰਨ ਨੂੰ ਪਹਿਲ ਦਿੱਤੀ। ਇਸ ਵਾਰ ਖ਼ਿਆਤੀ, ਕੁਫ਼ਰੀ ਮੋਹਨ ਆਲੂਆਂ ਦੀ ਪੱਕੀ ਪੁਟਾਈ ਲਈ ਅਜੇ ਤਕ ਕਿਸੇ ਵੀ ਵਪਾਰੀ ਨੇ ਸੌਦਾ ਨਹੀਂ ਕੀਤਾ, ਜਦ ਕਿ ਆਲੂਆਂ ਦੀ ਕਿਸਮ 7008, ਡਾਇਮੰਡ ਕਿਸਮ ਦੇ ਆਲੂਆਂ ਦੇ ਕਈ ਪਿੰਡਾਂ ਵਿਚ ਟਾਂਵੇ ਟਾਂਵੇ 230-240 ਰੁਪਏ ਪ੍ਰਤੀ ਗੱਟਾ 50 ਕਿਲੋ ਸੌਦੇ ਹੋਏ ਹਨ। ਇਸ ਤੋਂ ਇਲਾਵਾ ਆਲੂਆਂ ਦੇ ਬੀਜ਼ ਤੋਂ ਛੋਟੀ ਗੋਲੀ ਨੂੰ ਵਪਾਰੀ ਕਿਸੇ ਵੀ ਕੀਮਤ ’ਤੇ ਲੈਣ ਨੂੰ ਤਿਆਰ ਨਹੀ, ਜਿਸ ਕਰਕੇ ਚਿੱਟੇ ਕਿਸਮ ਦੀ ਗੋਲੀ ਨੂੰ ਕਿਸਾਨ ਪੁਟਾਈ ਵੇਲੇ ਖੇਤਾਂ ਵਿਚ ਹੀ ਛੱਡ ਰਹੇ ਹਨ, ਜਦ ਕਿਸ ਲਾਲ ਕਿਸਮ ਦੇ ਆਲੂ ਦੀ ਗੋਲੀ 100 ਰੁਪਏ ਪ੍ਰਤੀ ਗੱਟਾ ਵਿਕ ਰਹੀ ਹੈ।
-ਬਾਕਸ-
-ਆਲੂਆਂ ਦੀ ਫਸਲ ’ਤੇ ਆਉਣ ਵਾਲਾ ਹੈ ਖਰਚਾ
ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ ਆਲੂਆਂ ’ਤੇ ਬਾਕੀ ਦੀਆਂ ਫਸਲਾਂ ਨਾਲੋ ਕਈ ਗੁਣਾ ਜਿਆਦਾ ਖ਼ਰਚਾ ਹੁੰਦਾ ਹੈ। ਆਲੂਆਂ ਦੀ ਬਿਜਾਈ ਲਈ ਕਿਸਾਨ ਨੂੰ ਖੇਤ ਤਿਆਰ ਕਰਨ ਲਈ 40-50 ਲੀਟਰ ਡੀਜ਼ਲ, ਚਾਰ ਗੱਟੇ ਫਾਸਫੋਰਸ ਖਾਦ, ਦੋ ਗੱਟੇ ਪੋਟਾਸ਼, 5-6 ਗੱਟਾ ਨਾਈਟਰੋਜ਼ਨ ਖਾਦ, ਆਲੂਆਂ ਦੀ ਫਸਲ ਨੂੰ ਉਲੀ ਰੋਗ ਤੋਂ ਬਚਾਉਣ ਲਈ 4-5 ਹਜ਼ਾਰ ਰੁਪਏ ਦੀ ਕੀਟਨਸ਼ਾਕ ਦਵਾਈ ਦਾ ਛਿੜਾਕ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ 15 ਤੋਂ 20 ਹਜ਼ਾਰ ਦਾ ਬੀਜ ਤੋਂ ਇਲਾਵਾ ਆਲੂਆਂ ਦੀ ਪੁਟਾਈ ਲਈ 10 ਲੀਟਰ ਪ੍ਰਤੀ ਏਕੜ ਡੀਜ਼ਲ ਦੀ ਲੋੜ ਹੁੰਦੀ ਹੈ। ਆਲੂਆਂ ਦੀ ਪੁਟਾਈ ਕਰਨ ਲਈ 50 ਰੁਪਏ ਪ੍ਰਤੀ ਗੱਟਾ ਲੇਬਰ ਦੇਣੀ ਪੈਦੀ ਹੈ। ਜੇਕਰ ਇਨ੍ਹਾਂ ਸਾਰੇ ਖਰਚਿਆਂ ਨੂੰ ਜੋੜ ਲਿਆ ਜਾਵੇ ਤਾਂ ਆਲੂਆ ਦੀ ਫਸ਼ਲ ਤੇ 60 ਹਜ਼ਾਰ ਰੁਪਏ ਦੇ ਕਰੀਬ ਖ਼ਰਚਾ ਪ੍ਰਤੀ ਏਕੜ ਆ ਜਾਂਦਾ ਹੈ, ਜਦ ਕਿ ਇਸ ਵਾਰ ਆਲੂਆਂ ਦੀ ਫਸਲ ਦਾ ਭਾਅ ਇਸ ਤਰ੍ਹਾਂ ਹੀ ਰਿਹਾ ਤਾਂ ਆਲੂਆਂ ਦੀ ਫਸਲ ਮਹਿਜ਼ 50 ਹਜ਼ਾਰ ਰੁਪਏ ਤਕ ਹੋਣ ਦੀ ਆਸ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਦਸ ਹਜਾਰ ਪ੍ਰਤੀ ਏਕੜ ਘਾਟਾ ਸਹਿਣਾ ਪੈ ਸਕਦਾ ਹੈ।
-ਬਾਕਸ-
-ਉੱਤਰ ਪ੍ਰਦੇਸ਼ ਕਰਦਾ ਹੈ ਆਲੂਆਂ ਦੀ ਫ਼ਸਲ ਦਾ ਭਾਅ ਤੈਅ
ਆਲੂਆਂ ਦੀ ਫਸਲ ਦਾ ਭਾਅ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ ਵਿਚ ਹੋਈ ਆਲੂਆਂ ਦੀ ਪੈਦਾਵਾਰ ਤੈਅ ਕਰਦੀ ਹੈ, ਕਿਉਕਿ ਇਸ ਸੂਬੇ ਵਿਚ ਆਲੂਆਂ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ। ਦੇਸ਼ ਦੇ ਉਤਰ ਪ੍ਰਦੇਸ਼ ਸੂਬੇ ਵਿਚ 34 ਫ਼ੀਸਦੀ, ਪੱਛਮੀ ਬੰਗਾਲ ਵਿਚ 32 ਫ਼ੀਸਦੀ, ਬਿਹਾਰ ਵਿਚ 12 ਫ਼ੀਸਦੀ, ਗੁਜਰਾਤ ਵਿਚ 9 ਫ਼ੀਸਦੀ, ਝਾਰਖੰਡ ਵਿਚ 5 ਫ਼ੀਸਦੀ, ਪੰਜਾਬ ਵਿਚ 6 ਫ਼ੀਸਦੀ ਅਤੇ ਹਰਿਆਣਾ ਵਿਚ 4 ਫ਼ੀਸਦੀ ਆਲੂਆਂ ਦੀ ਫ਼ਸਲ ਦੀ ਬਿਜਾਈ ਹੁੰਦੀ ਹੈ। ਇਸ ਵਾਰ ਰਾਜਸਥਾਨ ਵਿਚ ਕਈ ਜ਼ਿਲ੍ਹਿਆਂ ਵਿਚ ਆਲੂਆਂ ਬਿਜਾਈ ਵੱਡੇ ਪੱਧਰ ’ਤੇ ਕੀਤੀ ਗਈ ਹੈ, ਜਿਸ ਕਰਕੇ ਇਸ ਵਾਰ ਪੰਜਾਬ ਦਾ ਆਲੂ ਰਾਜਸਥਾਨ ਵਿਚ ਘੱਟ ਜਾਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਦੇ ਇਲਾਕਿਆਂ ਵਿਚ ਆਲੂਆਂ ਦੀ ਫ਼ਸਲ ਦੀ ਬਿਜਾਈ ਥੋੜੀ ਬਹੁਤੀ ਕੀਤੀ ਜਾਂਦੀ ਹੈ।
-ਬਾਕਸ-
-ਕਿਹੜੇ ਕਿਹੜੇ ਸਾਲ ਮਿਲਿਆ ਆਲੂਆਂ ਦੀ ਫ਼ਸਲ ਦਾ ਚੰਗਾ ਭਾਅ
ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ 1998 ਵਿਚ ਆਲੂਆਂ ਦੀ ਫਸਲ ’ਤੇ ਆਈ ਲੋੜ ਤੋਂ ਵੱਧ ਮੰਦੀ ਕਰਕੇ ਸਾਲ 2009 ਉਨ੍ਹਾਂ ਕਿਸਾਨਾਂ ਅਤੇ ਵਪਾਰੀਆਂ ਨੂੰ ਆਲੂਆਂ ਦੀ ਫਸ਼ਲ ਦਾ ਚੰਗਾ ਭਾਅ ਮਿਲਿਆ। ਇਸ ਤੋਂ ਇਲਾਵਾ ਸਾਲ 2014 , 2020 ਅਤੇ 2024 ਵਿਚ ਕਿਸਾਨਾਂ ਨੂੰ ਖੇਤਾਂ ਵਿਚ ਆਲੂਆਂ ਦੀ ਫਸਲ ਚੋਖਾ ਭਾਅ ਮਿਲਿਆ ਸੀ। ਸਾਲ 2020 ਵਿਚ ਦੇਸ਼ ਵਿਚ ਆਈ ਕੋਰੋਨਾ ਦੀ ਬਿਮਾਰੀ ਕਾਰਨ ਪੂਰੇ ਦੇਸ਼ ਵਿਚ ਲੱਗੇ ਲਾਕ ਡਾਊਨ ਦੇ ਬਾਵਜੂਦ ਵੀ ਆਲੂਆਂ ਦੀ ਫਸਲ ਦਾ ਭਾਅ ਕਿਸਾਨਾਂ ਨੂੰ ਖੇਤਾਂ ਵਿਚ 700-800 ਰੁਪਏ ਪ੍ਰਤੀ ਗੱਟਾ ਮਿਲਿਆ ਸੀ, ਜਦ ਕਿ ਸਟੋਰਾਂ ਵਿਚੋਂ ਇਸ ਸਾਲ ਆਲੂਆਂ ਦਾ ਗੱਟਾ 1500 ਰੁਪਏ ਤੋਂ ਵੱਧ ਵੀ ਵਿਕ ਗਿਆ ਸੀ।