ਆਕਸਫੋਰਡ ਦੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ’ਤੇ ਵਿਚਾਰ ਚਰਚਾ ਕੀਤੀ

-ਸੰਤ ਰਾਮ ਉਦਾਸੀ ਦੀ ਸਤਰ ‘ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ’ ਨੂੰ ਕੀਤਾ ਯਾਦ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਮਜ਼ਦੂਰ ਦਿਵਸ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ, ਜੋ ਮਿਹਨਤੀ ਵਰਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੇ ਪਸੀਨੇ ਨਾਲ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ ਹਨ। ਸੰਤ ਰਾਮ ਉਦਾਸੀ ਦੀ ਲਾਈਨ “ਮੱਘਦਾ ਰਹੀ ਵੇ ਸੂਰਜਾ, ਕੰਮੀਆ ਦੇ ਵਿਹੜੇ” ਮਜ਼ਦੂਰਾਂ ਦੀ ਉਮੀਦ ਅਤੇ ਹੱਕਾਂ ਦੀ ਆਵਾਜ਼ ਹੈ। ਸਾਨੂੰ ਮਜ਼ਦੂਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਮਜ਼ਦੂਰ ਦਿਵਸ ਸਬੰਧੀ ਇਲਾਕੇ ਦੇ ਨਾਮਵਰ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਵਿਚਾਰ ਚਰਚਾ ਕੀਤੀ ਗਈ।
-ਬਾਕਸ-
-ਮਜ਼ਦੂਰਾਂ ਦੀ ਕਰਨੀ ਚਾਹੀਦੀ ਹੈ ਇੱਜ਼ਤ
ਵਿਦਿਆਰਥਣ ਦੀਆਂ ਪਿੰਡ ਭਗਤਾ ਭਾਈਕਾ ਜਮਾਤ 10ਵੀਂ ਨੇ ਕਿਹਾ ਕਿ ਮਜ਼ਦੂਰ ਸਮਾਜ ਲਈ ਬਹੁਤ ਮਹੱਤਵਪੂਰਨ ਹਨ। ਉਹ ਆਪਣੇ ਸਾਰੇ ਕੰਮ ਕਰਦੇ ਹਨ। ਪਰ ਫਿਰ ਵੀ ਸਮਾਜ ਵਿਚ ਉਨ੍ਹਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਬੈਠ ਕੇ ਗੱਲ ਕਰਨੀ ਵੀ ਸਮਾਜ ਵੱਲੋਂ ਮਾੜਾ ਸਮਝਿਆ ਜਾਂਦਾ ਹੈ। ਲੋਕਾਂ ਦਾ ਕੰਮ ਮਜ਼ਦੂਰਾਂ ਨਾਲ ਹੀ ਚੱਲਦਾ ਹੈ ਪਰ ਲੋਕਾਂ ਨੂੰ ਮਜ਼ਦੂਰਾਂ ਦੀ ਕਦਰ ਨਹੀਂ ਹੈ। ਜ਼ਿਆਦਾਤਰ ਮਜ਼ਦੂਰਾਂ ਨਾਲ ਛੂਤ-ਅਛੂਤ ਕੀਤੀ ਜਾਂਦੀ ਹੈ। ਜਿਵੇਂ ਕਿ ਉਨ੍ਹਾਂ ਨੂੰ ਅਲੱਗ ਭਾਂਡਿਆਂ ਵਿਚ ਖਾਣਾ ਦਿੱਤਾ ਜਾਂਦਾ ਹੈ। ਲੋਕ ਉਨ੍ਹਾਂ ਨੂੰ ਇੱਜ਼ਤ ਨਾਲ ਨਹੀਂ ਬੁਲਾਉਂਦੇ ਤੇ ਹਮੇਸ਼ਾਂ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਹਨ। ਸਾਨੂੰ ਮਜ਼ਦੂਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੇ ਲਹਿਜੇ ਨਾਲ ਬੁਲਾਉਣਾ ਚਾਹੀਦਾ ਹੈ। ਉਨ੍ਹਾਂ ਨਾਲ ਗੱਲ ਕਰਨ ’ਤੇ ਸ਼ਰਮਿੰਦਾ ਨਹੀਂ ਸਗੋਂ ਮਾਣ ਹੋਣਾ ਚਾਹੀਦਾ ਹੈ।
-ਬਾਕਸ-
-ਮਜ਼ਦੂਰਾਂ ਲਈ ਸਰਕਾਰ ਨੂੰ ਚੁੱਕਣੇ ਚਾਹੀਦੇ ਹਨ ਕਈ ਅਹਿਮ ਕਦਮ
ਕੁਸ਼ਾਗਰ ਬਾਂਸਲ ਪਿੰਡ ਭਗਤਾ ਭਾਈਕਾ ਜਮਾਤ 10ਵੀਂ ਦਾ ਕਹਿਣਾ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਸਮੇਂ ਦੇ ਨਾਲ-ਨਾਲ ਤਰੱਕੀ ਹੋ ਰਹੀ ਹੈ, ਨਵੀਂ ਤਕਨਾਲੋਜੀ ਆ ਰਹੀ ਹੈ ਅਤੇ ਇਸ ਤਕਨਾਲੋਜੀ ਦੀ ਬਦੌਲਤ ਮਸ਼ੀਨੀਕਰਨ ਵਿਚ ਵਾਧਾ ਹੋ ਰਿਹਾ ਹੈ। ਇਸ ਮਸ਼ੀਨੀਕਰਨ ਨਾਲ ਸਮੇਂ ਦੀ ਬੱਚਤ ਅਤੇ ਹੋਰ ਵੀ ਕਈ ਲਾਭ ਹੋਏ ਹਨ ਪਰ ਕਈ ਲੋਕਾਂ ਦਾ ਰੁਜ਼ਗਾਰ ਇਨ੍ਹਾਂ ਮਸ਼ੀਨਾਂ ਨੇ ਖੋਹ ਲਿਆ ਹੈ। ਅਸੀਂ ਜਾਣਦੇ ਹਾਂ ਕਿ ਮਜ਼ਦੂਰਾਂ ਬਿਨਾਂ ਕੋਈ ਵੀ ਮਕਾਨ, ਫੈਕਟਰੀਆਂ ਜਾਂ ਵੱਡੀਆਂ-ਵੱਡੀਆਂ ਇਮਾਰਤਾਂ ਆਦਿ ਨਹੀਂ ਬਣ ਸਕਦੀਆਂ। ਪੁਰਾਣੇ ਸਮੇਂ ਵਿਚ ਮਜ਼ਦੂਰ ਹੀ ਸਾਰਾ ਕੰਮ ਕਰਦੇ ਸਨ ਪਰ ਅੱਜ ਦੇ ਸਮੇਂ ਵਿਚ ਮਜ਼ਦੂਰਾਂ ਦੇ ਕੰਮ ਮਸ਼ੀਨਾਂ ਕਰ ਰਹੀਆਂ ਹਨ ਭਾਵ ਮਜ਼ਦੂਰਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ। ਇਕ ਮਜ਼ਦੂਰ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਮਜ਼ਦੂਰੀ ਕਰਦਾ ਹੈ ਪਰ ਮਸ਼ੀਨਾਂ ਕਾਰਨ ਮਜ਼ਦੂਰ ਬੇਰੁਜ਼ਗਾਰ ਹੋ ਰਹੇ ਹਨ। ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਭੁੱਖੇ ਰਹਿੰਦੇ ਹਨ ਅਤੇ ਸਕੂਲ ਨਹੀਂ ਜਾ ਪਾਉਂਦੇ। ਉਨ੍ਹਾਂ ਦੇ ਬੁੱਢੇ ਮਾਤਾ-ਪਿਤਾ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਪਾਉਂਦੇ। ਮਜ਼ਦੂਰਾਂ ਲਈ ਸਰਕਾਰ ਨੂੰ ਕਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਨੂੰ ਨੌਕਰੀਆਂ ਜਾਂ ਆਰਥਿਕ ਮਦਦ ਕਰਨੀ ਚਾਹੀਦੀ ਹੈ।
-ਬਾਕਸ-
-ਦੇਸ਼ ਦੀ ਤਰੱਕੀ 'ਚ ਮਜ਼ਦੂਰਾਂ ਦਾ ਹੁੰਦਾ ਹੈ ਵੱਡਾ ਯੋਗਦਾਨ
ਸੁਖਮਨੀ ਸਿੱਧੂ ਪਿੰਡ ਭਗਤਾ ਭਾਈਕਾ ਜਮਾਤ 10ਵੀਂ ਦਾ ਕਹਿਣਾ ਹੈ ਕਿ ਦੇਸ਼ ਦੀ ਤਰੱਕੀ ਵਿਚ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮਜ਼ਦੂਰ ਬਹੁਤ ਮਿਹਨਤ ਕਰਦੇ ਹਨ, ਜਿਸ ਕਰਕੇ ਹੁਣ ਸਾਡਾ ਦੇਸ਼ ਬਹੁਤ ਵਿਕਸਿਤ ਹੋ ਰਿਹਾ ਹੈ। ਸਾਨੂੰ ਜਿਉਣ ਲਈ ਅਨਾਜ ਚਾਹੀਦਾ ਹੈ, ਉਸ ਨੂੰ ਮਿਹਨਤ ਨਾਲ ਕਿਸਾਨ ਅਤੇ ਮਜ਼ਦੂਰ ਹੀ ਉਗਾਉਂਦੇ ਹਨ। ਵੱਡੀਆਂ-ਵੱਡੀਆਂ ਫੈਕਟਰੀਆਂ ਵਿਚ ਮਜ਼ਦੂਰ ਹੀ ਹੁੰਦੇ ਹਨ, ਜੋ ਸਿਹਤ ਦੀ ਚਿੰਤਾ ਕੀਤੇ ਬਿਨ੍ਹਾਂ ਜ਼ਰੂਰੀ ਸਾਮਾਨ ਬਣਾਉਂਦੇ ਹਨ। ਅਸੀਂ ਜੀਵਨ ਭਰ ਉਨ੍ਹਾਂ ਦੇ ਬਣਾਏ ਘਰ ਵਿਚ ਰਹਿੰਦੇ ਹਾਂ। ਇਸ ਲਈ ਸਾਨੂੰ ਮਜ਼ਦੂਰਾਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਦੇਸ਼ ਦੀ ਤਰੱਕੀ ਵਿਚ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ।
-ਬਾਕਸ-
-ਮਜ਼ਦੂਰੀ ਕਰਨਾ ਸ਼ੌਕ ਨਹੀਂ, ਸਗੋਂ ਮਜਬੂਰੀ ਬਣ ਜਾਂਦਾ ਹੈ
ਸਾਹਿਲ ਪਵਾਰ ਪਿੰਡ ਭਗਤਾ ਭਾਈਕਾ ਜਮਾਤ 10ਵੀਂ ਨੇ ਕਿਹਾ ਕਿ ਸਾਡੇ ਦੇਸ਼ ਦੀ ਬਹੁਤ ਵੱਡੀ ਅਬਾਦੀ ਮਜ਼ਦੂਰੀ ਕਰਦੀ ਹੈ। ਇਹ ਮਜ਼ਦੂਰੀ ਕਰਨਾ ਇਨ੍ਹਾਂ ਦਾ ਸ਼ੌਂਕ ਨਹੀਂ ਇਕ ਮਜ਼ਬੂਰੀ ਹੈ। ਜਿਨ੍ਹਾਂ ਨੂੰ ਆਪਣੀ ਸਿੱਖਿਆ ਘੱਟ ਹੋਣ ਕਾਰਨ ਕੋਈ ਨੌਕਰੀ ਨਹੀਂ ਮਿਲਦੀ, ਉਹ ਅਕਸਰ ਮਜ਼ਦੂਰੀ ਕਰਨ ਲੱਗ ਪੈਂਦੇ ਹਨ। ਉਹ ਬਹੁਤ ਹੀ ਨਿੱਕੀ ਆਮਦਨ ’ਤੇ ਆਪਣੇ ਘਰ ਚਲਾਉਂਦੇ ਹਨ। ਪਰ ਉਨ੍ਹਾਂ ਦੀ ਇਸ ਗੱਲ ਦਾ ਫਾਇਦਾ ਚੁੱਕਿਆ ਜਾਂਦਾ ਹੈ। ਲੋਕ ਮਜਦੂਰਾਂ ਨੂੰ ਉਨ੍ਹਾਂ ਦੇ ਕੰਮ ਦੀ ਸਹੀ ਕੀਮਤ ਨਹੀਂ ਦਿੰਦੇ। ਸਰਕਾਰ ਨੂੰ ਉਨ੍ਹਾਂ ਦੇ ਹਿੱਤ ਵਿਚ ਕੁਝ ਕਾਨੂੰਨ ਬਣਾਉਣੇ ਚਾਹੀਦੇ ਹਨ। ਜਿਵੇਂ ਕਿ ਦਿਨ ਵਿਚ ਕੇਵਲ ਅੱਠ ਘੰਟੇ ਹੀ ਕੰਮ ਕਰਵਾਇਆ ਜਾਵੇ ਅਤੇ ਉਨ੍ਹਾਂ ਦੀ ਮਜ਼ਦੂਰੀ ਦਾ ਇਕ ਪੱਕਾ ਮੁੱਲ ਤੈਅ ਕੀਤਾ ਜਾਵੇ ਜੋ ਉਨ੍ਹਾਂ ਨੂੰ ਪ੍ਰਤੀ ਦਿਨ ਮਿਲੇ। ਕਾਰਲ ਮਾਰਕਸ ਨੇ ਕਿਹਾ ਸੀ ਕਿ ਮਜ਼ਦੂਰ ਨੂੰ ਉਸਦੀ ਮਜ਼ਦੂਰੀ ਉਸਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ।
-ਬਾਕਸ-
-ਮਜ਼ਦੂਰ ਹਰ ਦੁੱਖ-ਸੁੱਖ 'ਚ ਕਿਸਾਨ ਨਾਲ ਖੜ੍ਹਾ ਰਹਿੰਦਾ ਹੈ
ਸ਼ਰੇਆ ਜਮਾਤ 10ਵੀਂ ਪਿੰਡ ਭਗਤਾ ਭਾਈਕਾ ਨੇ ਕਿਹਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਾਂ ਨੂੰ ਖਾਣ-ਪੀਣ ਲਈ ਭੋਜਨ, ਅਨਾਜ ਚਾਹੀਦਾ ਹੈ ਤੇ ਉਹ ਅਨਾਜ ਉਗਾਉਂਦਾ ਕੌਣ ਹੈ? ਅਨਾਜ ਦੇ ਉਗਾਉਣ ਵਿਚ ਸਭ ਤੋਂ ਵੱਡਾ ਯੋਗਦਾਨ ਕਿਸਾਨ ਤੇ ਮਜ਼ਦੂਰ ਦਾ ਹੁੰਦਾ ਹੈ। ਮਜ਼ਦੂਰ ਕਦੇ ਵੀ ਆਪਣੀ ਬਿਮਾਰੀ ਦਾ ਖਿਆਲ ਨਹੀਂ ਕਰਦਾ। ਉਸ ਦੇ ਦਿਮਾਗ ਵਿਚ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਉਸਨੇ ਕੰਮ ’ਤੇ ਜਾਣਾ ਹੈ। ਫ਼ਸਲ ਦੀ ਦੇਖਭਾਲ ਕਰਨੀ ਹੈ। ਉਹ ਕਦੇ ਸਰਦੀ, ਗਰਮੀ, ਧੁੱਪ, ਦਿਨ-ਰਾਤ ਕਦੇ ਨਹੀਂ ਦੇਖਦਾ ਉਸ ਦਾ ਧਿਆਨ ਫਸਲ ਨੂੰ ਸਾਂਭਣ ਵਿਚ ਹੁੰਦਾ ਹੈ। ਕਈ ਵਾਰ ਤਾਂ ਫਸਲ ਨੂੰ ਪਾਣੀ ਲਗਾਉਣ ਲਈ ਉਹ ਰਾਤ ਦੇ ਦੋ-ਦੋ ਵਜੇ ਉੱਠ ਕੇ ਫਸਲ ਨੂੰ ਪਾਣੀ ਲਾਉਣ ਜਾਂਦੇ ਹਨ। ਮਜ਼ਦੂਰ ਹਰ ਦੁੱਖ-ਸੁੱਖ ਵਿਚ ਕਿਸਾਨ ਨਾਲ ਖੜ੍ਹਾ ਰਹਿੰਦਾ ਹੈ। ਉਸ ਦੀ ਸੱਜੀ ਬਾਂਹ ਬਣ ਕੇ ਉਸ ਦਾ ਸਾਥ ਨਿਭਾਉਂਦਾ ਹੈ।
-ਬਾਕਸ-
-ਮਜ਼ਦੂਰਾਂ ਦੀ ਕਦਰ ਕਰਨਾ ਸਿੱਖੋ
ਅਰਨਵ ਗੋਇਲ ਪਿੰਡ ਭਗਤਾ ਭਾਈਕਾ ਕਲਾਸ 10ਵੀਂ ਦਾ ਕਹਿਣਾ ਹੈ ਕਿ ਮਜ਼ਦੂਰ ਸਾਡੇ ਸਮਾਜ ਦਾ ਉਹ ਹਿੱਸਾ ਹਨ, ਜਿਨ੍ਹਾਂ ਬਿਨ੍ਹਾਂ ਸਾਡੀ ਤਰੱਕੀ ਅਸੰਭਵ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਕੰਪਨੀਆਂ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਬਣਦੀਆਂ ਹਨ। ਇਨ੍ਹਾਂ ਕੰਪਨੀਆਂ ਵਿੱਚੋਂ ਵੱਡੇ ਲੋਕ ਪੈਸਾ ਕਮਾਉਂਦੇ ਹਨ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਇਸ ਤਰੱਕੀ ਵਿਚ ਬਹੁਤ ਵੱਡਾ ਹੱਥ ਮਜ਼ਦੂਰਾਂ ਦਾ ਹੈ। ਇਹ ਕੰਪਨੀਆਂ, ਇਮਾਰਤਾਂ ਸਾਡੀ ਤਰੱਕੀ ਦਾ ਨਮੂਨਾ ਹਨ ਤੇ ਇਹ ਤਰੱਕੀ ਮਜ਼ਦੂਰ ਬਿਨਾਂ ਅਸੰਭਵ ਹੈ। ਮਜ਼ਦੂਰ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਕਰਕੇ ਮਜ਼ਦੂਰਾਂ ਦੀ ਕਦਰ ਕਰਨਾ ਸਿੱਖੋ।