ਬਠਿੰਡਾ ਨਗਰ ਨਿਗਮ ਚੋਣਾਂ ’ਚ ਚਹੁੰਕੋਣਾ ਮੁਕਾਬਲਾ, 282 ਉਮੀਦਵਾਰ ਮੈਦਾਨ ’ਚ, ਸ਼ਹਿਰ ਦਾ ਸਿਆਸੀ ਪਾਰਾ ਚੜ੍ਹਿਆ

-ਮੇਅਰ ਪਦਮਜੀਤ ਮਹਿਤਾ ਨੇ 50 ਉਮੀਦਵਾਰਾਂ ਸਮੇਤ ਗੁਰੂਘਰ ਤੋਂ ਲਿਆ ਆਸ਼ੀਰਵਾਦ, ਭਾਜਪਾ ਲੜ ਰਹੀ ਪਹਿਲੀ ਵਾਰ ਚੋਣ
ਗੁਰਤੇਜ ਸਿੰਘ ਸਿੱੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਹਿਰ ਦੇ 50 ਵਾਰਡਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 282 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਹਾਲਾਂਕਿ ਅਸਲ ਸਿਆਸੀ ਤਸਵੀਰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ, ਪਰ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਚੋਣਾਂ ਕਾਫ਼ੀ ਦਿਲਚਸਪ ਅਤੇ ਟੱਕਰ ਵਾਲੀਆਂ ਮੰਨੀਆਂ ਜਾ ਰਹੀਆਂ ਹਨ। ਇਸ ਵਾਰ ਦੀਆਂ ਨਗਰ ਨਿਗਮ ਚੋਣਾਂ ਦੀ ਸਭ ਤੋਂ ਵੱਡੀ ਖਾਸੀਅਤ ਚਹੁੰਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ। ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣੇ-ਆਪਣੇ ਉਮੀਦਵਾਰਾਂ ਨਾਲ ਪੂਰੇ ਜ਼ੋਰ-ਸ਼ੋਰ ਨਾਲ ਮੈਦਾਨ ਵਿੱਚ ਉਤਰੀਆਂ ਹੋਈਆਂ ਹਨ। ਖਾਸ ਕਰਕੇ ਭਾਜਪਾ ਨੇ ਇਸ ਵਾਰ ਸ਼ਹਿਰੀ ਵੋਟਰਾਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਕਾਫ਼ੀ ਹਮਲਾਵਰ ਰਣਨੀਤੀ ਅਪਣਾਈ ਹੋਈ ਹੈ, ਜਿਸ ਕਾਰਨ ਕਈ ਵਾਰਡਾਂ ਵਿੱਚ ਮੁਕਾਬਲੇ ਬਹੁਤ ਰੌਚਕ ਬਣਦੇ ਜਾ ਰਹੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਠਿੰਡਾ ਦੇ ਕਈ ਵਾਰਡਾਂ ਵਿੱਚ ਜਿੱਤ ਅਤੇ ਹਾਰ ਦਾ ਫੈਸਲਾ ਬਹੁਤ ਘੱਟ ਵੋਟਾਂ ਦੇ ਅੰਤਰ ਨਾਲ ਹੋ ਸਕਦਾ ਹੈ। ਕਈ ਅਜਿਹੇ ਵਾਰਡ ਹਨ ਜਿੱਥੇ ਪੁਰਾਣੇ ਸਿਆਸੀ ਧੁਰੰਧਰ ਅਤੇ ਨਵੇਂ ਚਿਹਰੇ ਆਪਸ ਵਿੱਚ ਟਕਰਾ ਰਹੇ ਹਨ। ਇਸ ਕਾਰਨ ਹਰ ਪਾਰਟੀ ਲਈ ਚੋਣ ਪ੍ਰਚਾਰ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਚੁਣੌਤੀ ਵਧ ਗਈ ਹੈ। ਸ਼ਹਿਰ ਅੰਦਰ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਪੋਸਟਰ, ਬੈਨਰ ਤੇ ਹੋਰਡਿੰਗ ਨਜ਼ਰ ਆਉਣ ਲੱਗੇ ਹਨ। ਉਮੀਦਵਾਰਾਂ ਨੇ ਮੀਟਿੰਗਾਂ ਤੋਂ ਇਲਾਵਾ ਘਰ ਘਰ ਜਾ ਵੋਟਰਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਅਜੇ ਵੀ ਠੰਢਾ ਨਹੀਂ ਪਿਆ। ਪਾਰਟੀ ਦੇ ਅੰਦਰ ਦੋ ਧੜਿਆਂ ਵਿੱਚ ਚੱਲ ਰਹੀ ਖਿੱਚਤਾਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਵਿਧਾਇਕ ਗਰੁੱਪ ਵੱਲੋਂ ਟਿਕਟਾਂ ਦੀ ਵੰਡ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਈ ਯੋਗ ਅਤੇ ਮਜ਼ਬੂਤ ਦਾਵੇਦਾਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉੱਧਰ ਮਹਿਤਾ ਗਰੁੱਪ ਦਾ ਕਹਿਣਾ ਹੈ ਕਿ ਪਾਰਟੀ ਨੇ ਵਿਸਥਾਰ ਪੂਰਵਕ ਸਰਵੇ ਕਰਵਾਉਣ ਤੋਂ ਬਾਅਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਹੈ ਅਤੇ ਉਨ੍ਹਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਜਿੱਤ ਦੀ ਸੰਭਾਵਨਾ ਸਭ ਤੋਂ ਵੱਧ ਸੀ। ਚੋਣ ਪ੍ਰਕਿਰਿਆ ਦੇ ਤਹਿਤ ਸੋਮਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, ਜਦਕਿ ਮੰਗਲਵਾਰ ਨੂੰ ਉਮੀਦਵਾਰ ਆਪਣੇ ਨਾ ਵਾਪਸ ਲੈ ਸਕਣਗੇ। ਇਸ ਪ੍ਰਕਿਰਿਆ ਤੋਂ ਬਾਅਦ ਹੀ ਸਾਰੀਆਂ ਪਾਰਟੀਆਂ ਦੀ ਅਸਲੀ ਚੋਣੀ ਸਥਿਤੀ ਸਾਹਮਣੇ ਆਵੇਗੀ।
-ਬਾਕਸ-
-ਸਿਆਸੀ ਦਿਸ਼ਾ ਤੈਅ ਕਰ ਸਕਦੀਆਂ ਨੇ ਚੋਣਾਂ
ਇਨ੍ਹਾਂ ਚੋਣਾਂ ਵਿੱਚ ਕਈ ਵੱਡੇ ਸਿਆਸੀ ਆਗੂਆਂ ਦੀ ਸਿਆਸੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ ਅਮਰਜੀਤ ਮਹਿਤਾ, ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਲਈ ਇਹ ਚੋਣਾਂ ਵਕਾਰ ਦੀ ਲੜਾਈ ਬਣ ਚੁੱਕੀਆਂ ਹਨ। ਇਨ੍ਹਾਂ ਆਗੂਆਂ ਦੀ ਸਿਆਸੀ ਪਕੜ ਅਤੇ ਜ਼ਮੀਨੀ ਤਾਕਤ ਦਾ ਅਸਲੀ ਅੰਦਾਜ਼ਾ ਚੋਣ ਨਤੀਜਿਆਂ ਤੋਂ ਹੀ ਲੱਗੇਗਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਨਗਰ ਨਿਗਮ ਚੋਣਾਂ ਭਾਵੇਂ ਸਥਾਨਕ ਪੱਧਰ ਦੀਆਂ ਹੁੰਦੀਆਂ ਹਨ, ਪਰ ਇਨ੍ਹਾਂ ਦੇ ਨਤੀਜੇ ਭਵਿੱਖ ਦੀ ਸਿਆਸਤ ਦੀ ਦਿਸ਼ਾ ਵੀ ਤੈਅ ਕਰਦੇ ਹਨ। ਬਠਿੰਡਾ ਦੀਆਂ ਇਹ ਚੋਣਾਂ ਵੀ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਇੱਕ ਤਰ੍ਹਾਂ ਦਾ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਹਨ। ਜਿਹੜੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰੇਗੀ, ਉਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਨੋਵਿਗਿਆਨਕ ਤੇ ਸਿਆਸੀ ਫਾਇਦਾ ਮਿਲ ਸਕਦਾ ਹੈ।
-ਬਾਕਸ-
-ਚੋਣਾਂ ਦੇ ਰੰਗ ’ਚ ਰੰਗਿਆ ਸ਼ਹਿਰ
ਫਿਲਹਾਲ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਚੋਣੀ ਰੰਗ ਵਿੱਚ ਰੰਗਿਆ ਹੋਇਆ ਹੈ। ਗਲੀਆਂ-ਮੁਹੱਲਿਆਂ ਤੋਂ ਲੈ ਕੇ ਸਿਆਸੀ ਦਫਤਰਾਂ ਤੱਕ ਚੋਣਾਂ ਦੀ ਹੀ ਚਰਚਾ ਹੈ। ਹੁਣ ਸਭ ਦੀਆਂ ਨਜ਼ਰਾਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅਤੇ ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਦੀ ਪ੍ਰਕਿਰਿਆ ’ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਬਠਿੰਡਾ ਨਗਰ ਨਿਗਮ ਚੋਣਾਂ ਦੀ ਅਸਲੀ ਤਸਵੀਰ ਸਾਫ਼ ਹੋਵੇਗੀ। ਦੂਜੇ ਪਾਸੇ ਟਿਕਟਾਂ ਨਾਂ ਮਿਲਣ ਤੋਂ ਨਰਾਜ਼ ਵਲੰਅੀਅਰ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣਾ ਦੇ ਰੌਅ ਵਿਚ ਹਨ।
-ਬਾਕਸ-
-ਕਿਹੜੀ ਜਗ੍ਹਾ ਕਿੰਨੇ ਉਮੀਦਵਾਰ ਹਨ ਚੋਣ ਮੈਦਾਨ ’ਚ
ਨਿਗਮ ਬਠਿੰਡਾ ਦੇ 50 ਵਾਰਡਾਂ ਲਈ 282 ਨਾਮਜ਼ਦਗੀਆਂ ਭਰੀਆਂ ਗਈਆਂ। ਇਸੇ ਤਰ੍ਹਾਂ ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ ਲਈ 70, ਗੋਨਿਆਣਾ ਦੇ 13 ਵਾਰਡਾਂ ਲਈ 61, ਕੋਟਫੱਤਾ ਦੇ 11 ਵਾਰਡਾਂ ਲਈ 36, ਮੌੜ ਮੰਡੀ ਦੇ 17 ਵਾਰਡਾਂ ਲਈ 97, ਰਾਮਾਂ ਮੰਡੀ ਦੇ 15 ਵਾਰਡਾਂ ਲਈ 62, ਸੰਗਤ ਮੰਡੀ ਦੇ 9 ਵਾਰਡਾਂ ਲਈ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸੇ ਤਰ੍ਹਾਂ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ 83 , ਮਲੂਕਾ ਦੇ 11 ਵਾਰਡਾਂ ਲਈ 54, ਭਗਤਾ ਭਾਈਕਾ ਦੇ 13 ਵਾਰਡਾਂ ਲਈ 80, ਕੋਟਸਮੀਰ ਦੇ 13 ਵਾਰਡਾਂ ਲਈ 43, ਨਥਾਣਾ ਦੇ 11 ਵਾਰਡਾਂ ਲਈ 45, ਲਹਿਰਾ ਮੁਹੱਬਤ ਦੇ 11 ਵਾਰਡਾਂ ਲਈ 45, ਭਾਈਰੂਪਾ ਦੇ 13 ਵਾਰਡਾਂ ਲਈ 77 ਅਤੇ ਕੋਠਾ ਗੁਰੂ ਦੇ 11 ਵਾਰਡਾਂ ਲਈ 54 ਨਾਮਜਦਗੀ ਪੱਤਰ ਦਾਖ਼ਲ ਕਰਵਾਏ ਗਏ। ਚੋਣ ਸ਼ਡਿਊਲ ਮੁਤਾਬਕ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ (ਸੋਮਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਮਈ (ਮੰਗਲਵਾਰ) (ਦੁਪਹਿਰ 03:00 ਵਜੇ ਤੱਕ) ਹੈ। ਚੋਣਾਂ 26 ਮਈ (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਕਰਵਾਈਆਂ ਜਾਣਗੀਆਂ। ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29 ਮਈ (ਸ਼ੁੱਕਰਵਾਰ) ਨੂੰ ਸਥਾਪਿਤ ਗਿਣਤੀ ਕੇਂਦਰਾਂ ’ਚ ਕੀਤੀ ਜਾਵੇਗੀ।
-ਬਾਕਸ-
-ਕੌਣ ਕਿੱਥੇ ਹੋਵੇਗਾ ਰਿਟਰਨਿੰਗ ਅਫ਼ਸਰ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦੱਸਿਆ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 1 ਤੋਂ 17 ਦੇ ਰਿਟਰਨਿੰਗ ਅਫਸਰ ਐਕਸੀਅਨ ਲੋਕ ਨਿਰਮਾਣ ਵਿਭਾਗ (ਪ੍ਰੋਵਿੰਸ਼ੀਅਲ ਡਿਵੀਜ਼ਨ ਨੰਬਰ 2), ਵਾਰਡ ਨੰਬਰ 18 ਤੋਂ 34 ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਅਤੇ ਵਾਰਡ ਨੰਬਰ 35 ਤੋਂ 50 ਦੇ ਰਿਟਰਨਿੰਗ ਅਫਸਰ ਜ਼ਿਲ੍ਹਾ ਮੈਨੇਜਰ ਮਾਰਕਫੈਡ ਬਠਿੰਡਾ ਹਨ। ਇਸੇ ਤਰ੍ਹਾਂ ਭੁੱਚੋ ਮੰਡੀ ਦੇ ਰਿਟਰਨਿੰਗ ਅਫਸਰ ਐਕਸੀਅਨ ਜਲ ਸਰੋਤ ਵਿਭਾਗ, ਗੋਨਿਆਣਾ ਦੇ ਰਿਟਰਨਿੰਗ ਅਫਸਰ ਗੋਨਿਆਣਾ ਨਾਇਬ ਤਹਿਸੀਲਦਾਰ, ਰਾਮਾਂ ਦੇ ਰਿਟਰਨਿੰਗ ਅਫਸਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ, ਮੌੜ ਦੇ ਰਿਟਰਨਿੰਗ ਅਫਸਰ ਉਪ ਮੰਡਲ ਮੈਜਿਸਟਰੇਟ ਮੌੜ, ਕੋਟਫੱਤਾ ਦੇ ਰਿਟਰਨਿੰਗ ਅਫਸਰ ਐਕਸੀਅਨ ਪੰਚਾਇਤੀ ਰਾਜ ਬਠਿੰਡਾ, ਸੰਗਤ ਦੇ ਰਿਟਰਨਿੰਗ ਅਫਸਰ ਐਕਸੀਅਨ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ ਨੰਬਰ 2), ਕੋਟਸ਼ਮੀਰ ਦੇ ਐਕਸੀਅਨ ਸੀਵਰੇਜ ਬੋਰਡ, ਲਹਿਰਾ ਮੁਹੱਬਤ ਦੇ ਬੀ.ਡੀ.ਪੀ.ਓ ਗੋਨਿਆਣਾ, ਨਥਾਣਾ ਦੇ ਨਾਇਬ ਤਹਿਸੀਲਦਾਰ ਨਥਾਣਾ, ਭਗਤਾ ਭਾਈਕਾ ਦੇ ਉਪ ਮੰਡਲ ਮੈਜਿਸਟਰੇਟ ਰਾਮਪੁਰਾ, ਭਾਈ ਰੂਪਾ ਦੇ ਨਾਇਬ ਤਹਿਸੀਲਦਾਰ ਰਾਮਪੁਰਾ, ਕੋਠਾ ਗੁਰੂ ਦੇ ਜ਼ਿਲ੍ਹਾ ਮੰਡੀ ਅਫਸਰ, ਮਲੂਕਾ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ, ਮਹਿਰਾਜ ਦੇ ਜ਼ਿਲ੍ਹਾ ਰੈਜਿਸਟ੍ਰਾਰ ਸਹਿਕਾਰਤਾ ਵਿਭਾਗ ਹਨ।