ਨਿਯੁਕਤੀ ਪੱਤਰ ਦੇ ਬਾਵਜੂਦ 168 ਡੀਪੀਈ ਉਮੀਦਵਾਰ ਨੌਕਰੀ ਤੋਂ ਵਾਂਝੇ
ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ 168 ਡੀਪੀਈ
Publish Date: Sun, 10 May 2026 04:41 PM (IST)
Updated Date: Mon, 11 May 2026 04:15 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਵਿਚ ਸਾਲ 2021 ਦੌਰਾਨ ਮਾਸਟਰ ਕੈਡਰ ਦੀਆਂ 4161 ਅਸਾਮੀਆਂ ਲਈ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ਵਿਚ 168 ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ (ਡੀਪੀਈ) ਦੀਆਂ ਅਸਾਮੀਆਂ ਵੀ ਸ਼ਾਮਲ ਸਨ। ਭਰਤੀ ਦੌਰਾਨ ਸਿੱਖਿਆ ਵਿਭਾਗ ਵੱਲੋਂ ਪੀਐਸਟੀਈਟੀ ਯੋਗਤਾ ਲਾਜ਼ਮੀ ਰੱਖੀ ਗਈ ਸੀ, ਜਦਕਿ ਉਸ ਵੇਲੇ ਫਿਜ਼ੀਕਲ ਐਜੂਕੇਸ਼ਨ ਵਿਸ਼ੇ ਲਈ ਪੀਐਸਟੀਈਟੀ ਪ੍ਰੀਖਿਆ ਕਰਵਾਈ ਹੀ ਨਹੀਂ ਗਈ ਸੀ। ਇਸ ਦੇ ਬਾਵਜੂਦ ਵਿਭਾਗ ਨੇ ਭਰਤੀ ਪ੍ਰਕਿਰਿਆ ਜਾਰੀ ਰੱਖਦਿਆਂ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਲਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਤੇ ਯੋਗ ਉਮੀਦਵਾਰਾਂ ਨੂੰ ਜੋਇਨਿੰਗ ਲੇਟਰ ਜਾਰੀ ਕਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਟੇਸ਼ਨ ਅਲਾਟਮੈਂਟ ਵੀ ਦਿੱਤੀ ਗਈ। ਉਮੀਦਵਾਰਾਂ ਮੁਤਾਬਕ ਜੁਆਇਨਿੰਗ ਲੈਟਰ ਜਾਰੀ ਹੋਣ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਇਕ ਅਧਿਕਾਰਕ ਪੱਤਰ ਜਾਰੀ ਕਰਕੇ ਪੀਐਸਟੀਈਟੀ ਦੀ ਸ਼ਰਤ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਸਪੱਸ਼ਟ ਕੀਤਾ ਗਿਆ ਸੀ ਕਿ ਭਰਤੀ ਪ੍ਰਕਿਰਿਆ ਪੀਐਸਟੀਈਟੀ ਤੋਂ ਬਿਨਾਂ ਪੂਰੀ ਕੀਤੀ ਜਾਵੇਗੀ। ਪਰ ਇਸ ਤੋਂ ਬਾਅਦ ਮਾਮਲਾ ਅਦਾਲਤ ਵਿਚ ਚਲਾ ਗਿਆ ਤੇ 168 ਅਸਾਮੀਆਂ ‘ਤੇ ਸਟੇ ਲੱਗਣ ਕਾਰਨ ਪੂਰੀ ਪ੍ਰਕਿਰਿਆ ਰੁਕ ਗਈ। ਕਾਨੂੰਨੀ ਅੜਚਣ ਕਾਰਨ ਚੁਣੇ ਗਏ ਉਮੀਦਵਾਰ, ਜਿਨ੍ਹਾਂ ਕੋਲ ਪੱਤਰ ਮੌਜੂਦ ਹਨ, ਅਜੇ ਤਕ ਡਿਊਟੀ ਜੁਆਇੰਨ ਨਹੀਂ ਕਰ ਸਕੇ। ਲੰਬੇ ਸਮੇਂ ਤੋਂ ਮਾਮਲਾ ਲਟਕਣ ਕਾਰਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਅਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਪ੍ਰਭਾਵਿਤ ਉਮੀਦਵਾਰਾਂ ਦੇ ਆਗੂ ਮਨਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਈ ਉਮੀਦਵਾਰ ਓਵਰਏਜ ਹੋਣ ਦੇ ਨੇੜੇ ਪਹੁੰਚ ਚੁੱਕੇ ਹਨ ਅਤੇ ਕੁਝ ਓਵਰਏਜ ਵੀ ਹੋ ਗਏ ਹਨ ਪਰ 168 ਡੀਪੀਈ ਉਮੀਦਵਾਰ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ ਉਮੀਦਵਾਰਾਂ ਦੀ ਵੈਧ ਚੋਣ ਦਾ ਸਪਸ਼ਟ ਸਬੂਤ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਮੰਗ ਕੀਤੀ ਕਿ ਮਾਮਲੇ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।