ਨਗਰ ਨਿਗਮ ਚੋਣਾਂ : ਵਾਰਡ ਨੰਬਰ 35 ਬਣਿਆ ਚਰਚਾ ਦਾ ਕੇਂਦਰ, ਦਰਾਣੀ ਤੇ ਜਠਾਣੀ ਆਹਮੋ-ਸਾਹਮਣੇ, ਸਿਆਸੀ ਮਾਹੌਲ ਹੋਇਆ ਗਰਮ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਿਗਮ ਚੋਣਾਂ ਸਬੰਧੀ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਹਰ ਵਾਰਡ ’ਚ ਉਮੀਦਵਾਰਾਂ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਵਾਰਡ ਨੰਬਰ 35 ਇਸ ਵਾਰ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਾਰਡ ਵਿੱਚ ਦਰਾਣੀ ਤੇ ਜਠਾਣੀ ਵਿਚਾਲੇ ਹੋਣ ਵਾਲਾ ਸਿਆਸੀ ਮੁਕਾਬਲਾ ਲੋਕਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਿਆ ਹੈ। ਪੂਰੇ ਸ਼ਹਿਰ ਵਿੱਚ ਇਸ ਚੋਣ ਮੁਕਾਬਲੇ ਦੀ ਚਰਚਾ ਚੱਲ ਰਹੀ ਹੈ ਅਤੇ ਲੋਕ ਇਸਨੂੰ ਪਰਿਵਾਰਕ ਰਿਸ਼ਤਿਆਂ ਨਾਲ ਜੁੜੀ ਰਾਜਨੀਤਕ ਟੱਕਰ ਵਜੋਂ ਦੇਖ ਰਹੇ ਹਨ। ਵਾਰਡ-35 ਤੋਂ ‘ਆਪ’ ਦੀ ਟਿਕਟ ’ਤੇ ਮਮਤਾ ਸੈਣੀ ਪਤਨੀ ਵਿਨੋਦ ਸੈਣੀ ਚੋਣ ਮੈਦਾਨ ਵਿੱਚ ਹਨ, ਜਦਕਿ ਕਾਂਗਰਸ ਪਾਰਟੀ ਵੱਲੋਂ ਬੇਬੀ ਸੈਣੀ ਪਤਨੀ ਸੰਜੀਵ ਸੈਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੋਵੇਂ ਉਮੀਦਵਾਰ ਇੱਕੋ ਪਰਿਵਾਰ ਨਾਲ ਸਬੰਧਤ ਹਨ ਅਤੇ ਦਰਾਣੀ-ਜਠਾਣੀ ਹੋਣ ਕਰਕੇ ਇਹ ਚੋਣ ਮੁਕਾਬਲਾ ਹੋਰ ਵੀ ਰੌਚਕ ਬਣ ਗਿਆ ਹੈ। ਦੋਵੇਂ ਮਹਿਲਾ ਉਮੀਦਵਾਰਾਂ ਮਰਹੂਮ ਕਾਂਗਰਸੀ ਆਗੂ ਰਾਮ ਹਲਵਾਈ ਦੀਆਂ ਨੂੰਹਾਂ ਹਨ। ਸਿਆਸੀ ਗਲਿਆਰਿਆਂ ਤੋਂ ਲੈ ਕੇ ਆਮ ਲੋਕਾਂ ਵਿਚਕਾਰ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਆਖਿਰਕਾਰ ਜਿੱਤ ਕਿਸ ਦੇ ਹਿੱਸੇ ਆਵੇਗੀ। ਚੋਣ ਮੈਦਾਨ ਵਿੱਚ ਉਤਰੀਆਂ ਦੋਵੇਂ ਉਮੀਦਵਾਰਾਂ ਵੱਲੋਂ ਆਪਣੇ-ਆਪਣੇ ਹੱਕ ਵਿੱਚ ਵੋਟਰਾਂ ਨੂੰ ਲੁਭਾਉਣ ਲਈ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਮਮਤਾ ਸੈਣੀ ਆਪਣੇ ਪ੍ਰਚਾਰ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਨੂੰ ਲੋਕਾਂ ਅੱਗੇ ਰੱਖ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਵੀ ਬਦਲਾਅ ਅਤੇ ਵਿਕਾਸ ਦੇ ਮੁੱਦੇ ’ਤੇ ਵੋਟ ਪਾਉਣਗੇ। ਦੂਜੇ ਪਾਸੇ ਕਾਂਗਰਸ ਦੀ ਉਮੀਦਵਾਰ ਬੇਬੀ ਸੈਣੀ ਵੀ ਵਾਰਡ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਕਰ ਰਹੀ ਹੈ। ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਆਪਣੇ ਪਰਿਵਾਰ ਦੀ ਸਮਾਜਿਕ ਪਛਾਣ ਨੂੰ ਚੋਣ ਮੁੱਦਾ ਬਣਾ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਵਾਰਡ ਦੇ ਲੋਕ ਉਨ੍ਹਾਂ ਨੂੰ ਭਾਰੀ ਸਮਰਥਨ ਦੇ ਰਹੇ ਹਨ ਅਤੇ ਉਹ ਜਿੱਤ ਦਰਜ ਕਰਨਗੇ। ਉਹ ਆਪਣੇ ਸਹੁਰੇ ਰਾਮ ਹਲਵਾਈ ਵੱਲੋਂ ਕੀਤੀ ਸੇਵਾ ਬਾਰੇ ਲੋਕਾਂ ਨੂੰ ਦੱਸ ਕੇ ਵੋਟ ਮੰਗ ਰਹੇ ਹਨ। ਵਾਰਡ ਨੰਬਰ 35 ਵਿੱਚ ਚੋਣ ਪ੍ਰਚਾਰ ਦੌਰਾਨ ਹਰ ਰੋਜ਼ ਨਵਾਂ ਰੰਗ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪਰਿਵਾਰਕ ਰਿਸ਼ਤਿਆਂ ਦੇ ਬਾਵਜੂਦ ਦੋਵੇਂ ਪਾਸਿਆਂ ਵੱਲੋਂ ਸਿਆਸੀ ਮਰਿਆਦਾ ਬਣਾਈ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਚੋਣਾਵੀ ਜੰਗ ਪੂਰੀ ਤਰ੍ਹਾਂ ਤਿੱਖੀ ਹੋ ਚੁੱਕੀ ਹੈ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਵਾਰਡ ਨੰਬਰ 35 ਦਾ ਮੁਕਾਬਲਾ ਇਸ ਵਾਰ ਨਗਰ ਨਿਗਮ ਚੋਣਾਂ ਦਾ ਸਭ ਤੋਂ ਚਰਚਿਤ ਮੁਕਾਬਲਾ ਬਣ ਗਿਆ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਇਹ ਵਾਰਡ ਸ਼ਹਿਰ ਦੀ ਸਿਆਸਤ ਦਾ ਕੇਂਦਰ ਬਣ ਚੁੱਕਾ ਹੈ।