ਪਦਮਜੀਤ ਮਹਿਤਾ ਦੇ ਮੇਅਰ ਬਣਨ ਦਾ ਰਾਸਤਾ ਸਾਫ਼, ਦੂਜੀ ਵਾਰ ਸਭ ਤੋਂ ਛੋਟੀ ਉਮਰ ਵਿੱਚ ਸੰਭਾਲਣਗੇ ਕਮਾਨ

-ਅਮਰਜੀਤ ਮਹਿਤਾ ਨੇ ਸ਼ਹਿਰ ਵਾਸੀਆਂ ਦਾ ਤਹਿਦਿਲੋਂ ਕੀਤਾ ਧੰਨਵਾਦ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਚੋਣਾਂ ’ਚ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸ਼ਹਿਰ ਦੀ ਰਾਜਨੀਤਕ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ। ਇਸ ਜਿੱਤ ਨਾਲ ਪਦਮਜੀਤ ਮਹਿਤਾ ਦੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਣਨ ਦਾ ਰਸਤਾ ਹੋਰ ਵੀ ਪੱਕਾ ਹੋ ਗਿਆ ਹੈ। ਚਰਚਾ ਇਹ ਵੀ ਹੈ ਕਿ ਉਹ ਇਕ ਵਾਰ ਫਿਰ ਸਭ ਤੋਂ ਘੱਟ ਉਮਰ ਵਿੱਚ ਦੂਜੀ ਵਾਰ ਮੇਅਰ ਬਣਨ ਦਾ ਰਿਕਾਰਡ ਆਪਣੇ ਨਾਮ ਕਰ ਸਕਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਸ਼ਹਿਰ ਭਰ ਵਿੱਚ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਮਹਿਤਾ ਗਰੁੱਪ ਦੇ ਹਮਾਇਤੀਆਂ ਵਿਚ ਜਸ਼ਨ ਦਾ ਮਾਹੌਲ ਹੈ। ਜਿੱਤ ਦੇ ਤੁਰੰਤ ਬਾਅਦ ਪਾਰਟੀ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸਮਰਥਕਾਂ ਨੇ ਇਕ-ਦੂਜੇ ਨੂੰ ਲੱਡੂ ਖੁਆ ਕੇ ਖੁਸ਼ੀ ਜ਼ਾਹਿਰ ਕੀਤੀ। ਸ਼ਹਿਰ ਦੇ ਕਈ ਇਲਾਕਿਆਂ ਵਿਚ ਜਿੱਤ ਦੀਆਂ ਵਧਾਈਆਂ ਦੇ ਪੋਸਟਰ ਅਤੇ ਬੈਨਰ ਵੀ ਲਗਣੇ ਸ਼ੁਰੂ ਹੋ ਗਏ ਹਨ। ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਇਸ ਮੌਕੇ ਵੱਡੀ ਜਿੱਤ ਲਈ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸ਼ਹਿਰ ਦੇ ਲੋਕਾਂ ਦੇ ਭਰੋਸੇ ਅਤੇ ਸਹਿਯੋਗ ਦਾ ਨਤੀਜਾ ਹੈ। ਅਮਰਜੀਤ ਮਹਿਤਾ ਨੇ ਭਰੋਸਾ ਦਿਵਾਇਆ ਕਿ ਉਹ ਪਹਿਲਾਂ ਵਾਂਗ ਹੀ ਲੋਕਾਂ ਨਾਲ ਖੜ੍ਹੇ ਰਹਿਣਗੇ ਅਤੇ ਹਰ ਸਮੱਸਿਆ ਦਾ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਬਠਿੰਡਾ ਨੂੰ ਵਿਕਾਸ ਅਤੇ ਤਰੱਕੀ ਦੇ ਪੱਖੋਂ ਦੇਸ਼ ਦੇ ਨਕਸ਼ੇ ’ਤੇ ਵਿਸ਼ੇਸ਼ ਪਛਾਣ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ। ਸਫਾਈ ਪ੍ਰਬੰਧਾਂ ਵਿੱਚ ਸੁਧਾਰ, ਬੁਨਿਆਦੀ ਢਾਂਚੇ ਦਾ ਵਿਕਾਸ, ਸੜਕਾਂ ਦੀ ਮੁਰੰਮਤ, ਪਾਣੀ ਅਤੇ ਸੀਵਰੇਜ ਸਿਸਟਮ ਨੂੰ ਮਜ਼ਬੂਤ ਕਰਨ ਵਰਗੇ ਮੁੱਦੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਸ਼ਹਿਰ ਦੇ ਨੌਜਵਾਨਾਂ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਸਹੀ ਦਿਸ਼ਾ ਮਿਲ ਸਕੇ। ਅਮਰਜੀਤ ਮਹਿਤਾ ਨੇ ਕਿਹਾ ਕਿ ਬਠਿੰਡਾ ਨੂੰ ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ। ਦੂਜੇ ਪਾਸੇ ਪਦਮਜੀਤ ਮਹਿਤਾ ਦੇ ਸੰਭਾਵਿਤ ਮੇਅਰ ਬਣਨ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਘਰ ਵਿੱਚ ਮੇਲੇ ਵਰਗਾ ਮਾਹੌਲ ਬਣ ਗਿਆ। ਸਮਰਥਕਾਂ ਦੀ ਭਾਰੀ ਭੀੜ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਇਕੱਠੀ ਹੋਈ ਅਤੇ ਢੋਲ-ਨਗਾਰਿਆਂ ਦੀ ਧੁਨ ’ਤੇ ਜਸ਼ਨ ਮਨਾਇਆ। ਪਰਿਵਾਰਕ ਮੈਂਬਰਾਂ ਤੇ ਕਰੀਬੀ ਸਹਿਯੋਗੀਆਂ ਵੱਲੋਂ ਵੀ ਖੁਸ਼ੀ ਜ਼ਾਹਿਰ ਕੀਤੀ ਗਈ। ਸ਼ਹਿਰ ਵਿੱਚ ਚਰਚਾ ਹੈ ਕਿ ਨਵੇਂ ਮੇਅਰ ਦੀ ਚੋਣ ਤੋਂ ਬਾਅਦ ਬਠਿੰਡਾ ਨਿਗਮ ’ਚ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲ ਸਕਦੀ ਹੈ। ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਸੂਰਤ-ਏ-ਹਾਲਤ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ।