ਸਿਰਫ਼ 5 ਘੰਟਿਆਂ ’ਚ ਮਰਦਮਸ਼ੁਮਾਰੀ ਦਾ ਕੰਮ ਮੁਕੰਮਲ, ਮਾਸਟਰ ਰਾਜਿੰਦਰ ਸਿੰਘ ਨੇ ਬਣਾਇਆ ਰਿਕਾਰਡ

-ਚੰਡੀਗੜ੍ਹ ਦੀ ਟੀਮ ਨੇ ਤੁਰੰਤ ਬਲਾਕ ਵਿਜ਼ਿਟ ਕਰਦਿਆਂ ਅਧਿਆਪਕ ਨੂੰ ਦਿੱਤੀ ਵਧਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਇੱਥੋਂ ਦੇ ਨੇਹੀਆਂਵਾਲਾ ਬਲਾਕ 0251 ਦੇ ਗਿਣਤੀਕਾਰ ਅਧਿਆਪਕ ਰਾਜਿੰਦਰ ਸਿੰਘ ਨੇ ਜਨਗਣਨਾ ਦੇ ਪਹਿਲੇ ਦਿਨ ਹੀ ਸੋਮਵਾਰ ਨੂੰ ਆਪਣੇ ਬਲਾਕ ਦਾ ਸਾਰਾ ਆਨਲਾਈਨ ਕੰਮ ਸਿਰਫ਼ 5 ਘੰਟਿਆਂ ’ਚ ਮੁਕੰਮਲ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਰਾਸ਼ਟਰੀ ਸਰਵੇ ਮੁਕੰਮਲ ਕਰਨ ਦਾ ਇਹ ਰਿਕਾਰਡ ਸਿਰਫ ਜ਼ਿਲ੍ਹਾ ਬਠਿੰਡਾ ਪੱਧਰ ਜਾਂ ਪੰਜਾਬ ਪੱਧਰ ’ਤੇ ਨਾ ਹੋ ਕੇ ਪੂਰੇ ਭਾਰਤ ਪੱਧਰ ’ਤੇ ਕਾਇਮ ਕੀਤਾ ਹੈ, ਕਿਉਂਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗਿਣਤੀਕਾਰ ਅਧਿਆਪਕ ਅਮਿਤ ਯਾਦਵ ਨੇ ਇਹ ਕੰਮ ਇਕ ਦਿਨ ’ਚ ਪੂਰਾ ਕਰਕੇ ਦੇਸ਼ ਪੱਧਰ ’ਤੇ ਰਿਕਾਰਡ ਕਾਇਮ ਕੀਤਾ ਸੀ, ਪਰ ਅੱਜ ਪੰਜਾਬ ਅੰਦਰ ਸ਼ੁਰੂ ਹੋਏ ਇਸ ਕੌਮੀ ਸਰਵੇ ਅੰਦਰ ਅਧਿਆਪਕ ਰਾਜਿੰਦਰ ਸਿੰਘ ਨੇ ਇਹ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਵੱਲੋਂ ਸਿਰਫ 5 ਘੰਟਿਆਂ ਵਿੱਚ ਹੀ ਸਰਵੇ ਮੁਕੰਮਲ ਕਰਨ ਦਾ ਪਤਾ ਜਿਵੇਂ ਹੀ ਜਨਗਣਨਾ ਵਿਭਾਗ ਦੀ ਸਟੇਟ ਟੀਮ ਨੂੰ ਲੱਗਾ, ਤਾਂ ਉਨ੍ਹਾਂ ਤੁਰੰਤ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੇਹੀਆਂਵਾਲਾ ਬਲਾਕ 0251 ਪੁੱਜ ਕੇ ਅਧਿਆਪਕ ਰਾਜਿੰਦਰ ਸਿੰਘ ਅਤੇ ਸੁਪਰਵਾਈਜ਼ਰ ਨੂੰ ਸ਼ਾਨਦਾਰ ਡਿਊਟੀ ਲਈ ਵਧਾਈ ਦਿੱਤੀ।
ਵਿਸ਼ੇਸ਼ ਵਿਜ਼ਿਟ ਲਈ ਪਿੰਡ ਨੇਹੀਆਂਵਾਲਾ ਪੁੱਜੇ ਜਨਗਣਨਾ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਅੱਜ ਸ਼ੁਰੂ ਹੋਏ ਆਨਲਾਈਨ ਸਰਵੇ ਦੇ ਪਹਿਲੇ ਦਿਨ ਜਿੱਥੇ ਜ਼ਿਆਦਾਤਰ ਗਿਣਤੀਕਾਰ ਅਧਿਆਪਕ ਅਜੇ ਆਪਣੇ ਬਲਾਕਾਂ ਅੰਦਰ ਘਰਾਂ ਦੇ ਨੰਬਰ ਲਗਾਉਣ ਅਤੇ ਨਜ਼ਰੀ ਨਕਸ਼ੇ ਬਣਾਉਣ ਵਿੱਚ ਹੀ ਲੱਗੇ ਹੋਏ ਹਨ, ਪਰ ਅਧਿਆਪਕ ਰਾਜਿੰਦਰ ਸਿੰਘ ਨੇ ਅੱਜ ਦੁਪਹਿਰ ਤੋਂ ਪਹਿਲਾਂ ਹੀ ਇਹ ਸਰਵੇ ਦਾ ਆਨ ਲਾਈਨ ਕੰਮ ਮੋਬਾਈਲ ਐਪ ਪੂਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਵੇ ਦੇ ਕੰਮ ਨੂੰ ਔਖਾ ਸਮਝ ਕੇ ਘਬਰਾਏ ਹੋਏ ਵੱਡੀ ਗਿਣਤੀ ’ਚ ਅਧਿਆਪਕਾਂ ਨੂੰ ਰਾਜਿੰਦਰ ਸਿੰਘ ਦਾ ਕੰਮ ਦੇਖ ਕੇ ਹੌਂਸਲਾ ਜ਼ਰੂਰ ਮਿਲੇਗਾ।
ਇਸ ਮੌਕੇ ਹਾਜ਼ਰ ਲੈਕਚਰਾਰ ਬਲਜੀਤ ਸਿੰਘ ਨੇ ਸਟੇਟ ਟੀਮ ਦੇ ਧਿਆਨ ਵਿੱਚ ਲਿਆਂਦਾ ਕਿ ਅਧਿਆਪਕ ਰਾਜਿੰਦਰ ਸਿੰਘ ਜ਼ਿਲ੍ਹੇ ਦੇ ਪਹਿਲੇ ਨੈਸ਼ਨਲ ਐਵਾਰਡੀ ਅਧਿਆਪਕ ਹਨ ਅਤੇ ਆਪਣੀਆਂ ਬਹੁ ਪੱਖੀ ਪੜ੍ਹਾਉਣ ਦੀਆਂ ਉਪਲੱਬਧੀਆਂ ਕਾਰਨ ਰਾਸ਼ਟਰਪਤੀ ਕੋਲੋਂ ਵੀ ਸਨਮਾਨਿਤ ਹੋ ਚੁੱਕੇ ਹਨ। ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਆਪਣੇ ਬਲਾਕ ਦਾ ਕੰਮ ਮੁਕੰਮਲ ਕਰ ਲਿਆ ਹੈ, ਪਰ ਉਹ ਬੈਠਣ ਦੀ ਬਜਾਏ ਆਪਣੇ ਸਾਥੀ ਅਧਿਆਪਕਾਂ ਦੇ ਸਰਵੇ ਵਿਚ ਉਨ੍ਹਾਂ ਦਾ ਹੱਥ ਵਟਾ ਕੇ ਦੇਸ਼ ਸੇਵਾ ਵਿਚ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਸੁਪਰਵਾਈਜ਼ਰ ਬਲਜਿੰਦਰ ਕੌਰ ਮਹਿਮੀ ਵੀ ਇੱਥੇ ਹਾਜ਼ਰ ਸਨ।