ਨਗਰ ਨਿਗਮ ਚੋਣਾਂ: ਟਿਕਟਾਂ ਦੀ ਝਾਕ ’ਚ ਝਾੜੂ ਚੁੱਕਣ ਵਾਲਿਆਂ ਨੇ ਭਾਜਪਾ ਦਾ ਕਮਲ ਫੜ੍ਹਿਆ

-‘ਆਪ’ ਦੀ ਸੂਚੀ ਤੋਂ ਬਾਅਦ ਨਾਰਾਜ਼ਗੀ ਵਧੀ, ਟਿਕਟ ਮਿਲਣ ਦੇ ਬਾਵਜੂਦ ਦੋ ਨੇ ਚੋਣ ਲੜਨ ਤੋਂ ਕੀਤੀ ਨਾਂਹ
18) (ਉੱਪਰ) ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਣ ਵਾਲੇ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸਾ। (ਹੇਠਾਂ) ‘ਆਪ’ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ‘ਆਪ’ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਵਿੱਚ ਕਈ ਘਟਨਾਕ੍ਰਮ ਸਾਹਮਣੇ ਆਏ ਹਨ। ਟਿਕਟ ਵੰਡ ਨੂੰ ਲੈ ਕੇ ਕਈ ਆਗੂਆਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਟਿਕਟ ਦੀ ਝਾਕ ’ਚ ਝਾੜੂ ਚੁੱਕਣ ਵਾਲਿਆਂ ਨੇ ਸੂਚੀ ਵਿਚ ਨਾਮ ਨਾਂ ਆਉਣ ਬਾਅਦ ਹੁਣ ਟਿਕਟ ਲਈ ਕਮਲ ਦਾ ਫੁੱਲ ਫੜ੍ਹ ਲਿਆ ਹੈ। ਸਭ ਤੋਂ ਵੱਧ ਚਰਚਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਮਰਥਕਾਂ ਨੂੰ ਟਿਕਟ ਨਾ ਮਿਲਣ ਨੂੰ ਲੈ ਕੇ ਹੋ ਰਹੀ ਹੈ। ਪਾਰਟੀ ਦੀ ਸੂਚੀ ਵਿੱਚ ਗਿੱਲ ਗੁੱਟ ਦੇ ਕਈ ਦਾਅਵੇਦਾਰਾਂ ਦੇ ਨਾਮ ਗਾਇਬ ਰਹੇ, ਜਿਸ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ। ਇਸ ਦੌਰਾਨ ਵਿਧਾਇਕ ਗਿੱਲ ਦੇ ਭਾਣਜੇ ਨੇ ਟਿਕਟ ਮਿਲਣ ਦੇ ਬਾਵਜੂਦ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਹੁਣ ਵਾਰਡ ਨੰਬਰ 12 ਤੋਂ ਉਮੀਦਵਾਰ ਐਲਾਨੇ ਗਏ ਸੁਖਵਿੰਦਰ ਸਿੰਘ ਰੱਲਣ ਨੇ ਵੀ ਚੋਣ ਨਾ ਲੜਨ ਦਾ ਫ਼ੈਸਲਾ ਕਰ ਲਿਆ ਹੈ। ਇਸ ਨਾਲ ਪਾਰਟੀ ਅੰਦਰ ਚੱਲ ਰਹੀ ਨਾਰਾਜ਼ਗੀ ਹੋਰ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
-ਬਾਕਸ-
-ਟਿਕਟ ਦੀ ਝਾਕ ’ਚ ਕਾਂਗਰਸ ਤੋਂ ‘ਆਪ’ ਤੇ ਭਾਜਪਾ ਤਕ ਦਾ ਸਫ਼ਰ
ਟਿਕਟਾਂ ਨੂੰ ਲੈ ਕੇ ਹੋ ਰਹੀ ਖਿੱਚਤਾਣ ਕਾਰਨ ਕਈ ਆਗੂ ਆਪਣੀ ਸਿਆਸੀ ਜ਼ਮੀਨ ਬਚਾਉਣ ਲਈ ਪਾਰਟੀਆਂ ਬਦਲਦੇ ਵੀ ਨਜ਼ਰ ਆ ਰਹੇ ਹਨ। ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸਾ ਨੇ ਟਿਕਟ ਦੀ ਉਮੀਦ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ ਸੀ ਅਤੇ ‘ਝਾੜੂ’ ਚੁੱਕਿਆ ਸੀ। ਪਰ ਜਦੋਂ ‘ਆਪ’ ਵੱਲੋਂ ਉਨ੍ਹਾਂ ਨੂੰ ਟਿਕਟ ਨਾ ਮਿਲੀ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਤੇ ‘ਕਮਲ’ ਫੜ ਲਿਆ। ਹੁਣ ਭਾਜਪਾ ਨੇ ਉਨ੍ਹਾਂ ਟਿਕਟ ਦੇ ਦਿੱਤੀ ਹੈ। ਉਹ ਆਪਣੇ ਵਾਰਡ ਵਿਚ ਚੌਥੀਂ ਵਾਰ ਕੌਂਸਲਰ ਦੀ ਚੋਣ ਲੜਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਾ ਆ ਰਿਹਾ ਸੀ, ਪਰ ਇਸ ਵਾਰ ਜਦੋਂ ਉਸਨੂੰ ਕਾਂਗਰਸ ਵੱਲੋਂ ਟਿਕਟ ਕੱਟੇ ਜਾਣ ਦਾ ਪਤਾ ਲੱਗਾ ਤਾਂ ਉਹ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਰਾਹੀ ਆਪ ਵਿਚ ਸ਼ਾਮਲ ਹੋ ਗਿਆ, ਪਰ ਤਿੰਨ ਦਿਨ ਬਾਅਦ ਉਸਨੇ ਭਾਜਪਾ ਦਾ ਪੱਲਾ ਫੜ੍ਹਿਆ ਹੈ।
-ਬਾਕਸ-
-ਨਾ ਇਧਰ ਦੇ ਰਹੇ, ਨਾ ਉਧਰ ਦੇ, ਦੋਵਾਂ ਪਾਰਟੀਆਂ ਤੋਂ ਨਹੀਂ ਮਿਲੀ ਟਿਕਟ
ਨਿਗਮ ਚੋਣਾਂ ਵਿੱਚ ਵਾਰਡ ਨੰਬਰ 35 ਤੋਂ ਕਾਂਗਰਸ ਤੇ ਪੁਰਾਣੇ ਅਤੇ ਕੱਟੜ ਨੇਤਾ ਸਾਜਨ ਸ਼ਰਮਾ ਨਾਲ ਸਭ ਤੋਂ ਮਾੜੀ ਹੋਈ। ਉਸਦੀ ਸਥਿਤੀ ਇਹ ਬਣ ਗਈ ਕਿ ਨਾਂ ਇਧਰ ਕੇ ਰਹੇ ਨਾਂ ਉੁਧਰ ਕੇ, ਕਾਂਗਰਸ ਪਾਰਟੀ ਤੋਂ ਟਿਕਟ ਨਾ ਮਿਲਦੀ ਦੇਖ ਉਹ ਬੀਤੇ ਦਿਨੀ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ। ਪਰ ਅਗਲੇ ਹੀ ਦਿਨ ਉਨ੍ਹਾਂ ਨੂੰ ਕਾਂਗਰਸ ਦੇ ਕੁੱਝ ਆਗੂਆਂ ਨੇ ਘੇਰ ਲਿਆ ਅਤੇ ਦਬਾਅ ਪਾ ਕੇ ਫਿਰ ਤੋਂ ਕਾਂਗਰਸ ਵਿੱਚ ਸ਼ਾਮਲ ਕਰ ਲਿਆ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਉਸ ਨੂੰ ਟਿਕਟ ਦਾ ਵੀ ਪੱਕਾ ਭਰੋਸਾ ਦਿੱਤਾ ਗਿਆ। ਪ੍ਰੰਤੂ ਸ਼ੁੱਕਰਵਾਰ ਨੂੰ ਕਾਂਗਰਸ ਵੱਲੋਂ ਜਾਰੀ ਉਮੀਦਵਾਰਾਂ ਦੀ ਲਿਸਟ ਵਿੱਚ ਸਾਜਨ ਸ਼ਰਮਾ ਦੀ ਨੂੰਹ ਨੂੰ ਟਿਕਟ ਦੇਣ ਦੀ ਬਜਾਏ ਬੇਬੀ ਸੈਣੀ ਨੂੰ ਉਮੀਦਵਾਰ ਬਣਾ ਦਿੱਤਾ। ਕਾਂਗਰਸ ਦੀ ਲਿਸਟ ਵੇਖ ਕੇ ਸਾਜਨ ਸ਼ਰਮਾ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਹੁਣ ਕੀ ਕਰਨ। ਆਪਣੀ ਨੂੰਹ ਨੂੰ ਆਜ਼ਾਦ ਖੜੇ ਕਰਨ ਜਾਂ ਚੁੱਪ ਕਰਕੇ ਘਰੇ ਬੈਠ ਜਾਣ। ਸ਼ਰਮਾ ਨੂੰ ਵਾਰ ਵਾਰ ਪਾਰਟੀ ਬਦਲਣੀ ਭਾਰੀ ਪੈ ਗਈ। ਉਸਨੂੰ ਕਾਂਗਰਸ ਤੇ ਭਾਜਪਾ ਦੋਵਾਂ ਨੇ ਹੀ ਟਿਕਟ ਨਹੀ ਦਿੱਤੀ। ਸਾਜ਼ਨ ਸ਼ਰਮਾ ਦਾ ਕਹਿਦਾ ਸੀ ਕਿ ਉਸ ਲਾਲ ਵੱਡਾ ਧੋਖਾ ਹੋਇਆ ਹੈ।
-ਬਾਕਸ-
-ਦੋ ਆਗੂਆਂ ਨੇ ਦਿੱਤੇ ਅਸਤੀਫੇ
ਪਾਰਟੀ ਦੀ ਬਲਾਕ ਪ੍ਰਧਾਨ ਅਲਕਾ ਹਾਂਡਾ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੀ ਹੈ। ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੌੜ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਪਾਰਟੀ ਦੇ ਅੰਦਰ ਚੱਲ ਰਹੀ ਇਸ ਖਿੱਚਤਾਣ ਨੂੰ ਵਿਰੋਧੀ ਧਿਰ ਵੀ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਸਾਬਕਾ ਕੌਂਸਲਰ ਜਸਵੀਰ ਜੱਸਾ, ਸਾਬਕਾ ਕੌਂਸਲਰ ਬਸੰਤ ਅਗਰੋਈਆ ਅਤੇ ਡਾ. ਤਰਸੇਮ ਗਰਗ ਦੀ ਪਤਨੀ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਟਿਕਟਾਂ ਦੀ ਦੌੜ ਵਿੱਚ ਆਗੂਆਂ ਵੱਲੋਂ ਤਿੰਨ-ਤਿੰਨ ਦਿਨਾਂ ਵਿੱਚ ਦੋ-ਦੋ ਪਾਰਟੀਆਂ ਬਦਲਣ ਦੇ ਮਾਮਲੇ ਹੁਣ ਆਮ ਹੋ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਸਿਆਸੀ ਉਲਟਫੇਰ ਦੇਖਣ ਨੂੰ ਮਿਲ ਸਕਦੇ ਹਨ, ਕਿਉਂਕਿ ਟਿਕਟਾਂ ਤੋਂ ਨਾਰਾਜ਼ ਕਈ ਆਗੂ ਹਾਲੇ ਵੀ ਆਪਣੇ ਅਗਲੇ ਕਦਮ ਬਾਰੇ ਵਿਚਾਰ ਕਰ ਰਹੇ ਹਨ।
-ਬਾਕਸ-
-ਪਤੀ ‘ਆਪ’ 'ਚ ਤੇ ਪਤਨੀ ਭਾਜਪਾ ’ਚ ਸ਼ਾਮਲ
ਨਗਰ ਨਿਗਮ ਚੋਣਾਂ ਦੌਰਾਨ ਸਿਆਸਤ ਦੇ ਕਈ ਰੰਗ ਵੇਖਣ ਲਈ ਮਿਲ ਰਹੇ ਹਨ। ਜਿੱਥੇ ਆਗੂ ਟਿਕਟਾਂ ਲਈ ਵਾਰ-ਵਾਰ ਪਾਰਟੀਆਂ ਬਦਲ ਰਹੇ ਹਨ, ਉੱਥੇ ਹੀ ਪਤੀ ਆਮ ਆਦਮੀ ਪਾਰਟੀ ਦਾ ਵੱਡਾ ਅਹੁਦੇਦਾਰ ਹੈ, ਜਦੋਂ ਕਿ ਉਸ ਦੀ ਪਤਨੀ ਹੁਣ ਹੀ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਡਾ. ਤਰਸੇਮ ਗਰਗ ‘ਆਪ’ ਦੇ ਟਰੇਡ ਵਿੰਗ ਦੇ ਸੂਬਾ ਸੈਕਟਰੀ ਹਨ ਜਿਹੜੇ ਕਿ 46 ਨੰਬਰ ਵਾਰਡ ਤੋਂ ਟਿਕਟ ਦੀ ਮੰਗ ਕਰ ਰਹੇ ਸਨ, ਪਰ ਆਮ ਆਦਮੀ ਪਾਰਟੀ ਨੇ ਉਸ ਵਾਰਡ ਤੋਂ ਸਾਬਕਾ ਮੇਅਰ ਪਦਮਜੀਤ ਮਹਿਤਾ ਨੂੰ ਮੈਦਾਨ ’ਚ ਉਤਾਰਿਆ ਹੈ। ਜਦੋਂ ਡਾ. ਗਰਗ ਨੂੰ ਟਿਕਟ ਨਹੀਂ ਮਿਲੀ ਤਾਂ ਉਨ੍ਹਾਂ ਦੀ ਪਤਨੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ। ਸਿਆਸਤ ਵਿੱਚ ਇਸ ਤਰ੍ਹਾਂ ਦੀਆਂ ਸਿਆਸੀ ਘਟਨਾਵਾਂ ਨੂੰ ਲੈ ਕੇ ਸ਼ਹਿਰ ਅੰਦਰ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਡਾ. ਗਰਗ ਬਠਿੰਡਾ ਸ਼ਹਿਰ ਦੇ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਨੇੜਲੇ ਸਾਥੀ ਹਨ।