ਆਕਸਫੋਰਡ ਦੀਆਂ ਵਿਦਿਆਰਥਣਾਂ ਨੇ ਮਾਂ ਦਿਵਸ ’ਤੇ ਚਰਚਾ ਕੀਤੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਇਲਾਕੇ ਦੇ ਨਾਮਵਰ ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਵਿਖੇ ਮਾਂ ਦਿਵਸ ਸਬੰਧੀ ਸਕੂਲੀ ਵਿਦਿਆਰਥਣਾਂ ਵਿਚ ਵਿਚਾਰ ਚਰਚਾ ਕਰਵਾਈ। ਭਾਵੇਂ ਮਾਂ ਦੇ ਸਤਿਕਾਰ ਲਈ ਹਰ ਦਿਨ ਵਿਸ਼ੇਸ਼ ਹੁੰਦਾ ਹੈ ਪਰ ਫਿਰ ਵੀ ਮਾਂ ਦਿਵਸ ਹਰ ਸਾਲ ਮਈ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੇ ਪਿਆਰ, ਤਿਆਗ ਅਤੇ ਸੇਵਾ ਨੂੰ ਸਤਿਕਾਰ ਦੇਣ ਲਈ ਵਿਸ਼ੇਸ਼ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ ਤੋਹਫ਼ੇ, ਕਾਰਡ ਅਤੇ ਫੁੱਲ ਦੇ ਕੇ ਪਿਆਰ ਪ੍ਰਗਟ ਕਰਦੇ ਹਨ। ਮਾਂ ਦਾ ਸਥਾਨ ਦੁਨੀਆ ਵਿੱਚ ਸਭ ਤੋਂ ਉੱਚਾ ਹੈ। ਸਾਨੂੰ ਹਰ ਦਿਨ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸਦੀ ਸੇਵਾ ਕਰਨੀ ਚਾਹੀਦੀ ਹੈ।
-ਬਾਕਸ-
-ਮਾਂ ਨਾਲ ਇਕ ਕਾਲਪਨਿਕ ਗੱਲਬਾਤ
ਜੀਨਤ ਬਾਵਾ ਕਲਿਆਣ ਸੁੱਖਾ ਕਲਾਸ 11ਵੀਂ ਦਾ ਕਹਿਣਾ ਹੈ ਕਿ ਕਈ ਵਾਰੀ ਦਿਲ ਵਿੱਚ ਅਜਿਹਾ ਸੁੰਨਾਪਣ ਹੋ ਜਾਂਦਾ ਹੈ ਕਿ ਬੋਲਣ ਲਈ ਕੋਈ ਨਹੀਂ ਮਿਲਦਾ। ਉਸ ਵੇਲੇ ਦਿਮਾਗ ਨਹੀਂ, ਦਿਲ ਗੱਲ ਕਰਦਾ ਹੈ, ਤੇ ਮੇਰੇ ਦਿਲ ਵਿੱਚ ਸਭ ਤੋਂ ਪਹਿਲਾਂ ਜੋ ਆਵਾਜ਼ ਆਉਂਦੀ ਹੈ, ਉਹ ਮੇਰੀ ਮਾਂ ਦੀ ਹੁੰਦੀ ਹੈ। ਦਿਲ ਕਹਿੰਦਾ ਹੈ (ਜਿਵੇਂ ਮਾਂ ਦੀ ਆਵਾਜ਼ ਹੋਵੇ) ਕਿ ਮੈਂ ਅੱਜ ਵੀ ਤੇਰੇ ਨਾਲ ਹਾਂ ਪੁੱਤ... ਦੱਸ ਕੀ ਹੋਇਆ ਹੈ ? ਮੇਰੀਆਂ ਅੱਖਾਂ ਆਪਣੇ ਆਪ ਭਰ ਆਉਂਦੀਆਂ ਹਨ, ਮਾਂ ਕਈ ਵਾਰ ਮੈਂ ਬਹੁਤ ਥੱਕ ਜਾਂਦੀ ਹਾਂ, ਲੋਕਾਂ ਦੇ ਸਾਹਮਣੇ ਹੱਸਣਾ ਪੈਂਦਾ ਹੈ ਪਰ ਦਿਲ ਰੋਂਦਾ ਰਹਿੰਦਾ ਹੈ। ਮੈਂ ਸੋਚਦੀ ਹਾਂ ਕਿ ਮਾਂ ਜੇ ਤੂੰ ਹੁੰਦੀ ਤਾਂ ਮੈਨੂੰ ਇਕੱਲਾ ਮਹਿਸੂਸ ਨਾ ਹੁੰਦਾ। ਉਸਦੀ ਆਵਾਜ਼ ਦਿਲ ਚੋਂ ਫਿਰ ਆਉਂਦੀ ਹੈ ਕਿ ਪੁੱਤ ਤੂੰ ਇਕੱਲੀ ਨਹੀਂ ਹੈਂ, ਮੈਂ ਤੇਰੇ ਹਰ ਪਲ ਨਾਲ ਹਾਂ। ਜਦੋਂ ਤੂੰ ਹੱਸਦੀ ਹੈਂ, ਮੈਂ ਤੇਰੇ ਨਾਲ ਹੱਸਦੀ ਹਾਂ, ਜਦੋਂ ਤੂੰ ਦੁਖੀ ਹੁੰਦੀ ਹੈਂ ਤਾਂ ਮੈਂ ਨਾਲ ਖੜ੍ਹੀ ਹੁੰਦੀ ਹਾਂ। ਅਖ਼ੀਰ ਵਿੱਚ ਮੈਂ ਹੌਲੀ ਜਿਹੀ ਅਵਾਜ਼ ’ਚ ਕਹਿੰਦੀ ਹਾਂ, “ਮਾਂ ਮੈਂ ਤੈਨੂੰ ਬਹੁਤ ਯਾਦ ਕਰਦੀ ਹਾਂ।” ਫਿਰ ਜਿਵੇਂ ਹਵਾ ’ਚੋਂ ਜਵਾਬ ਆਉਂਦਾ ਹੈ ਕਿ ਮੈਂ ਕਦੇ ਵੀ ਤੈਥੋਂ ਦੂਰ ਨਹੀਂ ਗਈ, ਜਿੱਥੇ ਪਿਆਰ ਹੁੰਦਾ ਹੈ, ਉੱਥੇ ਮੈਂ ਹੁੰਦੀ ਹਾਂ। ਉਸ ਪਲ ਮੈਨੂੰ ਸਮਝ ਆ ਜਾਂਦੀ ਹੈ ਕਿ ਮਾਂ ਸਿਰਫ਼ ਸਾਡੇ ਨਾਲ ਰਹਿ ਕੇ ਨਹੀਂ, ਸਾਡੇ ਦਿਲ ਵਿੱਚ ਰਹਿ ਕੇ ਵੀ ਸਾਡੇ ਨਾਲ ਹੁੰਦੀ ਹੈ। ਇਹ ਕਾਲਪਨਿਕ ਗੱਲਬਾਤ ਮੇਰੀ ਸੋਚ ਨਹੀਂ, ਮੇਰੇ ਦਿਲ ਦੀ ਆਵਾਜ਼ ਹੈ ਕਿਉਂਕਿਮਾਂ ਨਾਲ ਰਿਸ਼ਤਾ ਕਦੇ ਖ਼ਤਮ ਨਹੀਂ ਹੁੰਦਾ। ਇਹ ਕਾਲਪਨਿਕ ਗੱਲਬਾਤ ਹੀ ਮੇਰੇ ਜਿਉਣ ਦਾ ਸਹਾਰਾ ਹੈ।
-ਬਾਕਸ-
-ਡਿਜੀਟਲ ਯੁੱਗ ’ਚ ਮਾਂ ਦੀ ਹੈ ਅਹਿਮ ਭੂਮਿਕਾ
ਹਰਸ਼ਦੀਪ ਕੌਰ ਕਲਿਆਣ ਸੁੱਖਾ ਕਲਾਸ ਨੌਵੀਂ ਨੇ ਕਿਹਾ ਕਿ ਅੱਜ ਦਾ ਯੁੱਗ ਡਿਜੀਟਲ ਹੈ। ਮੋਬਾਈਲ ਫੋਨ, ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਇਸ ਬਦਲਾਅ ਦੇ ਸਮੇਂ ’ਚ ਮਾਂ ਦੀ ਭੂਮਿਕਾ ਹੋਰਵੀ ਮਹੱਤਵਪੂਰਨ ਬਣ ਗਈ ਹੈ। ਮਾਂ ਸਿਰਫ਼ ਘਰ ਸੰਭਾਲਣ ਵਾਲੀ ਨਹੀਂ ਰਹੀ, ਬਲਕਿ ਉਹ ਆਪਣੇ ਬੱਚਿਆਂ ਦੀ ਅਧਿਆਪਕ ਤੇ ਦੋਸਤ ਵੀ ਬਣ ਗਈ ਹੈ। ਸਭ ਤੋਂ ਪਹਿਲਾਂ ਮਾਂ ਬੱਚਿਆਂ ਨੂੰ ਡਿਜੀਟਲ ਸਾਧਨਾਂ ਦਾ ਸਹੀ ਇਸਤੇਮਾਲ ਕਰਨਾ ਸਿਖਾਉਂਦੀ ਹੈ। ਅੱਜਕੱਲ੍ਹ ਬੱਚੇ ਛੋਟੀ ਉਮਰ ਤੋਂ ਹੀ ਮੋਬਾਈਲ ਅਤੇ ਇੰਟਰਨੈੱਟ ਵਰਤਣ ਲੱਗ ਪੈਂਦੇ ਹਨ। ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਬੱਚਿਆਂ ਨੂੰ ਸਿਖਾਏ ਕਿ ਇੰਟਰਨੈੱਟ ਸਿੱਖਣ ਲਈ ਹੈ, ਨਾ ਕਿ ਸਮਾਂ ਬਰਬਾਦ ਕਰਨ ਲਈ। ਉਹ ਬੱਚਿਆਂ ਨੂੰ ਆਨਲਾਈਨ ਪੜ੍ਹਾਈ, ਗਿਆਨਵਰਧਕ ਵੀਡੀਓ ਦੇਖਣ ਵੱਲ ਪ੍ਰੇਰਿਤ ਕਰਦੀ ਹੈ। ਦੂਜਾ, ਮਾਂ ਬੱਚਿਆਂ ਦੀ ਸੁਰੱਖਿਆ ਕਰਦੀ ਹੈ। ਡਿਜੀਟਲ ਦੁਨੀਆਂ ’ਚ ਚੰਗੀਆਂ ਚੀਜ਼ਾਂ ਦੇ ਨਾਲ ਕੁਝ ਖ਼ਤਰੇ ਵੀ ਹੁੰਦੇ ਹਨ। ਮਾਂ ਬੱਚਿਆਂ ਨੂੰ ਅਣਜਾਣ ਲੋਕਾਂ ਨਾਲ ਗੱਲਬਾਤ ਨਾ ਕਰਨ, ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਤੇ ਸੋਸ਼ਲ ਮੀਡੀਆ ਦਾ ਸਾਵਧਾਨੀ ਨਾਲ ਇਸਤੇਮਾਲ ਕਰਨ ਆਦਿ ਬਾਰੇ ਸਿਖਾਉਂਦੀ ਹੈ। ਇਸ ਤਰ੍ਹਾਂ ਮਾਂ ਬੱਚਿਆਂ ਦੀ ਆਨਲਾਈਨ ਸੁਰੱਖਿਆ ਦੀ ਰਖਵਾਲੀ ਕਰਦੀ ਹੈ। ਤੀਜਾ , ਮਾਂ ਬੱਚਿਆਂ ਵਿੱਚ ਸੰਤੁਲਨ ਬਣਾਉਂਦੀ ਹੈ। ਮਾਂ ਇਹ ਯਕੀਨੀ ਬਣਾਉਂਦੀ ਹੈ ਕਿ ਬੱਚੇ ਖੇਡਣ, ਕਿਤਾਬਾਂ ਪੜ੍ਹਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ। ਉਹ ਬੱਚਿਆਂ ਦਾ ਡਿਜੀਟਲ ਅਤੇ ਅਸਲ ਜ਼ਿੰਦਗੀ ਵਿਚਕਾਰ ਸੰਤੁਲਨ ਬਣਾਉਂਦੀ ਹੈ। ਆਨਲਾਈਨ ਕਲਾਸਾਂ, ਹੋਮਵਰਕ ਵਿੱਚ ਮਾਂ ਬੱਚਿਆਂ ਦੀਸਹਾਇਕ ਬਣਦੀ ਹੈ। ਅਖ਼ੀਰ ਵਿੱਚ ਕਹਿ ਸਕਦੇ ਹਾਂ ਕਿ ਡਿਜੀਟਲ ਯੁੱਗ ਵਿੱਚ ਮਾਂ ਦੀ ਭੂਮਿਕਾ ਬਹੁਤਵਿਸ਼ਾਲ ਹੋ ਗਈ ਹੈ। ਉਹ ਬੱਚਿਆਂ ਨੂੰ ਸਿਰਫ਼ ਪਿਆਰ ਹੀ ਨਹੀਂ ਦਿੰਦੀ ਬਲਕਿ ਉਹਨਾਂ ਨੂੰ ਸਹੀ ਦਿਸ਼ਾ ਵੀਦਿੰਦੀ ਹੈ। ਮਾਂ ਉਹ ਰੱਬ ਹੁੰਦੀ ਹੈ ਜੋ ਸਾਨੂੰ ਬਿਨ੍ਹਾਂ ਵੇਖੇ ਹੀ ਸਭ ਸਮਝ ਲੈਂਦੀ ਹੈ।
-ਬਾਕਸ-
-ਮਾਂ ਬਿਨਾਂ ਬੱਚਿਆਂ ਦਾ ਜੀਵਨ ਹੈ ਅਧੂਰਾ
ਹਰਸਿਮਰਤ ਕੌਰ ਬਰਾੜ ਘਣੀਆਂ ਕਲਾਸ- ਨੌਵੀਂ ਨੇ ਮਾਂ ਦੇ ਲਈ ਇੱਕ ਖ਼ਤ ਲਿਖਦੇ ਕਿਹਾ ਕਿ ਪਿਆਰੀ ਮਾਂ, ਸਤਿ ਸ੍ਰੀ ਅਕਾਲ। ਤੁਸੀਂ ਮੇਰੇ ਲਈ ਸਭ ਤੋਂ ਪਿਆਰੀ ਅਤੇ ਅਨਮੋਲ ਹੋ। ਤੁਹਾਡਾ ਪਿਆਰ, ਸਹਾਰਾ ਅਤੇ ਮਿਹਨਤ ਮੇਰੇ ਜੀਵਨ ਨੂੰ ਸੁੰਦਰ ਬਣਾਉਂਦੇ ਹਨ। ਤੁਸੀਂ ਹਰ ਵੇਲੇ ਮੇਰੀ ਖੁਸ਼ੀ ਲਈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰ ਦਿੰਦੇ ਹੋ। ਤੁਹਾਡੀ ਮੁਸਕਾਨ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਹੈ। ਤੁਹਾਡੀਆਂ ਸਿੱਖਿਆਵਾਂ ਮੈਨੂੰ ਇਕ ਚੰਗਾ ਇਨਸਾਨ ਬਣਾਉਦੀਆਂ ਹਨ। ਤੁਹਾਡੇ ਬਿਨਾਂ ਮੇਰਾ ਜੀਵਨ ਅਧੂਰਾ ਹੈ। ਮੈਂ ਹਮੇਸ਼ਾਂ ਚਾਹਾਂਗੀ ਕਿ ਮੈਂ ਤੁਹਾਡਾ ਨਾਮ ਰੌਸ਼ਨ ਕਰਾਂ। ਰੱਬ ਕਰੇ ਤੁਸੀਂ ਹਮੇਸ਼ਾਂ ਖੁਸ਼, ਤੰਦਰੁਸਤ ਅਤੇ ਲੰਮੀ ਉਮਰ ਵਾਲੇ ਰਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਤੁਹਾਡਾ ਪਿਆਰ ਅਤੇ ਸਹਾਰਾ ਮੇਰੇ ਲਈ ਬਹੁਤ ਕੀਮਤੀ ਹੈ। ਤੁਹਾਡੀ ਪਿਆਰੀ ਧੀ।
-ਬਾਕਸ-
-ਮਾਂ ਦੀ ਸਿੱਖਿਆ ਤੇ ਉਸ ਦਾ ਅਸਰ
ਪਰਨੀਤ ਕੌਰ ਦੱਲੂਵਾਲਾ ਕਲਾਸ 9ਵੀਂ ਨੇ ਕਿਹਾ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ। ਉਹ ਸਾਨੂੰ ਨਾ ਸਿਰਫ਼ ਬੋਲਣਾ ਸਿਖਾਉਂਦੀ ਹੈ, ਸਗੋਂ ਜੀਵਨ ਦੇ ਮੁੱਢਲੇ ਅਸੂਲ ਵੀ ਸਮਝਾਉਂਦੀ ਹੈ। ਮਾਂ ਦੀ ਦਿੱਤੀ ਹੋਈ ਸਿੱਖਿਆ ਸਾਡੇ ਚਰਿੱਤਰ ਨੂੰ ਘੜਦੀ ਹੈ ਤੇ ਸਾਨੂੰ ਸਹੀ ਰਸਤੇ ’ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ। ਮਾਂ ਸਾਨੂੰ ਸੱਚ ਬੋਲਣ, ਵੱਡਿਆਂ ਦੀ ਇੱਜ਼ਤ ਕਰਨ ਅਤੇ ਛੋਟਿਆਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਸਿੱਖਿਆ ਦਿੰਦੀ ਹੈ। ਉਹ ਸਾਨੂੰ ਧੀਰਜ,ਮਿਹਨਤ ਅਤੇ ਇਮਾਨਦਾਰੀ ਦਾ ਮਹੱਤਵ ਸਮਝਾਉਂਦੀ ਹੈ। ਬਚਪਨ ’ਚ ਮਿਲੀ ਇਹ ਸਿੱਖਿਆ ਸਾਡੇ ਜੀਵਨ ਦੀ ਨੀਂਹ ਬਣਦੀ ਹੈ। ਜਦੋਂ ਅਸੀਂ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਦੇ ਹਾਂ ਤਾਂ ਮਾਂ ਦੀਆਂ ਗੱਲਾਂ ਸਾਨੂੰ ਹਿੰਮਤ ਦਿੰਦੀਆਂ ਹਨ। ਮਾਂ ਦੀ ਸਿੱਖਿਆ ਦਾ ਅਸਰ ਸਿਰਫ਼ ਵਿਅਕਤੀਗਤ ਜੀਵਨ ’ਚ ਹੀ ਨਹੀਂ, ਸਗੋਂ ਸਮਾਜ ਵਿੱਚ ਵੀ ਵੇਖਣ ਨੂੰ ਮਿਲਦਾ ਹੈ, ਜਿਹੜਾ ਬੱਚਾ ਚੰਗੀਆਂ ਕਦਰਾਂ-ਕੀਮਤਾਂ ਨਾਲ ਵੱਡਾ ਹੁੰਦਾ ਹੈ, ਉਹ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ। ਇਸ ਤਰ੍ਹਾਂ ਮਾਂ ਸਮਾਜ ਦੇਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਾਂ ਦੀ ਸਿੱਖਿਆ ਸਾਡੇ ਜੀਵਨ ਦਾ ਸਭ ਤੋਂ ਵੱਡਾ ਧਨ ਹੈ, ਜੋ ਸਾਨੂੰ ਸਹੀ ਰਸਤੇ ਤੇ ਤੁਰਨ ਅਤੇ ਇੱਕ ਚੰਗਾ ਇਨਸਾਨ ਬਣਨ ਵਿੱਚ ਮਦਦ ਕਰਦੀ ਹੈ।
-ਬਾਕਸ-
-ਮਾਂ ਦੀ ਸੇਵਾ ਤੇ ਕੁਰਬਾਨੀ ਦਾ ਨਹੀਂ ਕੋਈ ਮੁੱਲ
ਹਰਨਿਮਰਤ ਕੌਰ ਬਰਾੜ ਸੁਖਾਨੰਦ ਕਲਾਸ ਨੌਵੀਂ ਨੇ ਕਿਹਾ ਕਿ ‘ਮਾਂ’ ਇਹ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਬ੍ਰਹਿਮੰਡ ਦੀ ਉਹ ਊਰਜਾ ਹੈ, ਜਿਸ ’ਚੋਂ ਜੀਵਨ ਪੈਦਾ ਹੁੰਦਾ ਹੈ। ਕਹਿੰਦੇ ਹਨ ਕਿ ਰੱਬ ਹਰ ਥਾਂ ਨਹੀਂ ਪਹੁੰਚ ਸਕਦਾ ਸੀ, ਇਸ ਲਈ ਉਸਨੇ ਮਾਂ ਬਣਾਈ। ਮਾਂ ਦੀ ਸੇਵਾ ਅਤੇ ਕੁਰਬਾਨੀ ਦਾ ਅੰਦਾਜ਼ਾ ਕਿਸੇ ਤਰਾਜ਼ੂ ਨਾਲ ਨਹੀਂ ਲਗਾਇਆ ਜਾ ਸਕਦਾ, ਇਹ ਤਾਂ ਉਹ ਸਮੁੰਦਰ ਹੈ ਜਿਸਦੀ ਡੂੰਘਾਈ ਅਣਗਿਣਤ ਹੈ। ਇਸਦੀ ਇਕ ਉਦਾਹਰਨ ਹੈ ਜਬਲਪੁਰ ਹਾਦਸਾ, ਮਮਤਾ ਦੀ ਉਹ ਕੁਰਬਾਨੀ ਜਿਸਨੇ ਪੱਥਰ ਵੀ ਪਿਘਲਾ ਦਿੱਤੇ, ਹਾਲ ਹੀ ਵਿੱਚ ਜੱਬਲਪੁਰ ਦੇ ਬਰਗੀ ਡੈਮ ’ਚ ਵਾਪਰੇ ਦਰਦਨਾਕ ਕਰੂਜ਼ ਹਾਦਸੇ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਹਾਦਸਾ ਮਾਂ ਦੀ ਕੁਰਬਾਨੀ ਦੀ ਇਕ ਅਜਿਹੀ ਮਿਸਾਲ ਬਣ ਗਿਆ ਹੈ ਜੋ ਸਦੀਆਂ ਤਕ ਯਾਦ ਰਹੇਗਾ। ਮਰੀਨਾ ਮੈਸੀ ਨਾਂ ਦੀ ਮਾਂ, ਜਿਸਨੇ ਆਪਣੇ 4 ਸਾਲਾ ਬੇਟੇ ਤ੍ਰਿਸ਼ਾਨ ਨੂੰ ਮੌਤ ਦੇ ਜਬਾੜੇ ’ਚੋਂ ਕੱਢਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਜਦੋਂ ਬਚਾਅ ਟੀਮ ਨੂੰ ਦੋਵਾਂ ਦੀਆਂ ਦੇਹਾਂ ਮਿਲੀਆਂ, ਤਾਂ ਉਹ ਦ੍ਰਿਸ਼ ਦੇਖ ਕੇ ਹਰ ਅੱਖ ਨਮ ਸੀ। ਮਾਂ ਨੇ ਆਪਣੇ ਬੱਚੇ ਨੂੰ ਲਾਈਫ ਜੈਕੇਟ ਦੇ ਅੰਦਰ ਆਪਣੇ ਸੀਨੇ ਨਾਲ ਇੰਨੀ ਜ਼ੋਰ ਨਾਲ ਪਕੜ ਬਣਾਈ ਹੋਈ ਸੀ ਕਿ ਮੌਤ ਵੀ ਉਨ੍ਹਾਂ ਦੀ ਪਕੜ ਨੂੰ ਢਿੱਲੀ ਨਾ ਕਰ ਸਕੀ। ਮਰੀਨਾ ਨੇ ਪਾਣੀ ਦੀਆਂ ਲਹਿਰਾਂ ਨਾਲ ਓਦੋਂ ਤਕ ਸੰਘਰਸ਼ ਕੀਤਾ ਜਦੋਂ ਤਕ ਉਸਦੇ ਸਾਹਾਂ ਨੇ ਸਾਥ ਨਹੀਂ ਛੱਡਿਆ। ਉਸਦੀ ਇਹ ਕੁਰਬਾਨੀ ਚੀਖ-2 ਕੇ ਕਹਿ ਰਹੀ ਸੀ ਕਿ ‘ਮਾਂ ਤੋਂ ਵੱਡਾ ਕੋਈ ਯੋਧਾ ਨਹੀਂ ਹੁੰਦਾ।