ਰਸੋਈ ’ਚ ਨਿਕਲ ਹੁਣ ਸ਼ਹਿਰ ਦੀ ਕਮਾਨ ਸੰਭਾਲਣਗੀਆਂ ਮਹਿਲਾਵਾਂ

-ਨਗਰ ਨਿਗਮ ਚੋਣਾਂ : 101 ਮਹਿਲਾ ਉਮੀਦਵਾਰ ਮੈਦਾਨ ’ਚ ਡਟੀਆਂ, 81 ਘਰੇਲੂ ਔਰਤਾਂ ਨੇ ਸੰਭਾਲਿਆ ਸਿਆਸੀ ਮੋਰਚਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਵਿੱਚ 26 ਮਈ ਨੂੰ ਹੋਣ ਵਾਲੀਆਂ ਸਥਾਨਕ ਨਿਗਮ ਚੋਣਾਂ ਇਸ ਵਾਰ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਕਾਰਨ ਖਾਸ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਨਗਰ ਨਿਗਮ ਦੇ 50 ਫੀਸਦੀ ਵਾਰਡ ਮਹਿਲਾਵਾਂ ਲਈ ਰਾਖਵੇਂ ਹੋਣ ਕਾਰਨ ਇਸ ਵਾਰ ਵੱਡੀ ਗਿਣਤੀ ਵਿੱਚ ਮਹਿਲਾਵਾਂ ਸਿਆਸਤ ਦੇ ਮੈਦਾਨ ਵਿੱਚ ਉਤਰੀਆਂ ਹਨ। ਖਾਸ ਗੱਲ ਇਹ ਹੈ ਕਿ ਚੋਣ ਲੜ ਰਹੀਆਂ ਮਹਿਲਾਵਾਂ ਵਿੱਚੋਂ ਬਹੁਤੀਆਂ ਘਰੇਲੂ ਔਰਤਾਂ ਹਨ, ਜੋ ਹੁਣ ਤਕ ਘਰ ਅਤੇ ਰਸੋਈ ਤਕ ਸੀਮਤ ਮੰਨੀਆਂ ਜਾਂਦੀਆਂ ਸਨ, ਪਰ ਹੁਣ ਉਹ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਹੱਲ ਕਰਨ ਤੇ ਸ਼ਹਿਰ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਅੱਗੇ ਆਈਆਂ ਹਨ। ਸ਼ਹਿਰ ਦੀਆਂ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੁੱਲ 101 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਨ੍ਹਾਂ ਵਿੱਚੋਂ 81 ਮਹਿਲਾਵਾਂ ਪੂਰੀ ਤਰ੍ਹਾਂ ਘਰੇਲੂ ਹਨ। ਇਹ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਥਾਨਕ ਪੱਧਰ ਦੀ ਸਿਆਸਤ ’ਚ ਹੁਣ ਆਮ ਮਹਿਲਾਵਾਂ ਦੀ ਦਿਲਚਸਪੀ ਅਤੇ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਿਲਾਵਾਂ ਲਈ ਦਿੱਤੇ ਗਏ ਰਾਖਵੇਂ ਕੋਟੇ ਨੇ ਉਨ੍ਹਾਂ ’ਚ ਆਤਮਵਿਸ਼ਵਾਸ ਪੈਦਾ ਕੀਤਾ ਹੈ। ਪਹਿਲਾਂ ਜਿੱਥੇ ਮਹਿਲਾਵਾਂ ਸਿਰਫ ਪਰਿਵਾਰ ਦੇ ਪੁਰਸ਼ ਮੈਂਬਰਾਂ ਨਾਲ ਚੋਣ ਪ੍ਰਚਾਰ ਤਕ ਹੀ ਸੀਮਤ ਰਹਿੰਦੀਆਂ ਸਨ, ਉੱਥੇ ਹੁਣ ਉਹ ਖੁਦ ਚੋਣ ਲੜ ਕੇ ਆਪਣੇ ਵਾਰਡ ਦੀ ਆਵਾਜ਼ ਬਣਨ ਲਈ ਅੱਗੇ ਆ ਰਹੀਆਂ ਹਨ। ਚੋਣ ਮੈਦਾਨ ਵਿੱਚ ਉਤਰੀਆਂ ਕਈ ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਆਪਣੇ ਇਲਾਕਿਆਂ ਦੀਆਂ ਮੁਸ਼ਕਲਾਂ ਦੇਖਦੀਆਂ ਆ ਰਹੀਆਂ ਸਨ, ਪਰ ਹੁਣ ਉਨ੍ਹਾਂ ਨੂੰ ਖੁਦ ਲੋਕਾਂ ਲਈ ਕੰਮ ਕਰਨ ਦਾ ਮੌਕਾ ਮਿਲੇਗਾ।
-ਬਾਕਸ-
ਜੇਕਰ ਪਾਰਟੀਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ 25 ਮਹਿਲਾ ਉਮੀਦਵਾਰ ਮੈਦਾਨ ਵਿੱਚ ਉਤਾਰੀਆਂ ਹਨ, ਜਿਨ੍ਹਾਂ ਵਿੱਚੋਂ 17 ਘਰੇਲੂ ਔਰਤਾਂ ਹਨ। ਕਾਂਗਰਸ ਦੀਆਂ 24 ਮਹਿਲਾ ਉਮੀਦਵਾਰਾਂ ਵਿੱਚ 20 ਘਰੇਲੂ ਔਰਤਾਂ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ 26 ਮਹਿਲਾ ਉਮੀਦਵਾਰਾਂ ਵਿੱਚੋਂ 22 ਘਰੇਲੂ ਹਨ, ਜਦਕਿ ਭਾਜਪਾ ਵੱਲੋਂ ਮੈਦਾਨ ਵਿੱਚ ਉਤਾਰੀਆਂ ਗਈਆਂ 26 ਮਹਿਲਾਵਾਂ ਵਿੱਚੋਂ ਵੀ 22 ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਹਰ ਪਾਰਟੀ ਨੇ ਇਸ ਵਾਰ ਘਰੇਲੂ ਮਹਿਲਾਵਾਂ ਨੂੰ ਸਿਆਸਤ ਵਿੱਚ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਚੋਣ ਮੈਦਾਨ ਵਿੱਚ ਸਿਰਫ ਘਰੇਲੂ ਔਰਤਾਂ ਹੀ ਨਹੀਂ, ਸਗੋਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਮਹਿਲਾਵਾਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਇਨ੍ਹਾਂ ’ਚ 7 ਮਹਿਲਾਵਾਂ ਪ੍ਰਾਈਵੇਟ ਨੌਕਰੀਆਂ ਕਰਦੀਆਂ ਹਨ। ਇਸ ਤੋਂ ਇਲਾਵਾ ਚੋਣ ਮੈਦਾਨ ਵਿਚ ਉਤਰੀਆਂ 3 ਮਹਿਲਾਵਾਂ ਕਾਰੋਬਾਰੀ ਹਨ, ਜੋ ਆਪਣੇ ਵਪਾਰਕ ਤਜਰਬੇ ਨਾਲ ਹੁਣ ਸਿਆਸੀ ਖੇਤਰ ਵਿੱਚ ਕਦਮ ਰੱਖ ਰਹੀਆਂ ਹਨ। ਇੱਕ ਮਹਿਲਾ ਸਮਾਜ ਸੇਵਿਕਾ ਹੈ, ਜੋ ਲੰਮੇ ਸਮੇਂ ਤੋਂ ਸਮਾਜਿਕ ਕੰਮਾਂ ਨਾਲ ਜੁੜੀ ਹੋਈ ਹੈ। ਇਕ ਮਹਿਲਾ ਵਕੀਲ ਵੀ ਚੋਣ ਮੈਦਾਨ ਵਿੱਚ ਹੈ, ਜੋ ਕਾਨੂੰਨੀ ਜਾਣਕਾਰੀ ਦੇ ਆਧਾਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ।
ਇਸ ਤੋਂ ਇਲਾਵਾ ਦੋ ਮਹਿਲਾਵਾਂ ਟਿਊਸ਼ਨ ਦਾ ਕੰਮ ਕਰਦੀਆਂ ਹਨ, ਜਦਕਿ ਇਕ ਮਹਿਲਾ ਸਿਲਾਈ ਦੇ ਕੰਮ ਨਾਲ ਜੁੜੀ ਹੋਈ ਹੈ। ਇਕ ਦੁਕਾਨਦਾਰ ਮਹਿਲਾ, ਇਕ ਐਮਈਐਸ ਠੇਕੇਦਾਰ, ਇਕ ਆਸ਼ਾ ਵਰਕਰ, ਇਕ ਰਿਟਾਇਰਡ ਪ੍ਰਿੰਸੀਪਲ ਅਤੇ ਇੱਕ ਮੌਜੂਦਾ ਪ੍ਰਿੰਸੀਪਲ ਵੀ ਇਸ ਚੋਣ ਵਿੱਚ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਰਹੀਆਂ ਹਨ। ਨਗਰ ਨਿਗਮ ਚੋਣਾਂ ਵਿੱਚ ਮਹਿਲਾਵਾਂ ਦੀ ਇਹ ਵਧਦੀ ਭਾਗੀਦਾਰੀ ਨਾ ਸਿਰਫ ਸਥਾਨਕ ਸਿਆਸਤ ਦੀ ਤਸਵੀਰ ਬਦਲ ਰਹੀ ਹੈ, ਸਗੋਂ ਇਹ ਸਮਾਜ ਵਿੱਚ ਮਹਿਲਾਵਾਂ ਦੇ ਵਧਦੇ ਆਤਮਵਿਸ਼ਵਾਸ ਅਤੇ ਬਦਲਦੀ ਸੋਚ ਦਾ ਵੀ ਪ੍ਰਤੀਕ ਮੰਨੀ ਜਾ ਰਹੀ ਹੈ। ਸਾਬਕਾ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ ਦਾ ਕਹਿਣਾ ਸੀ ਕਿ ਸਿਆਸੀ ਖੇਤਰ ਵਿਚ ਔਰਤਾਂ ਦੀ ਭਾਗਦਾਰੀ ਬਹੁਤ ਜਰੂੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ੁਭ ਸ਼ਗਨ ਹੈ ਕਿ ਮਹਿਲਾਵਾਂ ਸਿਆਸੀ ਖੇਤਰ ’ਚ ਅੱਗੇ ਆ ਰਹੀਆਂ ਹਨ।