ਨਗਰ ਨਿਗਮ ਚੋਣਾਂ ਦਾ ਪਿੜ ਭਖਿਆ: ਨਾਮਜ਼ਦਗੀਆਂ ਤੋਂ ਪਹਿਲਾਂ ਐਨਓਸੀ ਲੈਣ ਲਈ ਉਮੀਦਵਾਰਾਂ ਦੀ ਭਾਰੀ ਭੀੜ

-ਨਗਰ ਨਿਗਮ ਚੋਣਾਂ ਸਬੰਧੀ ਨਿਗਮ ਦਫ਼ਤਰ ’ਚ ਸਾਰਾ ਦਿਨ ਰਹੀ ਗਹਿਮਾ-ਗਹਿਮੀ
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਨਿਗਮ ਦਫ਼ਤਰ ਵਿੱਚ ਸਾਰਾ ਦਿਨ ਭਾਰੀ ਰੌਣਕ ਤੇ ਭੱਜ-ਦੌੜ ਵਾਲਾ ਮਾਹੌਲ ਬਣਿਆ ਰਿਹਾ। ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਉਮੀਦਵਾਰ, ਉਨ੍ਹਾਂ ਦੇ ਹਮਾਇਤੀ ਤੇ ਪਰਿਵਾਰਕ ਮੈਂਬਰ ਜ਼ਰੂਰੀ ਐੱਨਓਸੀ ਤੇ ਹੋਰ ਦਸਤਾਵੇਜ਼ ਪੂਰੇ ਕਰਵਾਉਣ ਲਈ ਇਕ ਸ਼ਾਖਾ ਤੋਂ ਦੂਜੀ ਸ਼ਾਖਾ ਤਕ ਚੱਕਰ ਲਾਉਂਦੇ ਰਹੇ। ਸਵੇਰ ਤੋਂ ਹੀ ਨਿਗਮ ਦਫ਼ਤਰ ਦੀਆਂ ਵੱਖ-ਵੱਖ ਸ਼ਾਖਾਵਾਂ, ਖ਼ਾਸ ਕਰਕੇ ਪ੍ਰਾਪਰਟੀ ਟੈਕਸ, ਪਾਣੀ-ਸੀਵਰੇਜ ਬਿੱਲ, ਗਾਰਬੇਜ ਟੈਕਸ ਤੇ ਬਿਲਡਿੰਗ ਬ੍ਰਾਂਚ ਦੇ ਬਾਹਰ ਉਮੀਦਵਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਰ ਕੋਈ ਨਾਮਜ਼ਦਗੀ ਤੋਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ ਮੁਕੰਮਲ ਕਰਨ ਦੀ ਕੋਸ਼ਿਸ਼ ਵਿੱਚ ਜੁਟਿਆ ਦਿਖਾਈ ਦਿੱਤਾ। ਕਈ ਲੋਕ ਹੱਥਾਂ ਵਿੱਚ ਫਾਈਲਾਂ ਤੇ ਰਸੀਦਾਂ ਫੜ ਕੇ ਦਫ਼ਤਰਾਂ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਦੇ ਨਜ਼ਰ ਆਏ। ਦਰਅਸਲ ਬੁੱਧਵਾਰ 13 ਮਈ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਜੋ 16 ਮਈ ਤਕ ਜਾਰੀ ਰਹੇਗੀ। ਚੋਣ ਨਿਯਮਾਂ ਅਨੁਸਾਰ ਹਰ ਉਮੀਦਵਾਰ ਲਈ ਇਹ ਸਾਬਤ ਕਰਨਾ ਲਾਜ਼ਮੀ ਹੈ ਕਿ ਉਸ ਉੱਤੇ ਨਗਰ ਨਿਗਮ ਦਾ ਕੋਈ ਬਕਾਇਆ ਨਹੀਂ ਹੈ। ਇਸ ਲਈ ਉਮੀਦਵਾਰਾਂ ਨੂੰ ਨਿਗਮ ਵੱਲੋਂ ਐੱਨਓਸੀ ਜਾਰੀ ਕਰਵਾਉਣੀ ਪੈਂਦੀ ਹੈ।
ਇਸ ਤੋਂ ਇਲਾਵਾ ਮਕਾਨ ਦਾ ਨਕਸ਼ਾ ਪਾਸ ਹੋਣਾ ਤੇ ਸਰਕਾਰੀ ਜ਼ਮੀਨ ’ਤੇ ਕੋਈ ਨਾਜਾਇਜ਼ ਕਬਜ਼ਾ ਨਾ ਹੋਣ ਦੀ ਪੁਸ਼ਟੀ ਵੀ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਮੰਗਲਵਾਰ ਨੂੰ ਨਿਗਮ ਦਫ਼ਤਰ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਜਿਨ੍ਹਾਂ ਉਮੀਦਵਾਰਾਂ ਦੇ ਟੈਕਸ ਜਾਂ ਹੋਰ ਬਿੱਲ ਬਕਾਇਆ ਸਨ, ਉਨ੍ਹਾਂ ਵੱਲੋਂ ਮੌਕੇ ’ਤੇ ਹੀ ਰਕਮ ਜਮ੍ਹਾਂ ਕਰਵਾਈ ਗਈ। ਬਕਾਇਆ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੇ ਰਸੀਦਾਂ ਪ੍ਰਾਪਤ ਕੀਤੀਆਂ ਤੇ ਐੱਨਓਸੀ ਜਾਰੀ ਕਰਵਾਉਣ ਦੀ ਕਾਰਵਾਈ ਪੂਰੀ ਕੀਤੀ। ਨਿਗਮ ਮੁਲਾਜ਼ਮ ਵੀ ਸਾਰਾ ਦਿਨ ਰਿਕਾਰਡ ਦੀ ਜਾਂਚ ਕਰਨ, ਬਕਾਇਆ ਵੇਰਵੇ ਕੱਢਣ ਤੇ ਸਰਟੀਫਿਕੇਟ ਜਾਰੀ ਕਰਨ ਵਿੱਚ ਵਿਅਸਤ ਰਹੇ। ਕਈ ਥਾਵਾਂ ’ਤੇ ਕੰਮ ਦੇ ਵੱਧ ਬੋਝ ਕਾਰਨ ਲੋਕਾਂ ਨੂੰ ਲੰਮੀ ਉਡੀਕ ਵੀ ਕਰਨੀ ਪਈ। ਨਿਗਮ ਦੀ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਦਾ ਕਹਿਣਾ ਸੀ ਕਿ ਨਾਮਜ਼ਦਗੀ ਤੋਂ ਪਹਿਲਾਂ ਸਾਰੇ ਕਾਗਜ਼ਾਤ ਪੂਰੇ ਕਰਨਾ ਵੱਡੀ ਚੁਣੌਤੀ ਬਣ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਕੋ ਦਿਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਐਨਓਸੀ ਲਈ ਪਹੁੰਚਣ ਕਾਰਨ ਭੀੜ ਵਧ ਗਈ। ਕੁਝ ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਵੱਖਰੇ ਵਿਸ਼ੇਸ਼ ਕਾਊਂਟਰ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਘੱਟ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇ। ਦੂਜੇ ਪਾਸੇ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਲੁੜੀਂਦੇ ਦਸਤਾਵੇਜ਼ਾਂ ਦੇ ਕੋਈ ਵੀ ਨਾਮਜ਼ਦਗੀ ਕਬੂਲ ਨਹੀਂ ਕੀਤੀ ਜਾਵੇਗੀ। ਇਸ ਲਈ ਹਰ ਉਮੀਦਵਾਰ ਲਈ ਸਾਰੇ ਕਾਗਜ਼ ਪੂਰੇ ਕਰਨਾ ਲਾਜ਼ਮੀ ਹੈ। ਨਿਗਮ ਦਫ਼ਤਰ ਦੇ ਬਾਹਰ ਵੀ ਸਾਰਾ ਦਿਨ ਸਿਆਸੀ ਹਲਚਲ ਬਣੀ ਰਹੀ। ਸੰਭਾਵੀ ਉਮੀਦਵਾਰ ਤੇ ਉਨ੍ਹਾਂ ਦੇ ਹਮਾਇਤੀ ਆਉਣ ਵਾਲੀਆਂ ਚੋਣਾਂ ਲਈ ਰਣਨੀਤੀਆਂ ਬਣਾਉਣ ਤੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟੇ ਰਹੇ। ਚੋਣਾਂ ਦੇ ਮਾਹੌਲ ਨੇ ਸ਼ਹਿਰ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ।