ਨਵੀਂ ਵਾਰਡਬੰਦੀ ਕਾਰਨ ਵਿਗੜਿਆ ਨਗਰ ਨਿਗਮ ਚੋਣਾਂ ਦਾ ਸਿਆਸੀ ਗਣਿਤ

-50 ’ਚੋਂ 33 ਵਾਰਡ ਰਾਖਵੇਂ ਤੇ 25 ਵਾਰਡ ਔਰਤਾਂ ਲਈ ਰਾਖਵੇਂ, ਨਵੀਂ ਵਾਰਡ ਤੇ ਹੱਦਬੰਦੀ ਕਾਰਨ ਕਈ ਸਿਆਸੀ ਆਗੂ ਪ੍ਰਭਾਵਿਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ ਚੋਣਾਂ ਦੇ ਐਲਾਨ ਨਾਲ ਹੀ ਸ਼ਹਿਰ ਵਿਚ ਰਾਜਸੀ ਸਰਗਰਮੀਆਂ ਵਿਚ ਇਕਦਮ ਤੇਜ਼ੀ ਆ ਗਈ ਹੈ। ਇਸ ਵਾਰ ਚੋਣਾਂ ਦਾ ਸਭ ਤੋਂ ਪ੍ਰਮੁੱਖ ਤੇ ਚਰਚਾ ਵਾਲਾ ਪਹਿਲੂ ਨਵੀਂ ਵਾਰਡਬੰਦੀ ਰਹੀ ਹੈ। ਨਵੀਂ ਵਾਰਡਬੰਦੀ ਤਹਿਤ ਬਠਿੰਡਾ ਨਗਰ ਨਿਗਮ ਦੇ 50 ਵਿੱਚੋਂ 33 ਵਾਰਡ ਰਾਖਵੇਂ ਕੀਤੇ ਗਏ ਹਨ। ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਔਰਤਾਂ ਲਈ ਰਾਖਵਾਂ ਕਰਨ ਨਿਰਧਾਰਤ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਵਾਂਗ ਨਗਰ ਨਿਗਮ ਹਾਊਸ ਵਿਚ 50 ਫ਼ੀਸਦੀ ਔਰਤਾਂ ਦੀ ਭਾਗੀਦਾਰੀ ਯਕੀਨੀ ਬਣਾਈ ਗਈ ਹੈ। ਨਵੀਂ ਵਾਰਡਬੰਦੀ ਲਾਗੂ ਹੋਣ ਨਾਲ ਰਾਜਨੀਤਕ ਪਾਰਟੀਆਂ ਦੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਪੂਰੇ ਚੋਣ ਸਮੀਕਰਨ ਬਦਲ ਗਏ ਹਨ। ਹੁਣ ਵੱਖ ਵੱਖ ਰਾਜਸੀ ਪਾਰਟੀਆਂ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੁੜ ਰਣਨੀਤੀ ਬਣਾਉਣ ਲੱਗੀਆਂ ਹਨ। ਬਹੁਤ ਸਾਰੇ ਮੌਜੂਦਾ ਕੌਂਸਲਰਾਂ ਦੇ ਵਾਰਡ ਬਦਲ ਗਏ ਹਨ, ਜਦਕਿ ਕੁਝ ਵਾਰਡਾਂ ਦੇ ਰਾਖਵੀਂ ਸ਼੍ਰੇਣੀ ਵਿਚ ਤਬਦੀਲੀ ਨੇ ਮੌਜੂਦਾ ਦਾਅਵੇਦਾਰਾਂ ਲਈ ਚੋਣਾਂ ਲੜਨਾ ਮੁਸ਼ਕਿਲ ਬਣਾ ਦਿੱਤਾ ਹੈ। ਸਿੱਟੇ ਵਜੋਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਹੁਣ ਨਵੀਆਂ ਰਣਨੀਤੀਆਂ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ। ਇਸ ਵਾਰ ਸਫਾਈ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਪਾਰਕ, ਸੁਰੱਖਿਆ ਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਮੁੱਖ ਮੁੱਦੇ ਬਣ ਸਕਦੇ ਹਨ।
-ਬਾਕਸ-
-ਆਪ ਲਈ ਵੱਕਾਰ ਦਾ ਸਵਾਲ, ਰਾਜਸੀ ਪਾਰਟੀਆਂ ਚੋਣਾਂ ਲਈ ਗੰਭੀਰ
‘ਆਪ’ ਵੱਲੋਂ ਸੂਬੇ ਵਿਚ ਸਰਕਾਰ ਬਣਾਉਣ ਤੋਂ ਬਾਅਦ ਨਿਗਮ ਦੀ ਇਹ ਪਹਿਲੀ ਵੱਡੀ ਚੋਣ ਮੰਨੀ ਜਾ ਰਹੀ ਹੈ। ਸਿੱਟੇ ਵਜੋਂ ਇਹ ਚੋਣ ਸੱਤਾਧਾਰੀ ਪਾਰਟੀ ਲਈ ਵੱਕਾਰ ਦਾ ਸਵਾਲ ਬਣ ਗਈ ਹੈ। ਪਾਰਟੀ ਸਰਕਾਰੀ ਯੋਜਨਾਵਾਂ ਤੇ ਵਿਕਾਸ ਕਾਰਜਾਂ ਦਾ ਪ੍ਰਚਾਰ ਕਰਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਇਸ ਚੋਣ ਰਾਹੀਂ ਸ਼ਹਿਰ ਵਿੱਚ ਆਪਣਾ ਰਾਜਨੀਤਕ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ। ਭਾਜਪਾ ਸ਼ਹਿਰੀ ਵੋਟ ਬੈਂਕ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ, ਜਦਕਿ ਅਕਾਲੀ ਦਲ ਸਰਕਾਰ ਸਮੇਂ ਕਰਵਾਏ ਵਿਕਾਸ-ਕਾਰਜਾਂ ਦੇ ਸਿਰ ’ਤੇ ਚੋਣਾਵੀ ਮੈਦਾਨ ਵਿਚ ੳਤਰਨ ਦੀ ਤਿਆਰੀ ਕਰ ਰਿਹਾ ਹੈ। ਰਾਜਨੀਤਕ ਮਾਹਿਰਾਂ ਅਨੁਸਾਰ ਭਾਵੇਂ ਨਗਰ ਨਿਗਮ ਚੋਣਾਂ ਸਥਾਨਕ ਹਨ, ਪਰ ਉਨ੍ਹਾਂ ਦੇ ਨਤੀਜੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਵੀ ਨਿਰਧਾਰਤ ਕਰਨਗੇ ਹਨ। ਇਸ ਲਈ ਸਾਰੀਆਂ ਪਾਰਟੀਆਂ ਇਸ ਚੋਣ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਨਿਗਮ ਚੋਣਾਂ ਦੇ ਨਤੀਜੇ ਕੁੱਝ ਹੱਦ ਤਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਤਿ ਕਰ ਸਕਦੇ ਹਨ।
-ਬਾਕਸ-
-ਹੱਦਬੰਦੀ ਨਾਲ ਬਣੇ ਨਵੇਂ ਸਮੀਕਰਨ
ਨਵੀਂ ਵਾਰਡਬੰਦੀ ’ਤੇ ਹੱਦਬੰਦੀ ਕਾਰਨ ਬਹੁਤ ਸਾਰੇ ਮੁਹੱਲਿਆਂ ਤੇ ਕਾਲੋਨੀਆਂ ਨੂੰ ਨਵੇਂ ਵਾਰਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਵੋਟਰਾਂ ਦਾ ਗਣਿਤ ਪੂਰੀ ਤਰ੍ਹਾਂ ਬਦਲ ਗਿਆ ਹੈ। ਸ਼ਹਿਰ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ, ਜਿੱਥੇ ਪਹਿਲਾਂ ਇਕ ਪਾਰਟੀ ਦਾ ਮਜ਼ਬੂਤ ਪ੍ਰਭਾਵ ਸੀ, ਪਰ ਨਵੀਂ ਹੱਦਬੰਦੀ ਤੋਂ ਬਾਅਦ ਮੁਕਾਬਲਾ ਤਿਕੋਣਾ ਜਾਂ ਇੱਥੋਂ ਤਕ ਕਿ ਚਹੁੰਕੋਨਾ ਵੀ ਹੋ ਸਕਦਾ ਹੈ। ਚੋਣ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਉਮੀਦਵਾਰ ਦੀ ਨਿੱਜੀ ਛਵੀ ਅਤੇ ਖੇਤਰ ਵਿੱਚ ਸਰਗਰਮੀ ਇਸ ਵਾਰ ਮਹੱਤਵਪੂਰਨ ਭੂਮਿਕਾ ਨਿਭਾਏਗੀ, ਕਿਉਂਕਿ ਵਾਰਡ ਤੇ ਹੱਦਬੰਦੀ ਬਦਲ ਜਾਣ ਕਾਰਨ ਨਵੇਂ ਰਾਜਸੀ ਸਮੀਕਰਨ ਬਣ ਰਹੇ ਹਨ। ਇਸ ਕਾਰਨ ਕਰਕੇ ਸੰਭਾਵੀ ਉਮੀਦਵਾਰਾਂ ਨੇ ਪਹਿਲਾਂ ਹੀ ਘਰ-ਘਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਮੁਹਿੰਮਾਂ, ਗਲੀ-ਮੁਹੱਲਿਆਂ ਦੀਆਂ ਮੀਟਿੰਗਾਂ ਤੇ ਛੋਟੇ ਪੱਧਰ ਦੇ ਜਨਤਕ ਇਕੱਠ ਵੀ ਉਨ੍ਹਾਂ ਦੇ ਚੋਣ ਮੁਹਿੰਮਾਂ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਏ ਹਨ।
-ਬਾਕਸ-
-ਔਰਤਾਂ ਨੂੰ ਮਿਲੇਗੀ ਵਧੇਰੇ ਨੁਮਾਇੰਦਗੀ
ਨਵੇਂ ਵਾਰਡਾਂ ਦੀ ਹੱਦਬੰਦੀ ਤੋਂ ਬਾਅਦ ਇਸ ਵਾਰ ਸਥਾਨਕ ਚੋਣਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਬਣ ਗਈ ਹੈ। 50 ਫੀਸਦੀ ਰਾਖਵੇਂਕਰਨ ਦੇ ਚਲਦੇ ਨਗਰ ਨਿਗਮ ਸਦਨ ਵਿੱਚ ਮਹਿਲਾ ਕੌਂਸਲਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੇਗੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਮਹਿਲਾ ਉਮੀਦਵਾਰਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਕਈ ਵਾਰਡਾਂ ਵਿੱਚ ਪੁਰਸ਼ ਆਗੂਆਂ ਦੀ ਥਾਂ ਉਨ੍ਹਾਂ ਦੀਆਂ ਪਤਨੀਆਂ, ਭੈਣਾਂ ਜਾਂ ਪਰਿਵਾਰ ਦੀਆਂ ਹੋਰ ਮਹਿਲਾ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਕਾਰਨ ਰਾਜਨੀਤੀ ਵਿੱਚ ਪਰਿਵਾਰਕ ਪ੍ਰਭਾਵ ਅਤੇ ਮਹਿਲਾ ਲੀਡਰਸ਼ਿਪ ਦਾ ਮਿਲਿਆ-ਜੁਲਿਆ ਰੂਪ ਦੇਖਣ ਨੂੰ ਮਿਲੇਗਾ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਔਰਤਾਂ ਲਈ ਸਥਾਨਕ ਰਾਜਨੀਤੀ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦਾ ਵੱਡਾ ਮੌਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਨਾਲ ਚੋਣ ਮੁਹਿੰਮ ਦੇ ਮੁੱਦਿਆਂ ਵਿੱਚ ਵੀ ਤਬਦੀਲੀ ਆਵੇਗੀ ਅਤੇ ਸਫਾਈ, ਸਿਹਤ, ਪਾਣੀ, ਸਿੱਖਿਆ ਅਤੇ ਮਹਿਲਾ ਸੁਰੱਖਿਆ ਵਰਗੇ ਮੁੱਦੇ ਹੋਰ ਵੱਧ ਅਹਿਮ ਹੋ ਸਕਦੇ ਹਨ।
-ਬਾਕਸ-
-ਰਾਖਵਾਂਕਰਨ ਤੋਂ ਬਾਅਦ ਵੱਡੇ ਆਗੂਆਂ ਦਾ ਰਾਹ ਹੋਇਆ ਔਖਾ
ਨਵੀਂ ਵਾਰਡ ਹੱਦਬੰਦੀ ਨੇ ਕਈ ਮੌਜੂਦਾ ਅਤੇ ਸਾਬਕਾ ਕੌਂਸਲਰਾਂ ਦੇ ਰਾਜਨੀਤਕ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕਈ ਅਜੇਿ ਵਾਰਡ ਹਨ, ਜਿਥੋਂ ਆਗੂ ਲੰਬੇ ਸਮੇਂ ਤੋਂ ਚੋਣਾਂ ਲੜਦੇ ਆ ਰਹੇ ਸਨ, ਹੁਣ ਰਾਖਵੇਂ ਕਰ ਦਿੱਤੇ ਗਏ ਹਨ ਜਾਂ ਉਨ੍ਹਾਂ ਦੀ ਸ੍ਰੇਣੀ ਵਿੱਚ ਤਬਦੀਲੀ ਹੋ ਗਈ ਹੈ। ਇਸ ਕਾਰਨ ਕਈ ਤਜਰਬੇਕਾਰ ਆਗੂਆਂ ਨੂੰ ਨਵੇਂ ਵਾਰਡਾਂ ਦੀ ਭਾਲ ਕਰਨੀ ਪੈ ਰਹੀ ਹੈ ਜਾਂ ਫਿਰ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰਨੀ ਪੈ ਰਹੀ ਹੈ। ਉੱਧਰ ਟਿਕਟਾਂ ਦੀ ਵੰਡ ਵੀ ਰਾਜਨੀਤਕ ਪਾਰਟੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਪਾਰਟੀ ਲੀਡਰਸ਼ਿਪ ਨੂੰ ਜਾਤੀ ਸਮੀਕਰਨਾਂ, ਸਥਾਨਕ ਪ੍ਰਭਾਵ ਅਤੇ ਸੰਗਠਨਾਤਮਕ ਮਜ਼ਬੂਤੀ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਦੀ ਚੋਣ ਕਰਨੀ ਪਵੇਗੀ। ਇਸ ਵਾਰ ਟਿਕਟ ਵੰਡ ਦੌਰਾਨ ਸਥਾਨਕ ਪੱਧਰ ’ਤੇ ਲੋਕਪ੍ਰਿਯਤਾ ਅਤੇ ਬੂਥ ਪੱਧਰ ਦੀ ਸਰਗਰਮੀ ਨੂੰ ਵਧੇਰੇ ਤਰਜੀਹ ਮਿਲਣ ਦੀ ਸੰਭਾਵਨਾ ਹੈ। ਨਵੀਂ ਵਾਰਡ ਹੱਦਬੰਦੀ ਕਾਰਨ ਪੁਰਾਣੇ ਵੋਟ ਬੈਂਕ ਵੀ ਕਾਫੀ ਹੱਦ ਤਕ ਪ੍ਰਭਾਵਿਤ ਹੋਏ ਹਨ, ਜਿਸ ਕਰਕੇ ਹਰ ਉਮੀਦਵਾਰ ਨੂੰ ਜਨਤਾ ਤਕ ਨਵੇਂ ਸਿਰੇ ਤੋਂ ਪਹੁੰਚ ਬਣਾਉਣੀ ਪਵੇਗੀ।
-ਬਾਕਸ-
-ਨੌਜਵਾਨਾਂ ਤੇ ਨਵੇਂ ਚਹਿਰਿਆਂ ਨੂੰ ਮਿਲੇਗਾ ਮੌਕਾ
ਨਵੀਂ ਵਾਰਡਬੰਦੀ ਤੋਂ ਬਾਅਦ ਕਈ ਵਾਰਡਾਂ ਵਿੱਚ ਨਵੇਂ ਚਿਹਰਿਆਂ ਦੇ ਉਭਰਨ ਦੀ ਸੰਭਾਵਨਾ ਕਾਫੀ ਵੱਧ ਗਈ ਹੈ। ਰਾਖਵੇਂਕਰਨ ਵਿੱਚ ਹੋਈਆਂ ਤਬਦੀਲੀਆਂ ਕਾਰਨ ਨੌਜਵਾਨਾਂ ਅਤੇ ਨਵੇਂ ਉਮੀਦਵਾਰਾਂ ਨੂੰ ਪੁਰਾਣੇ ਦਾਅਵੇਦਾਰਾਂ ਦੀ ਥਾਂ ਚੋਣ ਮੈਦਾਨ ਵਿੱਚ ਆਉਣ ਦਾ ਮੌਕਾ ਮਿਲ ਸਕਦਾ ਹੈ। ਰਾਜਨੀਤਕ ਪਾਰਟੀਆਂ ਵੀ ਇਸ ਵਾਰ ਨਵੇਂ ਪ੍ਰਯੋਗ ਕਰਦੀਆਂ ਨਜ਼ਰ ਆ ਰਹੀਆਂ ਹਨ, ਖ਼ਾਸ ਕਰਕੇ ਮਹਿਲਾ ਅਤੇ ਨੌਜਵਾਨ ਉਮੀਦਵਾਰਾਂ ਨੂੰ ਅੱਗੇ ਲਿਆਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕਰਕੇ ਇਸ ਵਾਰ ਨਗਰ ਨਿਗਮ ਚੋਣਾਂ ਰਵਾਇਤੀ ਰਾਜਨੀਤੀ ਤੋਂ ਕੁਝ ਵੱਖਰੀਆਂ ਦਿਖਾਈ ਦੇ ਸਕਦੀਆਂ ਹਨ। ਨਵਾਂ ਵਾਰਡ ਢਾਂਚਾ, ਮਹਿਲਾਵਾਂ ਦੀ ਵਧੀ ਭਾਗੀਦਾਰੀ ਅਤੇ ਬਦਲੇ ਹੋਏ ਰਾਜਨੀਤਿਕ ਸਮੀਕਰਨ ਚੋਣਾਂ ਨੂੰ ਹੋਰ ਵੀ ਦਿਲਚਸਪ ਬਣਾਉਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਰਾਜਨੀਤਕ ਪਾਰਟੀਆਂ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਉਮੀਦਵਾਰਾਂ ਦੀਆਂ ਸੂਚੀਆਂ ’ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਟਿਕਟਾਂ ਦੀ ਵੰਡ ਨਾਲ ਹੀ ਬਠਿੰਡਾ ਨਗਰ ਨਿਗਮ ਚੋਣਾਂ ਦੀ ਅਸਲ ਤਸਵੀਰ ਸਪੱਸ਼ਟ ਹੋਣੀ ਸ਼ੁਰੂ ਹੋ ਜਾਵੇਗੀ।
-ਬਾਕਸ-
-ਕਿਹੜਾ ਵਾਰਡ ਕਿਸ ਸ਼੍ਰੇਣੀ ਲਈ ਰਾਖਵਾਂ
ਵਾਰਡ 1 (ਮਹਿਲਾ ਲਈ ਰਾਖਵਾਂ)
ਵਾਰਡ 2 – ਜਨਰਲ
ਵਾਰਡ 3 – (ਮਹਿਲਾ ਲਈ ਰਾਖਵਾਂ)
ਵਾਰਡ 4 – ਜਨਰਲ
ਵਾਰਡ 5 – (ਮਹਿਲਾ ਲਈ ਰਾਖਵਾਂ)
ਵਾਰਡ 6 – ਜਨਰਲ
ਵਾਰਡ 7 – (ਮਹਿਲਾ ਲਈ ਰਾਖਵਾਂ)
ਵਾਰਡ 8 – ਜਨਰਲ
ਵਾਰਡ 9 – (ਮਹਿਲਾ ਲਈ ਰਾਖਵਾਂ)
ਵਾਰਡ 10 – (ਅਨੁਸੂਚਿਤ ਜਾਤੀਆਂ ਲਈ ਰਾਖਵਾਂ)
ਵਾਰਡ 11 – (ਮਹਿਲਾ ਲਈ ਰਾਖਵਾਂ)
ਵਾਰਡ 12 – (ਓਬੀਸੀ ਲਈ ਰਾਖਵਾਂ)
ਵਾਰਡ 13 – (ਮਹਿਲਾ ਲਈ ਰਾਖਵਾਂ)
ਵਾਰਡ 14 – ਜਨਰਲ
ਵਾਰਡ 15 – (ਅਨੁਸੂਚਿਤ ਜਾਤੀਆਂ ਲਈ ਰਾਖਵਾਂ)
ਵਾਰਡ 16 – ਜਨਰਲ
ਵਾਰਡ 17 – (ਮਹਿਲ ਲਈ ਰਾਖਵਾਂ)
ਵਾਰਡ 18 – ਜਨਰਲ
ਵਾਰਡ 19 – (ਐੱਸਸੀ. ਰਿਜ਼ਰਵ)
ਵਾਰਡ 20 – ਜਨਰਲ
ਵਾਰਡ 21 – (ਮਹਿਲਾ ਰਾਖਵਾਂ)
ਵਾਰਡ 22 – ਜਨਰਲ
ਵਾਰਡ 23 – (ਮਹਿਲਾ ਰਾਖਵਾਂ)
ਵਾਰਡ 24 – ਐੱਸਸੀ ਮੈਂਬਰ ਲਈ ਰਾਖਵਾਂ
ਵਾਰਡ 25 – (ਐੱਸਸੀ ਮਹਿਲਾ ਰਾਖਵਾਂ)
ਵਾਰਡ 26 – (ਐੱਸਸੀ.ਪੁਰਸ਼ ਲਈ ਰਾਖਵਾਂ)
ਵਾਰਡ 27 – (ਮਹਿਲਾਵਾਂ ਰਾਖਵਾਂ)
ਵਾਰਡ 28 – (ਐੱਸਸੀ ਪੁਰਸ਼ ਲਈ ਰਾਖਵਾਂ)
ਵਾਰਡ 29 – (ਮਹਿਲਾ ਰਾਖਵਾਂ)
ਵਾਰਡ 30 – ਜਨਰਲ
ਵਾਰਡ 31 – (ਮਹਿਲਾ ਰਾਖਵਾਂ)
ਵਾਰਡ 32 – ਜਨਰਲ
ਵਾਰਡ 33 – (ਐੱਸਸੀ ਮਹਿਲਾ ਰਾਖਵਾਂ)
ਵਾਰਡ 34 – ਜਨਰਲ
ਵਾਰਡ 35 – (ਮਹਿਲਾ ਲਈ ਰਾਖਵਾਂ)
ਵਾਰਡ 36 – (ਓਬੀਸੀ ਲਈ ਰਾਖਵਾਂ)
ਵਾਰਡ 37 – (ਮਹਿਲਾ ਲਈ ਰਾਖਵਾਂ)
ਵਾਰਡ 38 – ਜਨਰਲ
ਵਾਰਡ 39 – (ਐੱਸਸੀ ਮਹਿਲਾ ਲਈ ਰਾਖਵਾਂ)
ਵਾਰਡ 40 – ਜਨਰਲ
ਵਾਰਡ 41 – (ਮਹਿਲਾ ਲਈ ਰਾਖਵਾਂ)
ਵਾਰਡ 42 – (ਐੱਸਸੀ. ਮਹਿਲਾ ਲਈ ਰਾਖਵਾਂ)
ਵਾਰਡ 43 – (ਮਹਿਲਾ ਲਈ ਰਾਖਵਾਂ)
ਵਾਰਡ 44 – ਜਨਰਲ
ਵਾਰਡ 45 – (ਐੱਸਸੀ ਮਹਿਲਾ ਲਈ ਰਾਖਵਾਂ)
ਵਾਰਡ 46 – ਜਨਰਲ
ਵਾਰਡ 47 – (ਮਹਿਲਾ ਲਈ ਰਾਖਵਾਂ)
ਵਾਰਡ 48 – (ਐਸਸੀ ਮਹਿਲਾ ਲਈ ਰਾਖਵਾਂ)
ਵਾਰਡ 49 – (ਮਹਿਲਾ ਲਈ ਰਾਖਵਾਂ)
ਵਾਰਡ 50 – ਜਨਰਲ।