ਨਥਾਣਾ ਨਗਰ ਪੰਚਾਇਤ ਚੋਣਾਂ ’ਚ ਅਕਾਲੀ ਦਲ ਬਾਦਲ ਦੀ ਵੱਡੀ ਜਿੱਤ
ਨਥਾਣਾ ਨਗਰ ਪੰਚਾਇਤ ਚੋਣਾਂ ’ਚ ਅਕਾਲੀ ਦਲ ਬਾਦਲ ਦੀ ਵੱਡੀ ਜਿੱਤ
Publish Date: Fri, 29 May 2026 05:57 PM (IST)
Updated Date: Sat, 30 May 2026 04:03 AM (IST)
-ਅਕਾਲੀ ਦਲ ਬਾਦਲ ਦੇ 6, ‘ਆਪ’ ਦੇ 2 ਤੇ ਆਜ਼ਾਦ ਦੇ 3 ਉਮੀਦਵਾਰਾਂ ਨੇ ਮਾਰੀ ਬਾਜ਼ੀ
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ : ਸਥਾਨਕ ਨਗਰ ਪੰਚਾਇਤ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ। ਆਏ ਚੋਣ ਨਤੀਜਿਆਂ ਅਨੁਸਾਰ ਅਕਾਲੀ ਦਲ ਬਾਦਲ ਦੇ 6 ਉਮੀਦਵਾਰ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੇ, ਜਦਕਿ ਆਮ ਆਦਮੀ ਪਾਰਟੀ ਦੇ 2 ਅਤੇ 3 ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਇੱਥੇ ਕੁੱਲ 11 ਵਾਰਡਾਂ ਵਿਚ ਚੋਣ ਹੋਈ ਸੀ।
ਚੋਣ ਨਤੀਜਿਆਂ ਮੁਤਾਬਕ ਵਾਰਡ ਨੰਬਰ 1 ਤੋਂ ਕੁਲਵਿੰਦਰ ਕੌਰ ਸ੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ 2 ਤੋਂ ਹਰਮੇਲ ਸਿੰਘ ਖਾਲਸਾ ਆਮ ਆਦਮੀ ਪਾਰਟੀ, ਵਾਰਡ ਨੰਬਰ-3 ਤੋਂ ਅਮਨਦੀਪ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ-4 ਤੋਂ ਰਮਨਦੀਪ ਸਿੰਘ ਆਜ਼ਾਦ, ਵਾਰਡ ਨੰਬਰ 5 ਤੋਂ ਸੁਖਰਾਜ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ-6 ਤੋਂ ਕੁਲਦੀਪ ਰਾਏ ਸ੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ-7 ਤੋਂ ਰਜਿੰਦਰ ਸਿੰਘ ਚਰਨਾ ਆਮ ਆਦਮੀ ਪਾਰਟੀ, ਵਾਰਡ ਨੰਬਰ-8 ਤੋਂ ਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ-9 ਤੋਂ ਸਿਮਰਜੀਤ ਕੌਰ ਸ੍ਰੋਮਣੀ ਅਕਾਲੀ ਦਲ ਬਾਦਲ, ਵਾਰਡ ਨੰਬਰ-10 ਤੋਂ ਅਵਤਾਰ ਸਿੰਘ ਤਾਰਾ (ਆਜ਼ਾਦ) ਅਤੇ ਵਾਰਡ ਨੰਬਰ 11 ਤੋਂ ਜਸਪਾਲ ਕੌਰ ਨੂੰ ਜੇਤੂ ਐਲਾਨ ਕੀਤਾ ਗਿਆ। ਨਤੀਜਿਆਂ ਤੋਂ ਬਾਅਦ ਅਕਾਲੀ ਦਲ ਵਰਕਰਾਂ ਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜੇਤੂ ਉਮੀਦਵਾਰਾਂ ਨੇ ਆਪਣੇ ਹਮਾਇਤੀਆਂ ਨਾਲ ਨਥਾਣਾ ਸ਼ਹਿਰ ਵਿੱਚ ਵਿਜੇ ਜਲੂਸ ਕੱਢਿਆ, ਜਿਸ ਦੌਰਾਨ ਢੋਲ-ਨਗਾਰਿਆਂ ਦੀ ਧੁਨ ’ਤੇ ਸਮਰਥਕਾਂ ਨੇ ਜਸ਼ਨ ਮਨਾਇਆ ਤੇ ਇਕ-ਦੂਜੇ ਨੂੰ ਮਠਿਆਈ ਖੁਆ ਕੇ ਵਧਾਈ ਦਿੱਤੀ।
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਸਰਕਲ ਜਥੇਦਾਰ ਨਥਾਣਾ ਗੁਰਤੇਜ ਸਿੰਘ ਭੇਜੀ, ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ, ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਅਤੇ ਗੁਰਮੀਤ ਸਿੰਘ ਬਾਹੀਆ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਇਸ ਜਿੱਤ ਨੂੰ ਪਾਰਟੀ ਵਰਕਰਾਂ ਦੀ ਮਿਹਨਤ ਤੇ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ। ਨਗਰ ਪੰਚਾਇਤ ਨਥਾਣਾ ਦੇ ਜੇਤੂ ਉਮੀਦਵਾਰਾਂ ਨੇ ਆਰਓ. ਕਮ ਨਾਇਬ ਤਹਿਸੀਲਦਾਰ ਬੇਅੰਤ ਸਿੰਘ ਅਤੇ ਏਆਰਓ. ਵਿਕਰਮਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਨਥਾਣਾ ਤੋਂ ਆਪਣੇ ਜਿੱਤ ਦੇ ਪ੍ਰਮਾਣ ਪੱਤਰ ਪ੍ਰਾਪਤ ਕੀਤੇ।