ਓਵਰ ਸਪੀਡ ਮੋਟਰਸਾਈਕਲਾਂ-ਕਾਰਾਂ ਦੀ ਲਾਪ੍ਰਵਾਹ ਆਵਾਜਾਈ ਰੋਕੀ ਜਾਵੇ : ਨਾਗਰਿਕ ਚੇਤਨਾ ਮੰਚ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਸ਼ਹਿਰ ਦੇ ਮਹੇਸ਼ਵਰੀ ਚੌਂਕ ਅਤੇ ਬੀਬੀ ਵਾਲਾ ਰੋਡ ਇਲਾਕੇ ਵਿੱਚ ਵਸਦੇ ਲੋਕਾਂ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ ਦੇ ਖ਼ਿਲਾਫ਼ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਨਾਗਰਿਕ ਚੇਤਨਾ ਮੰਚ ਦੀ ਅਗਵਾਈ ਹੇਠ ਇਲਾਕੇ ਦੇ ਵਸਨੀਕਾਂ ਨੇ ਐਸਪੀ ਹੈਡਕੁਆਰਟਰ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਮੋਟਰਸਾਈਕਲਾਂ ਅਤੇ ਕਾਰਾਂ ਦੀ ਬੇਲਗਾਮ ਆਵਾਜਾਈ ’ਤੇ ਤੁਰੰਤ ਕਾਬੂ ਪਾਇਆ ਜਾਵੇ। ਮੰਚ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕੁਝ ਨੌਜਵਾਨ ਬੁਲੇਟ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਨੂੰ ਬੇਹੱਦ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਉਹ ਅਕਸਰ ਗਲਤ ਸਾਈਡ ਤੋਂ ਗੁਜ਼ਰਦੇ ਹਨ ਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਦੇ ਹਨ। ਇਸ ਤਰ੍ਹਾਂ ਦੀ ਲਾਪਰਵਾਹੀ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਲਈ ਸੜਕ ’ਤੇ ਚੱਲਣਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਨੌਜਵਾਨ ਆਪਣੀ ਦਹਿਸ਼ਤ ਬਣਾਉਣ ਲਈ ਵਾਹਨਾਂ ’ਤੇ ਪਟਾਕੇ ਵੀ ਚਲਾਉਂਦੇ ਹਨ, ਜਿਸ ਨਾਲ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਜਾਂਦਾ ਹੈ। ਇਸ ਖੇਤਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਆਮ ਗੱਲ ਬਣ ਚੁੱਕੀ ਹੈ ਅਤੇ ਇਸ ’ਤੇ ਰੋਕ ਲਗਾਉਣ ਲਈ ਕੋਈ ਸਥਾਈ ਪ੍ਰਬੰਧ ਨਹੀਂ ਦਿੱਸਦਾ। ਇਹ ਮਾਮਲਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ। ਇਲਾਕੇ ਦੇ ਲੋਕ ਪਹਿਲਾਂ ਵੀ ਐੱਸਐੱਸਪੀ ਅਤੇ ਡੀਸੀ ਦਫ਼ਤਰ ਨੂੰ ਸ਼ਿਕਾਇਤ ਕਰ ਚੁੱਕੇ ਹਨ। ਕੁਝ ਸਮੇਂ ਲਈ ਪੁਲਿਸ ਵੱਲੋਂ ਗੈਰ-ਕਾਨੂੰਨੀ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਸਨ, ਪਰ ਹੁਣ ਇਹ ਕਾਰਵਾਈ ਲਗਭਗ ਰੁਕ ਗਈ ਹੈ, ਜਿਸ ਨਾਲ ਮੁੜ ਲਾਪਰਵਾਹੀ ਵਧ ਗਈ ਹੈ। ਇਸ ਇਲਾਕੇ ਵਿੱਚ ਕਈ ਕੋਚਿੰਗ ਸੈਂਟਰ ਮੌਜੂਦ ਹਨ, ਜਿਸ ਕਾਰਨ ਸੜਕ ’ਤੇ ਹਰ ਸਮੇਂ ਭੀੜ ਰਹਿੰਦੀ ਹੈ।
ਇਸ ਭੀੜ ਵਿੱਚ ਤੇਜ਼ ਰਫ਼ਤਾਰ ਨਾਲ ਦੌੜਦੇ ਵਾਹਨ ਹਾਦਸਿਆਂ ਦਾ ਵੱਡਾ ਖ਼ਤਰਾ ਬਣ ਰਹੇ ਹਨ। ਹਾਲ ਹੀ ਵਿੱਚ 24 ਅਪ੍ਰੈਲ ਨੂੰ ਇਕ ਬਜ਼ੁਰਗ ਔਰਤ ਨੂੰ ਬੁਲੇਟ ਮੋਟਰਸਾਈਕਲ ਨੇ ਟੱਕਰ ਮਾਰੀ, ਜਿਸ ਕਾਰਨ ਉਸ ਦੀ ਲੱਤ ਦੀ ਹੱਡੀ ਟੁੱਟ ਗਈ। ਇਸ ਘਟਨਾ ਨੇ ਵਸਨੀਕਾਂ ਵਿੱਚ ਹੋਰ ਡਰ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਕਾਰਨ ਉਹ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਘਬਰਾਉਂਦੇ ਹਨ। ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਸਥਾਈ ਪੁਲਿਸ ਗਸ਼ਤ ਜਾਂ ਨਾਕਾ ਲਗਾਇਆ ਜਾਵੇ। ਇਸ ਦੇ ਨਾਲ ਹੀ ਓਵਰਸਪੀਡ ਕਰਨ ਵਾਲੇ ਅਤੇ ਗੈਰ-ਕਾਨੂੰਨੀ ਵਾਹਨਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ ਜਾਣ।
ਉਨ੍ਹਾਂ ਦਾ ਮੰਨਣਾ ਹੈ ਕਿ ਜੇ ਤੁਰੰਤ ਅਤੇ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਹਾਦਸਿਆਂ ਦੀ ਸੰਖਿਆ ਵੱਧ ਸਕਦੀ ਹੈ ਅਤੇ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ। ਪਾਰਕ ਨੰਬਰ 39 ਨੇੜੇ ਰਹਿੰਦੇ ਵਸਨੀਕਾਂ ਨੇ ਪਹਿਲਾਂ ਵੀ ਐੱਸਐੱਸਪੀ ਤੇ ਡੀਸੀ ਦਫਤਰ ਬਠਿੰਡਾ ਨੂੰ ਬੇਨਤੀ ਕੀਤੀ ਸੀ ਕਿ ਇਸ ਲਾਪਰਵਾਹੀ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕੀ ਜਾਵੇ। ਐਸਪੀ ਨੇ ਵਫ਼ਦ ਦੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਉਕਤ ਖੇਤਰ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇਗੀ ਤੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾਵੇਗੀ।