punjab news, bathinda news, nathana in car hit the electric pole and laydown the transfarmer, and electric supply closed, and people sad, news from bti
-24 ਘੰਟਿਆਂ ਤੋਂ ਨਥਾਣਾ ਵਾਸੀ ਗਰਮੀ ’ਚ ਹੋਏ ਹਾਲੋਂ ਬੇਹਾਲ, ਸੀਆਈਏ ਸਟਾਫ਼ ਦੀ ਹੈ ਕਾਰ
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਨਥਾਣਾ
ਸਥਾਨਕ ਕਸਬੇ ਵਿੱਚ ਸ਼ਨੀਵਾਰ ਰਾਤ ਤੇਜ਼ ਰਫਤਾਰ ਕਾਰ ਦੀ ਟੱਕਰ ਨਾਲ ਟਰਾਂਸਫਾਰਮਰ ਖੰਬਿਆ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਠੱਪ ਹੋ ਗਈ। ਕਾਰ ਦੀ ਟੱਕਰ ਇੰਨੀ ਭਿਆਨਕ ਸੀ ਕਿ ਇਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ ਜਦੋਂ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਹਾਦਸਾਗ੍ਰਸਿਤ ਕਾਰ ਸੀਆਈਏ ਸਟਾਫ ਦੇ ਮੁਲਾਜ਼ਮਾਂ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤ ਕਰੀਬ 10 ਵਜੇ ਸੀਆਈਏ ਸਟਾਫ ਦੇ ਮੁਲਾਜ਼ਮ ਇਕ ਨਿੱਜੀ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ ਕਿ ਉਹਨਾਂ ਦੀ ਇਹ ਗੱਡੀ ਨਥਾਣਾ ਵਿਖੇ ਬਿਜਲੀ ਦੇ ਟ੍ਰਾਂਸਫਾਰਮ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਪੁਲਿਸ ਮੁਲਾਜ਼ਮ ਵਾਲ ਵਾਲ ਬਚ ਗਏ, ਪਰ ਕਾਰ ਦਾ ਅਗਲਾ ਪਾਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਗੱਡੀ ਤੇਜ਼ ਰਫਤਾਰ ਹੋਣ ਕਾਰਨ ਟਰਾਂਸਫਾਰਮਰ ਟੁੱਟ ਕੇ ਸੜਕ ਉੱਪਰ ਡਿੱਗ ਪਿਆ, ਜਿਸ ਤੋਂ ਬਾਅਦ ਨਥਾਣਾ ਖੇਤਰ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਹੀ ਸੀਆਈਏ ਸਟਾਫ ਦੇ ਪੁਲਿਸ ਮੁਲਾਜ਼ਮਾਂ ਨੇ ਹਾਦਸਾਗ੍ਰਸਿਤ ਗੱਡੀ ਵਿੱਚਲਾ ਸਮਾਨ ਹੋਰ ਗੱਡੀ ਮੰਗਵਾ ਕੇ ਉਸ ਵਿੱਚ ਰੱਖਿਆ ਅਤੇ ਉੱਥੋਂ ਚਲੇ ਗਏ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਇਸ ਹਾਦਸੇ ਨੂੰ ਲੁਕਾਉਣ ਲਈ ਹਾਦਸਾ ਗ੍ਰਸਤ ਗੱਡੀ ਨੂੰ ਟੋਚਨ ਪਾ ਕੇ ਕਿਸੇ ਦੇ ਘਰੇ ਖੜਾ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਗੱਡੀ ਦੀ ਪਹਿਚਾਣ ਨਾ ਹੋਵੇ ਇਸ ਲਈ ਉਸਦੀਆਂ ਨੰਬਰ ਪਲੇਟਾਂ ਵੀ ਉਤਾਰ ਲਈਆ। ਹਾਲਾਂਕਿ ਪ੍ਰਤੱਖਦਰਸ਼ੀਆਂ ਅਨੁਸਾਰ ਕਾਰ ’ਚ ਸਵਾਰ ਲੋਕਾਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਨਥਾਣਾ ਪੁਲਿਸ ਦਾ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਿਆ ਸੀ। ਪਰ ਦੂਜੇ ਪਾਸੇ ਥਾਣਾ ਨਥਾਣਾ ਦੇ ਐੱਸਐੱਚਓ ਨੇ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।
-ਬਾਕਸ-
-ਬਿਜਲੀ ਸਪਲਾਈ ਬੰਦ ਹੋਣ ਤੋਂ ਪਰੇਸ਼ਾਨ ਰਹੇ ਨਥਾਣਾ ਇਲਾਕੇ ਦੇ ਲੋਕ
ਨਥਾਣਾ ਭਗਤਾ ਰੋਡ ਤੇ ਕੁੜੀਆਂ ਦੇ ਸਕੂਲ ਨੇੜੇ ਹੋਏ ਇਸ ਹਾਦਸੇ ਤੋਂ ਬਾਅਦ ਇਸ ਖੇਤਰ ਦੀ ਬਿਜਲੀ ਗੁਲ ਹੋ ਗਈ। ਰਾਤ ਕਰੀਬ 10 ਵਜੇ ਇਸ ਹਾਦਸੇ ਤੋਂ ਬਾਅਦ ਲਾਈਟ ਬੰਦ ਹੋ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਗਰਮੀ ਦੇ ਪ੍ਰਕੋਪ ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਖੜੀ ਹੋ ਗਈ। 24 ਘੰਟੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਇਨਵਰਟਰ ਵੀ ਕੰਮ ਛੱਡ ਗਏ। ਪਿੰਡ ਨਥਾਣਾ ਦੇ ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਗਲਤੀ ਕਾਰਨ ਉਹਨਾਂ ਨੂੰ 24 ਘੰਟਿਆਂ ਦੌਰਾਨ ਗਰਮੀ ਦੇ ਕਹਿਰ ਵਿੱਚ ਰਹਿਣਾ ਪੈ ਰਿਹਾ ਹੈ। ਦੂਜੇ ਪਾਸੇ ਜਦੋਂ ਪੁਲਿਸ ਮੁਲਾਜ਼ਮਾਂ ਦੀ ਨਿੱਜੀ ਗੱਡੀ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਟਕਰਾ ਗਈ ਤਾਂ ਉਹਨਾਂ ਆਪਣੇ ਕਿਸੇ ਜਾਣਕਾਰ ਦੀ ਹੋਰ ਗੱਡੀ ਮੰਗਵਾ ਕੇ ਹਾਦਸਾ ਗ੍ਰਸਤ ਗੱਡੀ ਵਿੱਚੋਂ ਸਮਾਨ ਉਸ ਗੱਡੀ ਵਿੱਚ ਰਖਵਾ ਲਿਆ। ਹਾਦਸਾ ਗ੍ਰਸਤ ਗੱਡੀ ਵਿੱਚੋਂ ਜਿਹੜਾ ਸਮਾਨ ਕੱਢਿਆ ਗਿਆ ਸੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਭਾਵੇਂ ਪਾਵਰ ਕਮ ਦਾ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਮੁਲਾਜ਼ਮਾਂ ਦੀ ਗੱਡੀ ਹੋਣ ਕਾਰਨ ਇਸ ਨੂੰ ਇਹ ਥੋੜਾ ਨੁਕਸਾਨ ਕਹਿ ਕੇ ਨਿਪਟਾਇਆ ਜਾ ਰਿਹਾ ਹੈ।