ਨਗਰ ਪੰਚਾਇਤ ਮਹਿਰਾਜ ਚੋਣਾਂ ਦੌਰਾਨ ਹੰਗਾਮਾ, ਦੋ ਬੂਥਾਂ ’ਤੇ ਬਣਿਆ ਰਿਹਾ ਤਣਾਅਪੂਰਨ ਮਾਹੌਲ

-ਪ੍ਰਸ਼ਾਸਨ ’ਤੇ ਮਿਲੀਭੁਗਤ ਦੇ ਦੋਸ਼, ‘ਆਪ’ ਦੇ ਉਮੀਦਵਾਰ ਵੱਲੋਂ ਵਾਕਆਊਟ
ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਦੌਰਾਨ ਕੁਝ ਬੂਥਾਂ ’ਤੇ ਤਣਾਅਪੂਰਨ ਮਾਹੌਲ ਵੇਖਣ ਨੂੰ ਮਿਲਿਆ, ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਨਗਰ ਪੰਚਾਇਤ ਦੇ ਕੁੱਲ 6611 ਵੋਟਰਾਂ ਵਿੱਚੋਂ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਤੇ ਸ਼ਾਮ ਤੱਕ ਕਰੀਬ 70 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਦੇ 13 ਵਾਰਡਾਂ ਵਿੱਚੋਂ ਵਾਰਡ ਨੰਬਰ 2, 5 ਤੇ 8 ’ਚ ‘ਆਪ’ ਤੋਂ ਪਹਿਲਾਂ ਹੀ ਜੇਤੂ ਰਹੀ ਸੀ, ਜਦਕਿ ਬਾਕੀ 10 ਵਾਰਡਾਂ ਲਈ ਵੋਟਿੰਗ ਹੋਈ। ਵਾਰਡ-6 ’ਚ ਸ਼੍ਰੋਮਣੀ ਅਕਾਲੀ ਦਲ ਦੇ ਪੋਲਿੰਗ ਬੂਥ ਨੂੰ ਨੇੜੇ ਤੋਂ ਦੂਰ ਕਰਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਗੂਆਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ। ਬੂਥ ਨੰਬਰ-4 ’ਤੇ ਜਾਲੀ ਵੋਟ ਪਾਉਣ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚ ਤਿੱਖੀ ਬਹਿਸ ਹੋਈ।
ਦੋਵਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਦੋਸ਼ ਲਗਾਏ ਗਏ, ਜਿਸ ਕਾਰਨ ਕੁਝ ਸਮੇਂ ਲਈ ਮਾਹੌਲ ਗਰਮਾ ਗਿਆ। ਸੂਚਨਾ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪਹੁੰਚਿਆ ਤੇ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਵਾ ਦਿੱਤਾ। ਉਧਰ ਵਾਰਡ-1 ’ਚ ਵੀ ਹੰਗਾਮੇ ਵਾਲੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਯੋਧਾ ਮਹਿਰਾਜ ਨੇ ਪ੍ਰੀਜ਼ਾਈਡਿੰਗ ਅਫਸਰ ’ਤੇ ਇਕ ਵਿਅਕਤੀ ਦੀ ਵੋਟ ਆਪਣੀ ਮਰਜ਼ੀ ਨਾਲ ਪਾਉਣ ਦੇ ਦੋਸ਼ ਲਗਾਏ। ਮਾਮਲਾ ਵੱਧਣ ’ਤੇ ਕਰੀਬ ਇੱਕ ਘੰਟੇ ਲਈ ਵੋਟਿੰਗ ਰੋਕਣੀ ਪਈ ਤੇ ਬਾਅਦ ’ਚ ਪ੍ਰੀਜ਼ਾਈਡਿੰਗ ਅਫਸਰ ਨੂੰ ਵੀ ਬਦਲਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੋਲਿੰਗ ਸਟੇਸ਼ਨ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ। ਇਸ ਦੌਰਾਨ ‘ਆਪ’ ਉਮੀਦਵਾਰ ਕਰਮਜੀਤ ਕੌਰ ਨੇ ਹਮਾਇਤੀਆਂ ਸਮੇਤ ਪ੍ਰਸ਼ਾਸਨ ’ਤੇ ਮਿਲੀਭੁਗਤ ਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਵਾਕਆਊਟ ਕਰ ਦਿੱਤਾ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕੀਤਾ ਤੇ ਹਾਲਾਤ ਕਾਬੂ ’ਚ ਆਉਣ ਤੋਂ ਬਾਅਦ ਵੋਟਿੰਗ ਮੁੜ ਸ਼ੁਰੂ ਕਰਵਾ ਦਿੱਤੀ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਉਮੀਦਵਾਰ ਦੇ ਪਤੀ ਵੱਲੋਂ ਵਾਰ-ਵਾਰ ਵੋਟਿੰਗ ਰੋਕਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਅਧਿਕਾਰੀਆਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਬਿਨਾਂ ਢੁੱਕਵੇਂ ਕਾਰਨ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਪੋਲਿੰਗ ਸਟੇਸ਼ਨ ’ਤੇ ਸੀਸੀਟੀਵੀ ਕੈਮਰੇ ਅਤੇ ਹੋਰ ਨਿਗਰਾਨੀ ਪ੍ਰਬੰਧ ਲਾਗੂ ਸਨ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਸਾਰੀ ਵੋਟਿੰਗ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਤੇ ਨਿਗਰਾਨੀ ਹੇਠ ਕਰਵਾਈ ਜਾ ਰਹੀ ਸੀ। ਹੋਰ ਵਾਰਡਾਂ ’ਚ ਵੋਟਿੰਗ ਸ਼ਾਂਤੀਪੂਰਵਕ ਚੱਲਦੀ ਰਹੀ ਅਤੇ ਲੋਕਾਂ ਵਿੱਚ ਚੋਣਾਂ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਸਮਰਥਕ ਪੋਲਿੰਗ ਬੂਥਾਂ ਤੇ ਡਟੇ ਹੋਏ ਸਨ।