ਪੋਕਲਾਇਨ ਮਸ਼ੀਨ 'ਚੋਂ ਤੇਲ ਚੋਰੀ ਕਰਨ ਵਾਲਾ ਕਾਬੂ
ਪੋਕਲਾਇਨ ਮਸ਼ੀਨ 'ਚੋਂ ਤੇਲ ਚੋਰੀ ਕਰਦਾ ਵਿਅਕਤੀ 30 ਲੀਟਰ ਤੇਲ ਸਮੇਤ ਕਾਬੂ
Publish Date: Wed, 20 May 2026 07:18 PM (IST)
Updated Date: Thu, 21 May 2026 04:07 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਜ਼ਿਲ੍ਹੇ 'ਚ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਵਿਚਾਲੇ ਥਾਣਾ ਸੰਗਤ ਦੀ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਪਿੰਡ ਪੱਕਾ ਕਲਾਂ ਨੇੜਿਓਂ ਇੰਡੀਅਨ ਪੈਟਰੋਲ ਪੰਪ ਕੋਲ ਪੋਕਲਾਇਨ ਮਸ਼ੀਨ ਵਿੱਚੋਂ ਤੇਲ ਚੋਰੀ ਕਰਦੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਸ ਨੇ ਦੋਸ਼ੀ ਕੋਲੋਂ ਕਰੀਬ 30 ਲੀਟਰ ਚੋਰੀ ਕੀਤਾ ਡੀਜ਼ਲ ਬਰਾਮਦ ਕੀਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਮਾਮਲੇ ’ਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ ਅਤੇ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਰਾਜਾ ਰਾਮ ਵਾਸੀ ਜੈਵੀਪੁਰ ਜ਼ਿਲ੍ਹਾ ਹਿਸਾਰ (ਹਰਿਆਣਾ) ਨੇ ਥਾਣਾ ਸੰਗਤ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬੀਤੀ ਦਰਮਿਆਨੀ ਰਾਤ ਆਪਣੇ ਸਾਥੀਆਂ ਸਮੇਤ ਇਲਾਕੇ ਵਿੱਚ ਚੈਕਿੰਗ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਪੱਕਾ ਕਲਾਂ ਨੇੜੇ ਸਥਿਤ ਇੰਡੀਅਨ ਪੈਟਰੋਲ ਪੰਪ ਕੋਲ ਪੁੱਜੇ, ਤਾਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਖੜੀ ਪੋਕਲਾਇਨ ਮਸ਼ੀਨ ਵਿੱਚੋਂ ਤੇਲ ਕੱਢਦੇ ਦੇਖਿਆ। ਸ਼ੱਕ ਹੋਣ 'ਤੇ ਜਦੋਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ 30 ਲੀਟਰ ਚੋਰੀ ਕੀਤਾ ਤੇਲ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਦੀਪਾ ਬੰਗੀ ਵਜੋਂ ਹੋਈ ਹੈ। ਪੁਲਿਸ ਨੇ ਮੌਕੇ 'ਤੇ ਹੀ ਤੇਲ ਤੇ ਵਰਤੇ ਜਾ ਰਹੇ ਸਾਮਾਨ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਾਬੂ ਲਾਲ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਪੋਕਲਾਇਨ ਮਸ਼ੀਨ ਦੀ ਚਾਬੀ ਉਸ ਕੋਲ ਕਿਵੇਂ ਆਈ ਅਤੇ ਇਸ ਘਟਨਾ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕਿਤੇ ਪੋਕਲਾਇਨ ਮਸ਼ੀਨ ਦਾ ਡਰਾਈਵਰ ਜਾਂ ਹੋਰ ਕਰਮਚਾਰੀ ਵੀ ਇਸ ਚੋਰੀ ਵਿੱਚ ਸ਼ਾਮਲ ਤਾਂ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਸੜਕ ਬਣਾਉਣ ਦਾ ਹੈ, ਪਿਛਲੇ ਕੁੱਝ ਸਮੇਂ ਤੋਂ ਮਸ਼ੀਨਾਂ ਵਿੱਚੋਂ ਡੀਜ਼ਲ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਜਿਸ ਕਾਰਨ ਉਹ ਇਹ ਚੋਰੀ ਫੜਨ ਲਈ ਗਸ਼ਤ ਕਰ ਰਹੇ ਸਨ।