ਨਗਰ ਨਿਗਮ ਤੇ ਕੌਂਸਲ ਚੋਣਾਂ ਲਈ ਸਰਗਰਮੀਆਂ ਤੇਜ਼, ਭਾਜਪਾ ਨੇ ਚੋਣਾਂ ਲਈ ਇੰਚਾਰਜ ਕੀਤੇ ਨਿਯੁਕਤ

-ਪਹਿਲੀ ਵਾਰ ਸਥਾਨਕ ਚੋਣਾਂ ’ਚ ਵੱਡੇ ਪੱਧਰ ’ਤੇ ਉਮੀਦਵਾਰ ਉਤਾਰਨ ਦੀ ਤਿਆਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਵਿੱਚ ਆਉਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਦਕਿ ਭਾਰਤੀ ਜਨਤਾ ਪਾਰਟੀ ਨੇ ਵੀ ਮੈਦਾਨ ਵਿੱਚ ਉਤਰਦਿਆਂ ਵੱਖ-ਵੱਖ ਚੋਣ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਭਾਜਪਾ ਵੱਲੋਂ ਪਹਿਲੀ ਵਾਰ ਇਨ੍ਹਾਂ ਚੋਣਾਂ ਵਿੱਚ ਵੱਡੇ ਪੱਧਰ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਜਪਾ ਹਾਈਕਮਾਨ ਨੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਤਜਰਬੇਕਾਰ ਆਗੂਆਂ ਨੂੰ ਚੋਣ ਇੰਚਾਰਜ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਨ੍ਹਾਂ ਇੰਚਾਰਜਾਂ ਦਾ ਮੁੱਖ ਕੰਮ ਸਥਾਨਕ ਪੱਧਰ ’ਤੇ ਸੰਗਠਨ ਨੂੰ ਸਰਗਰਮ ਕਰਨਾ, ਸੰਭਾਵੀ ਉਮੀਦਵਾਰਾਂ ਨਾਲ ਸੰਪਰਕ ਕਰਨਾ ਅਤੇ ਚੋਣ ਪ੍ਰਚਾਰ ਦੀ ਰਣਨੀਤੀ ਤਿਆਰ ਕਰਨਾ ਹੋਵੇਗਾ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਹੁਣ ਪੰਜਾਬ ’ਚ ਆਪਣਾ ਆਧਾਰ ਮਜ਼ਬੂਤ ਕਰਨ ਵੱਲ ਧਿਆਨ ਦੇ ਰਹੀ ਹੈ। ਇਸੇ ਲਈ ਸਥਾਨਕ ਚੋਣਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਈ ਥਾਵਾਂ ’ਤੇ ਭਾਜਪਾ ਆਗੂਆਂ ਤੇ ਕਾਰਕੁਨਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਦਾ ਇਹ ਕਦਮ ਪੰਜਾਬ ਦੀ ਸਿਆਸਤ ਵਿੱਚ ਨਵਾਂ ਸਮੀਕਰਨ ਪੈਦਾ ਕਰ ਸਕਦਾ ਹੈ। ਜੇਕਰ ਪਾਰਟੀ ਵੱਡੀ ਗਿਣਤੀ ਵਿੱਚ ਉਮੀਦਵਾਰ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸ ਦਾ ਸਿੱਧਾ ਅਸਰ ਰਵਾਇਤੀ ਪਾਰਟੀਆਂ ਦੇ ਵੋਟ ਬੈਂਕ ’ਤੇ ਪੈ ਸਕਦਾ ਹੈ। ਖ਼ਾਸ ਕਰਕੇ ਸ਼ਹਿਰੀ ਖੇਤਰਾਂ ’ਚ ਭਾਜਪਾ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਹੋਰ ਰਾਜਨੀਤਿਕ ਪਾਰਟੀਆਂ ਵੀ ਆਪਣੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਹਨ। ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਹੋਰ ਧਿਰਾਂ ਵੱਲੋਂ ਵੀ ਸਥਾਨਕ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਨਾਲ ਮਸ਼ਵਰਾ ਕੀਤਾ ਜਾ ਰਿਹਾ ਹੈ। ਚੋਣਾਂ ਦੀਆਂ ਤਾਰੀਖਾਂ ਦਾ ਅਧਿਕਾਰਤ ਐਲਾਨ ਭਾਵੇਂ ਅਜੇ ਨਹੀਂ ਹੋਇਆ, ਪਰ ਸਿਆਸੀ ਹਲਚਲ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ’ਚ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਕਾਫ਼ੀ ਦਿਲਚਸਪ ਰਹਿਣਗੀਆਂ।
-ਬਾਕਸ-
-ਕੌਣ ਕਿੱਥੇ ਲਾਇਆ ਇੰਚਾਰਜ਼
ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਵੱਲੋਂ ਜਾਰੀ ਸੂਚੀ ਅਨੁਸਾਰ ਜੀਵਨ ਗੁਪਤਾ ਨੂੰ ਬਠਿੰਡਾ ਦਾ ਇੰਚਾਰਜ ਅਤੇ ਮੋਨਾ ਜੈਸਵਾਲ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਮੌੜ ਮੰਡੀ ਨਗਰ ਕੌਂਸਲ ਦੀ ਚੋਣ ਲਈ ਮੱਖਣ ਲਾਲ ਨੂੰ ਇੰਚਾਰਜ ਲਾਇਆ ਗਿਆ ਹੈ, ਜਦੋਂ ਕਿ ਰਾਮਾ ਮੰਡੀ ਨਗਰ ਕੌਂਸਲ ਲਈ ਅਮਰਿੰਦਰ ਸਿੰਘ ਦਾਤੇਵਾਸ ਚੋਣ ਇੰਚਾਰਜ ਹੋਣਗੇ। ਇਸ ਤਰ੍ਹਾਂ ਨਗਰ ਪੰਚਾਇਤ ਕੋਠਾ ਗੁਰੂ ਲਈ ਮੇਜਰ ਸਿੰਘ ਬਰਾੜ, ਨਗਰ ਪੰਚਾਇਤ ਕੋਟਸ਼ਮੀਰ ਲਈ ਗੁਰਜੀਤ ਸਿੰਘ ਮਾਨ, ਨਗਰ ਪੰਚਾਇਤ ਲਹਿਰਾ ਮੁਹੱਬਤ ਲਈ ਬਲਦੇਵ ਸਿੰਘ, ਨਗਰ ਕੌਂਸਲ ਭੁੱਚੋ ਮੰਡੀ ਲਈ ਵਰਿੰਦਰ ਸ਼ਰਮਾ, ਨਗਰ ਕੌਂਸਲ ਗੋਨਿਆਣਾ ਲਈ ਭਾਰਤ ਭੂਸ਼ਣ ਅਤੇ ਨਗਰ ਕੌਂਸਲ ਕੋਟਫੱਤਾ ਲਈ ਆਸੂਤੋਸ਼ ਤਿਵਾੜੀ ਨੂੰ ਇੰਚਾਰਜ ਨਿਯੁਕਤ ਕੀਤਾ। ਇਸ ਤਰ੍ਹਾਂ ਹੀ ਨਗਰ ਕੌਂਸਲ ਸੰਗਤ ਲਈ ਰੁਪਿੰਦਰ ਸਿੰਘ ਸਿੱਧੂ, ਨਗਰ ਪੰਚਾਇਤ ਭਗਤਾ ਲਈ ਕੁਲਦੀਪ ਸਿੰਘ, ਨਗਰ ਪੰਚਾਇਤ ਭਾਈ ਰੂਪਾ ਲਈ ਕਰਮਪਾਲ ਸਿੰਘ, ਨਗਰ ਪੰਚਾਇਤ ਮਲੂਕਾ ਲਈ ਜਸਬੀਰ ਸਿੰਘ, ਨਗਰ ਪੰਚਾਇਤ ਮਹਿਰਾਜ ਲਈ ਜਸਬੀਰ ਸਿੰਘ ਤੇ ਨਗਰ ਪੰਚਾਇਤ ਨਥਾਣਾ ਲਈ ਜਤਿੰਦਰ ਕੁਮਾਰ ਗੋਗੀ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਇੰਚਾਰਜ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ।