ਨਗਰ ਪੰਚਾਇਤ ਮਹਿਰਾਜ ਵਿਖੇ ਕਰੋੜਾਂ ਦੇ ਕੰਮਾਂ ’ਤੇ ਉੱਠੇ ਸਵਾਲ
ਨਗਰ ਪੰਚਾਇਤ ਮਹਿਰਾਜ ਵਿਖੇ ਕਰੋੜਾਂ ਦੇ ਵਿਕਾਸ ਕਾਰਜਾਂ ’ਤੇ ਉੱਠੇ ਸਵਾਲ
Publish Date: Fri, 15 May 2026 04:45 PM (IST)
Updated Date: Sat, 16 May 2026 04:01 AM (IST)

-ਨਵੀਆਂ ਲਗਾਈਆਂ ਇੰਟਰਲੌਕ ਟਾਇਲਾਂ ਧਸਣ ਤੋਂ ਲੋਕ ਪਰੇਸ਼ਾਨ ਜਸਪਾਲ ਪਾਲੀ ਮਹਿਰਾਜ, ਪੰਜਾਬੀ ਜਾਗਰਣ, ਮਹਿਰਾਜ : ਨਗਰ ਪੰਚਾਇਤ ਮਹਿਰਾਜ ਵੱਲੋਂ ਕਸਬੇ ਅੰਦਰ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਵਿਚ ਵੱਡੀ ਲਾਪਰਵਾਹੀ ਅਤੇ ਘਟੀਆ ਮਟੀਰੀਅਲ ਵਰਤੇ ਜਾਣ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਨਗਰ ਮਹਿਰਾਜ ਦੀਆਂ ਮੁੱਖ ਸੜਕਾਂ ਦੇ ਦੋਵੇਂ ਪਾਸੇ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਇਲਾਂ ਦਾ ਕੰਮ ਅਜੇ ਚੱਲ ਹੀ ਰਿਹਾ ਹੈ, ਪਰ ਨਵੀਆਂ ਲੱਗੀਆਂ ਟਾਇਲਾਂ ਹੁਣੇ ਤੋਂ ਹੀ ਧਸਣੀਆਂ ਸ਼ੁਰੂ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਮਹਿਰਾਜ ਦਾ ਕਾਰਜਕਾਲ ਬੀਤੀ 10 ਅਪ੍ਰੈਲ 2026 ਨੂੰ ਸਮਾਪਤ ਹੋ ਚੁੱਕਾ ਹੈ। ਮੌਜੂਦਾ ਸਮੇਂ ਅੰਦਰ ਕਸਬੇ ਵਿੱਚ ਚੱਲ ਰਹੇ ਸਾਰੇ ਵਿਕਾਸ ਕਾਰਜ ਸਿੱਧੇ ਤੌਰ ’ਤੇ ਸਰਕਾਰੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਪ੍ਰਸ਼ਾਸਨਿਕ ਨਿਗਰਾਨੀ ਦੇ ਬਾਵਜੂਦ ਕੰਮ ਦੀ ਅਜਿਹੀ ਮਾੜੀ ਗੁਣਵੱਤਾ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਜਦੋਂ ਨਗਰ ਪੰਚਾਇਤ ਮਹਿਰਾਜ ਦੀ ਜੂਨੀਅਰ ਇੰਜੀਨੀਅਰ (ਜੇਈ.) ਕਿਰਨਦੀਪ ਕੌਰ ਨਾਲ ਫ਼ੋਨ ’ਤੇ ਰਾਬਤਾ ਕਾਇਮ ਕੀਤਾ ਗਿਆ, ਤਾਂ ਉਨ੍ਹਾਂ ਨਿਯਮਾਂ ਮੁਤਾਬਕ ਕਾਰਵਾਈ ਦੀ ਗੱਲ ਕਰਨ ਦੀ ਬਜਾਏ ਠੇਕੇਦਾਰ ਦਾ ਪੱਖ ਪੂਰਦਿਆਂ ਕਿਹਾ ਕਿ ਉੱਥੋਂ ਕੋਈ ਭਾਰੀ ਵਾਹਨ ਜਾਂ ਚੀਜ਼ ਲੰਘੀ ਹੋਵੇਗੀ, ਜਿਸ ਕਾਰਨ ਇਹ ਟਾਇਲਾਂ ਬੈਠ ਗਈਆਂ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਕੱਲ੍ਹ ਦਫ਼ਤਰ ਆ ਕੇ ਮੌਕੇ ਦਾ ਮੁਆਇਨਾ ਕਰਨਗੇ। ਜੇਈ. ਮੈਡਮ ਵੱਲੋਂ ਮੌਕਾ ਦੇਖਣ ਤੋਂ ਪਹਿਲਾਂ ਹੀ ਠੇਕੇਦਾਰ ਦੇ ਹੱਕ ਵਿੱਚ ਸਫ਼ਾਈ ਦੇਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਸ਼ੱਕ ਦੀ ਸੂਈ ਘੁੰਮ ਗਈ ਹੈ। ਠੇਕੇਦਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਕੀਤਾ ਅਣਗੌਲਿਆ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਪਿੰਡ ਵਾਸੀ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੰਮ ਚੱਲਣ ਦੌਰਾਨ ਹੀ ਠੇਕੇਦਾਰ ਨੂੰ ਸੁਚੇਤ ਕੀਤਾ ਸੀ ਕਿ ਲਗਾਈਆਂ ਜਾ ਰਹੀਆਂ ਟਾਇਲਾਂ ਨੀਂਹ ਕਮਜ਼ੋਰ ਹੋਣ ਕਾਰਨ ਧੱਸ ਰਹੀਆਂ ਹਨ। ਪਰ ਠੇਕੇਦਾਰ ਨੇ ਸਥਾਨਕ ਲੋਕਾਂ ਦੀ ਇਕ ਨਾ ਸੁਣੀ ਅਤੇ ਜਲਦਬਾਜ਼ੀ ਵਿੱਚ ਕੰਮ ਨਿਪਟਾਉਣਾ ਜਾਰੀ ਰੱਖਿਆ। ਉੱਚ ਪੱਧਰੀ ਜਾਂਚ ਦੀ ਮੰਗ ਮਹਿਰਾਜ ਦੇ ਬੂਟਾ ਸਿੰਘ, ਮਨਵੀਰ ਸਿੰਘ, ਲਵਪ੍ਰੀਤ ਸਿੰਘ ਆਦਿ ਨਗਰ ਨਿਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਘਟੀਆ ਨਿਰਮਾਣ ਕਾਰਜ ਦੀ ਤੁਰੰਤ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਟਾਇਲਾਂ ਨੂੰ ਦੁਬਾਰਾ ਸਹੀ ਤਰੀਕੇ ਨਾਲ ਲਗਵਾਇਆ ਜਾਵੇ।