ਓਵਰਬ੍ਰਿਜ ਹੇਠਾਂ ਬਣ ਰਹੀਆਂ ਝੁੱਗੀਆਂ 'ਤੇ ਨਿਗਮ ਵੱਲੋਂ ਕਾਰਵਾਈ
ਓਵਰਬ੍ਰਿਜ ਹੇਠਾਂ ਮੁੜ ਬਣ ਰਹੀਆਂ ਝੁੱਗੀਆਂ 'ਤੇ ਨਿਗਮ ਦੀ ਕਾਰਵਾਈ, ਗੰਦਗੀ ਫੈਲਾਉਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਐਕਸ਼ਨ
Publish Date: Wed, 06 May 2026 04:41 PM (IST)
Updated Date: Thu, 07 May 2026 04:03 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਬੁੱਧਵਾਰ ਨੂੰ ਇਕ ਵਾਰ ਫਿਰ ਥਰਮਲ ਪਲਾਂਟ ਦੇ ਓਵਰਬ੍ਰਿਜ ਹੇਠਲੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਵੱਡੀ ਕਾਰਵਾਈ ਗਈ। ਪਿਛਲੇ ਕੁਝ ਦਿਨਾਂ ਤੋਂ ਇੱਥੇ ਮੁੜ ਵਸ ਰਹੀਆਂ ਝੁੱਗੀਆਂ 'ਤੇ ਨਿਗਮ ਦਾ ਪੀਲਾ ਪੰਜਾ ਚੱਲਿਆ ਤੇ ਸਾਰੇ ਅਸਥਾਈ ਟਿਕਾਣਿਆਂ ਨੂੰ ਢਾਹ ਦਿੱਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਇੱਥੋਂ ਕਬਜ਼ੇ ਹਟਾਏ ਗਏ ਸਨ ਪਰ ਪ੍ਰਵਾਸੀ ਪਰਿਵਾਰਾਂ ਵੱਲੋਂ ਮੁੜ ਉੱਥੇ ਬਸੇਰਾ ਸ਼ੁਰੂ ਕਰ ਦਿੱਤਾ ਗਿਆ ਸੀ। ਸ਼ਿਕਾਇਤਾਂ ਦਾ ਸਿਲਸਿਲਾ ਵਧਣ ਤੋਂ ਬਾਅਦ ਏਟੀਪੀ ਮਨੋਜ ਅਗਰਵਾਲ ਦੀ ਅਗਵਾਈ ਹੇਠ ਨਿਗਮ ਦੀ ਟੀਮ ਪੁਲਿਸ ਬਲ ਅਤੇ ਜੇਸੀਬੀ ਮਸ਼ੀਨਾਂ ਨਾਲ ਮੌਕੇ 'ਤੇ ਪਹੁੰਚੀ। ਟੀਮ ਨੇ ਨਵੇਂ ਸਿਰੇ ਤੋਂ ਬਣਾਈਆਂ ਜਾ ਰਹੀਆਂ ਸਾਰੀਆਂ ਝੁੱਗੀਆਂ ਨੂੰ ਮਲਬੇ ਵਿਚ ਤਬਦੀਲ ਕਰਕੇ ਖੇਤਰ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ। ਇਸ ਕਾਰਵਾਈ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਪੁਲਿਸ ਤੈਨਾਤ ਰਹੀ, ਜਿਸ ਕਾਰਨ ਸਾਰੀ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਝੁੱਗੀਆਂ ਕਾਰਨ ਇਲਾਕੇ ਵਿਚ ਭਾਰੀ ਗੰਦਗੀ ਫੈਲ ਰਹੀ ਸੀ ਅਤੇ ਕੂੜਾ ਸਿੱਧਾ ਝੀਲਾਂ ਵਿਚ ਸੁੱਟਿਆ ਜਾ ਰਿਹਾ ਸੀ। ਖੁੱਲ੍ਹੇ ਵਿਚ ਸੌਚ ਅਤੇ ਗੰਦਗੀ ਕਾਰਨ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਸੀ, ਜਿਸ ਕਾਰਨ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਸੀ।