ਲੋਕ ਭਾਜਪਾ ਦੇ ਹੱਕ ’ਚ ਹੋ ਰਹੇ ਨੇ ਲਾਮਬੰਦ : ਗੁਰਬਿੰਦਰ ਭਗਤਾ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਦੀ ਮੀਟਿੰਗ ਹੋਈ
Publish Date: Sat, 02 May 2026 04:33 PM (IST)
Updated Date: Sun, 03 May 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੂਬੇ ’ਚ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਦਾ ਬਿਗਲ ਵੱਜਦਿਆਂ ਹੀ ਰਾਜਨੀਤਕ ਧਿਰਾਂ ਤੇ ਚੋਣਾਂ ਲੜਨ ਦੇ ਚਾਹਵਾਨਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਹਲਕਾ ਰਾਮਪੁਰਾ ਫੂਲ ਦੀ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਬਕਾ ਜਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਦੀ ਅਗਵਾਈ ’ਚ ਸਥਾਨਕ ਸਹਿਰ ਵਿਖੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ। ਭਾਜਪਾ ਆਗੂ ਗੁਰਬਿੰਦਰ ਭਗਤਾ ਨੇ ਵਰਕਰਾਂ ਨਾਲ ਚੋਣਾਂ ਦੀ ਅਗਾਊਂ ਰਣਨੀਤੀ ’ਤੇ ਚਰਚਾ ਕਰਦੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਇਕੱਲਿਆਂ ਚੋਣ ਲੜੀ ਤੇ 18 ਫੀਸਦੀ ਵੋਟ ਹਾਸਲ ਕੀਤੇ ਸਨ। ਉਸ ਤੋਂ ਬਾਅਦ ਭਾਜਪਾ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਕੇਂਦਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਹਰ ਵਰਗ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਜਿਸ ਕਰਕੇ ਸੂਬੇ ਦੇ ਲੋਕ ਲਗਾਤਾਰ ਭਾਜਪਾ ਦੇ ਹੱਕ ‘ਚ ਲਾਮਬੰਦ ਹੋ ਰਹੇ ਹਨ। ਉਨ੍ਹਾਂ ਦਾਵਵਾ ਕੀਤਾ ਕੇ ਸੂਬੇ ਵਿਚ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਉਨ੍ਹਾਂ ਨੇ ਵਰਕਰਾਂ ਨੂੰ ਸਥਾਨਕ ਚੋਣਾਂ ਵਿਚ ਇਕਜੁੱਟ ਹੋ ਕੇ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਭਾਜਪਾ ਸਾਰੇ ਹੀ 13 ਵਾਰਡਾਂ ’ਚ ਚੋਣ ਲੜੇਗੀ। ਆਪਸੀ ਸਹਿਮਤੀ ਨਾਲ ਜਿੱਤ ਦੀ ਸਮਰੱਥਾ ਰੱਖਣ ਵਾਲੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਭੁੱਚੋ ਕਿਸਾਨ ਮੋਰਚਾ ਪ੍ਰਧਾਨ ਬੂਟਾ ਸਿੰਘ ਭਾਈਰੂਪਾ ਤੇ ਸਰਕਲ ਪ੍ਰਧਾਨ ਬਬਲੇਸ਼ ਕੁਮਾਰ ਬੌਬੀ ਸਿੰਗਲਾ ਨੇ ਵਰਕਰਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਵਨ ਕੁਮਾਰ ਗਰਗ, ਕਾਲਾ ਭਗਤਾ, ਜਗਸੀਰ ਸਿੰਘ ਪੱਪੂ, ਰਾਧੇ ਸ਼ਾਮ ਗੋਇਲ, ਸੁਖਮੰਦਰ ਸਿੰਘ ਮਿੰਟੂ ਪਲੰਬਰ, ਸਤਵੀਰ ਸਿੰਘ, ਸੁਖਚੈਨ ਸਿੰਘ ਧੁੰਨਾ, ਪੰਮੀ ਸਿਰਸਾ, ਕਿਰਨ ਸਿੰਘ ਤੇ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਹਾਜ਼ਰ ਸਨ।