ਨਗਰ ਪੰਚਾਇਤ ਚੋਣਾਂ: ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸਾਰੇ ਵਾਰਡਾਂ ਤੋਂ ਨਹੀਂ ਮਿਲੇ ਉਮੀਦਵਾਰ

-96 ਵਾਰਡਾਂ ’ਚ ਚੋਣ ਮੁਕਾਬਲਾ ਬਣਿਆ ਦਿਲਚਸਪ, ਆਜ਼ਾਦ ਉਮੀਦਵਾਰ ਪਾਰਟੀਆਂ ਲਈ ਬਣ ਸਕਦੇ ਨੇ ਚੁਣੌਤੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਜ਼ਿਲ੍ਹੇ ਵਿੱਚ 26 ਮਈ ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਕ ਸਰਗਰਮੀਆਂ ਪੂਰੇ ਜੋਰਾਂ ’ਤੇ ਪਹੁੰਚ ਚੁੱਕੀਆਂ ਹਨ। ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਪੰਚਾਇਤਾਂ ਵਿੱਚ ਇਸ ਵਾਰ ਚੋਣ ਤਸਵੀਰ ਕਾਫ਼ੀ ਦਿਲਚਸਪ ਅਤੇ ਰੋਮਾਂਚਕ ਬਣੀ ਹੋਈ ਹੈ। ਸਥਿਤੀ ਇਹ ਹੈ ਕਿ ਜ਼ਿਲ੍ਹੇ ਦੀਆਂ ਕੁੱਲ 96 ਵਾਰਡਾਂ ਵਿੱਚੋਂ ਕੋਈ ਵੀ ਰਾਜਨੀਤਕ ਪਾਰਟੀ ਸਾਰੇ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਵਿੱਚ ਸਫਲ ਨਹੀਂ ਹੋ ਸਕੀ ਹੈ। ਇਸ ਕਾਰਨ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ, ਜਿਹੜੀ ਕਈ ਵਾਰਡਾਂ ਵਿੱਚ ਚੋਣ ਨਤੀਜਿਆਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਕਈ ਥਾਵਾਂ ’ਤੇ ਮੁਕਾਬਲਾ ਤਿਕੋਣਾ ਅਤੇ ਚੌਕੋਣਾ ਬਣ ਗਿਆ ਹੈ, ਜਿਸ ਨਾਲ ਵੋਟਰਾਂ ਵਿੱਚ ਵੀ ਚੋਣਾਂ ਪ੍ਰਤੀ ਰੁਚੀ ਵਧ ਗਈ ਹੈ। ਜ਼ਿਲ੍ਹੇ ਦੀਆਂ ਅੱਠ ਨਗਰ ਪੰਚਾਇਤਾਂ ਵਿੱਚ ਕੁੱਲ 96 ਵਾਰਡ ਵਿਚ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੇ 82 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ, ਜਦਕਿ ਆਮ ਆਦਮੀ ਪਾਰਟੀ ਨੇ 86 ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਕਾਂਗਰਸ ਨੇ 63 ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਿਰਫ਼ 32 ਉਮੀਦਵਾਰਾਂ ਨਾਲ ਸਭ ਤੋਂ ਪਿੱਛੇ ਰਹੀ ਗਈ ਹੈ। ਸਭ ਤੋਂ ਆਪ ਨੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ, ਪਰ ਆ ਵੀ ਕੁੱਲ 96 ਵਾਰਡਾਂ ਨੂੰ 10 ਵਾਰਡਾਂ ਵਿਚ ਉਮੀਦਵਾਰ ਨਹੀ ਮਿਲੇ।
-ਬਾਕਸ-
-96 ਵਾਰਡਾਂ ’ਚ ਹਨ 109 ਆਜ਼ਾਦ ਉਮੀਦਵਾਰ
ਇਸ ਵਾਰ ਨਗਰ ਪੰਚਾਇਤ ਚੋਣਾਂ ਵਿਚ ਵੱਡੀ ਗਿਣਤੀ ’ਚ ਆਜ਼ਾਦ ਉਮੀਦਵਾਰ ਮੈਦਾਨ ’ਚ ਹਨ। ਹੁਣ 8 ਨਗਰ ਪੰਚਾਇਤ ਦੀਆਂ ਚੋਣਾਂ ’ਚ 109 ਆਜ਼ਾਦ ਉਮੀਦਵਾਰ ਵੀ ਚੋਣੀ ਮੈਦਾਨ ਵਿੱਚ ਉਤਰੇ ਹਨ, ਜਿਹੜੇ ਕਈ ਵਾਰਡਾਂ ਵਿੱਚ ਰਾਜਨੀਤਕ ਪਾਰਟੀਆਂ ਦੇ ਅੰਦਰੂਨੀ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਕਈ ਥਾਵਾਂ ’ਤੇ ਟਿਕਟ ਨਾ ਮਿਲਣ ਕਾਰਨ ਨਾਰਾਜ਼ ਆਗੂਆਂ ਨੇ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਸਿਆਸੀ ਮਾਹੌਲ ਹੋਰ ਵੀ ਗਰਮ ਹੋ ਗਿਆ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਿੱਥੇ ਇੱਕ ਪਾਸੇ ਪਾਰਟੀਆਂ ਵਿਚਕਾਰ ਸਿੱਧਾ ਮੁਕਾਬਲਾ ਦੇਖਣ ਨੂੰ ਮਿਲੇਗਾ, ਉੱਥੇ ਦੂਜੇ ਪਾਸੇ ਆਜ਼ਾਦ ਉਮੀਦਵਾਰ ਕਈ ਸੀਟਾਂ ’ਤੇ ਨਤੀਜਿਆਂ ਦਾ ਰੁਖ਼ ਬਦਲ ਸਕਦੇ ਹਨ। ਖਾਸ ਕਰਕੇ ਉਹ ਵਾਰਡ ਜਿੱਥੇ ਪਾਰਟੀਆਂ ਦੇ ਬਾਗ਼ੀ ਉਮੀਦਵਾਰ ਵੀ ਮੈਦਾਨ ਵਿੱਚ ਹਨ, ਉੱਥੇ ਵੋਟਾਂ ਦਾ ਵੰਡ ਹੋਰ ਵਧਣ ਦੀ ਸੰਭਾਵਨਾ ਹੈ।
-ਬਾਕਸ-
ਇਨ੍ਹਾਂ ਚੋਣਾਂ ਨੂੰ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੀ ਜ਼ਮੀਨੀ ਤਾਕਤ ਅਤੇ ਸੰਗਠਨਾਤਮਕ ਢਾਂਚੇ ਦੀ ਅਹਿਮ ਪ੍ਰੀਖਿਆ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸੇ ਕਾਰਨ ਸਾਰੀਆਂ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਉਮੀਦਵਾਰ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤੇ ਵਿਕਾਸ, ਬੁਨਿਆਦੀ ਸਹੂਲਤਾਂ ਅਤੇ ਸਥਾਨਕ ਮੁੱਦਿਆਂ ਨੂੰ ਲੈ ਕੇ ਵੋਟਾਂ ਦੀ ਮੰਗ ਕਰ ਰਹੇ ਹਨ। ਚੋਣ ਕਮਿਸ਼ਨ ਵੱਲੋਂ ਵੀ ਸ਼ਾਂਤੀਪੂਰਨ ਅਤੇ ਸੁਚਾਰੂ ਵੋਟਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਵਾਰਡਾਂ ਦੀ ਪਛਾਣ ਕਰਕੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਾਰੇ ਪੋਲਿੰਗ ਬੂਥਾਂ ’ਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ, ਤਾਂ ਜੋ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਪੂਰੀ ਹੋ ਸਕੇ।
-ਬਾਕਸ-
-ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਹਨ ਚੋਣ ਮੈਦਾਨ ’ਚ
ਪੰਚਾਇਤ ਵਾਰਡ ਅਕਾਲੀ ਕਾਂਗਰਸ ਆਪ ਭਾਜਪਾ ਆਜ਼ਾਦ
ਭਾਈਰੂਪਾ 13 8 10 13 3 16
ਕੋਠਾਗੁਰੂ 11 10 8 11 0 10
ਲਹਿਰਾ ਮੁਹੱਬਤ 11 8 0 4 5 23
ਮਹਿਰਾਜ 13 13 13 13 9 17
ਨਥਾਣਾ 11 10 8 9 5 9
ਭਗਤਾ ਭਾਈ 13 13 10 13 8 11
ਕੋਟਸ਼ਮੀਰ 13 9 3 12 1 16
ਮਲੂਕਾ 11 11 11 11 1 7
ਕੁੱਲ 96 82 63 86 32 109।