ਨਿਗਮ ਚੋਣਾਂ ਨੂੰ ਲੈ ਕੇ ਬਠਿੰਡਾ ਦੀ ਸਿਆਸਤ ’ਚ ਹਲਚੱਲ, ਵਿਧਾਇਕ ਜਗਰੂਪ ਗਿੱਲ ਵੀ ਹੋਏ ਸਰਗਰਮ, ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ

-ਸਿਆਸਤ ’ਚ ਨਵੀਂ ਹਲਚਲ, ਚੱਢਾ ਦੇ ਭਾਜਪਾ ’ਚ ਜਾਣ ਦਾ ਅਸਰ ਬਠਿੰਡਾ ਦੀ ਸਿਆਸਤ ’ਤੇ ਪਵੇਗਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਦੀ ਸਿਆਸਤ ’ਚ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਸ ਰਾਜਨੀਤਕ ਤਬਦੀਲੀ ਨੇ ਸਥਾਨਕ ਪੱਧਰ ’ਤੇ ਵੀ ਕਈ ਸਮੀਕਰਨ ਬਦਲ ਦਿੱਤੇ ਹਨ ਅਤੇ ਆਉਣ ਵਾਲੀਆਂ ਨਿਗਮ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਘੱਟ ਸਰਗਰਮ ਰਹੇ ਵਿਧਾਇਕ ਜਗਰੂਪ ਗਿੱਲ ਹੁਣ ਮੁੜ ਮੈਦਾਨ ’ਚ ਦਿਖਾਈ ਦੇਣ ਲੱਗੇ ਹਨ। ਉਨ੍ਹਾਂ ਵੱਲੋਂ ਲਗਾਤਾਰ ਮੀਟਿੰਗਾਂ ਤੇ ਪਾਰਟੀ ਕਾਰਕੁਨਾਂ ਨਾਲ ਸੰਪਰਕ ਵਧਾਇਆ ਜਾ ਰਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਉਹ ਨਿਗਮ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਹਾਲ ਹੀ ਵਿੱਚ ਵਿਧਾਇਕ ਵੱਲੋਂ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਬਠਿੰਡਾ ਦੀ ਸਿਆਸਤ ’ਚ ‘ਆਪ’ ਦੇ ਆਗੂ ਅਮਰਜੀਤ ਮਹਿਤਾ ਹੀ ਨਿਗਮ ਚੋਣਾਂ ਲਈ ਕੇਂਦਰ ਬਿੰਦੂ ਬਣੇ ਹੋਏ ਸਨ। ਉਹ ਲਗਾਤਾਰ ਲੋਕਾਂ ਨਾਲ ਸੰਪਰਕ ਸਾਧਦਿਆਂ ਹੇਠਲੇ ਪੱਧਰ ‘ਤੇ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਸਨ। ਪਰ ਹੁਣ ਰਾਘਵ ਚੱਢਾ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਸਿਆਸੀ ਹਾਲਾਤ ਕੁੱਝ ਬਦਲੇ ਨਜ਼ਰ ਆਉਣ ਲੱਗੇ ਹਨ ਤੇ ਇਸ ਦਾ ਸਿੱਧਾ ਪ੍ਰਭਾਵ ਬਠਿੰਡਾ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਾਘਵ ਚੱਢਾ ਦੇ ਇਸ ਫ਼ੈਸਲੇ ਨਾਲ ਆਪ ਦੇ ਅੰਦਰੂਨੀ ਸਮੀਕਰਨਾਂ ’ਤੇ ਵੀ ਅਸਰ ਪਿਆ ਹੈ, ਜਿਸ ਕਾਰਨ ਸਥਾਨਕ ਆਗੂ ਹੁਣ ਆਪਣੀ ਪੁਜ਼ੀਸ਼ਨ ਮਜ਼ਬੂਤ ਕਰਨ ਲਈ ਜ਼ਿਆਦਾ ਸਰਗਰਮ ਹੋ ਰਹੇ ਹਨ। ਵਿਧਾਇਕ ਜਗਰੂਪ ਗਿੱਲ ਵੱਲੋਂ ਅਚਾਨਕ ਸਰਗਰਮੀਆਂ ਵਧਾਉਣ ਨੂੰ ਵੀ ਇਸੇ ਪ੍ਰਸੰਗ ’ਚ ਦੇਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਚੇਅਰਮੈਨ ਅਤੇ ਹੋਰ ਸਥਾਨਕ ਆਗੂ ਹੁਣ ਵਿਧਾਇਕ ਦੇ ਨਾਲ ਨਜ਼ਰ ਆਉਣ ਲੱਗੇ ਹਨ। ਇਸ ਨਾਲ ਇਹ ਸੰਕੇਤ ਮਿਲਦੇ ਹਨ ਕਿ ਪਾਰਟੀ ਅੰਦਰ ਗਰੁੱਪਬੰਦੀ ਆਉਣ ਵਾਲੇ ਸਮੇਂ ਵਿਚ ਹੋਰ ਵਧ ਸਕਦੀ ਹੈ। ਵਿਧਾਇਕ ਵੱਲੋਂ ਕੀਤੀਆਂ ਮੀਟਿੰਗਾਂ ’ਚ ਚੋਣ ਰਣਨੀਤੀ, ਵਾਰਡ ਪੱਧਰ ਦੀ ਤਿਆਰੀ ਅਤੇ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਇਸ ਸਿਆਸੀ ਬਦਲਾਅ ‘ਤੇ ਨਜ਼ਰ ਰੱਖ ਰਹੀਆਂ ਹਨ। ਬਠਿੰਡਾ ’ਚ ਨਿਗਮ ਚੋਣਾਂ ਹਮੇਸ਼ਾ ਹੀ ਦਿਲਚਸਪ ਰਹੀਆਂ ਹਨ ਤੇ ਇਸ ਵਾਰ ਵੀ ਮੁਕਾਬਲਾ ਕਾਫ਼ੀ ਸਖਤ ਹੋਣ ਦੀ ਸੰਭਾਵਨਾ ਹੈ।
-ਬਾਕਸ-
ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਅਮਰਜੀਤ ਮਹਿਤਾ ਵਿਚ ਪਹਿਲਾਂ ਹੀ ਛੱਤੀ ਦਾ ਅੰਕੜਾ ਚੱਲਦਾ ਹੈ। ਨਿਗਮ ਦੀ ਉੱਪ ਚੋਣ ਵਿਚ ਵਿਧਾਇਕ ਦੇ ਖਾਸਮ ਖਾਸ ਦੀ ਟਿਕਟ ਕੱਟ ਕੇ ਮਹਿਤਾ ਦੇ ਪੁੱਤਰ ਨੂੰ ਦੇਣ ਬਾਅਦ ਦੋਵਾਂ ਆਗੂਆਂ ਵਿਚ ਫਾਸਲਾ ਹੋਰ ਵਧ ਗਿਆ ਸੀ। ਭਾਵੇਂ ਵਿਧਾਇਕ ਨੇ ਬਿੰਦਰ ਦੇ ਹੱਕ ਵਿਚ ਸਟੈਂਡ ਲਿਆ ਸੀ ਅਤੇ ਉਸਨੂੰ ਆਜ਼ਾਦ ਖੜ੍ਹਾ ਕਰਕੇ ਮਦਦ ਕੀਤੀ ਸੀ, ਪਰ ਕੁਝ ਸਮਾਂ ਪਹਿਲਾਂ ਬਿੰਦਰ ਵਿਧਾਇਕ ਦਾ ਸਾਥ ਛੱਡ ਕੇ ਮਹਿਤਾ ਨਾਲ ਚਲੇ ਗਏ ਸਨ। ਇਸ ਤੋਂ ਬਾਅਦ ਗਿੱਲ ਧੜੇ ਦੇ ‘ਆਪ’ ਦੇ ਆਗੂ ਤੇ ਸਾਬਕਾ ਕੌਂਸਲਰ ਛਿੰਦਾ ਵੀ ਮਹਿਤਾ ਧੜੇ ’ਚ ਚਲੇ ਗਏ ਹਨ। ਇਹ ਮਹਿਤਾ ਗਰੁੱਪ ਦਾ ਵਿਧਾਇਕ ਨੂੰ ਵੱਡਾ ਝਟਕਾ ਸੀ। ਆਉਣ ਵਾਲੇ ਦਿਨਾਂ ਵਿਚ ਆਪ ਦੀ ਧੜੇਬੰਦੀ ਵਧ ਸਕਦੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਅਮਰਜੀਤ ਮਹਿਤਾ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਅਤੀ ਕਰੀਬੀਆਂ ਵਿੱਚੋਂ ਗਿਣੇ ਜਾਂਦੇ ਹਨ। ਮਹਿਤਾ ਗਰੁੱਪ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੂਰੇ ਸ਼ਹਿਰ ਅੰਦਰ ਮੀਟਿੰਗਾਂ ਕਰ ਰਿਹਾ ਹੈ। ਦੂਜੇ ਪਾਸੇ ਵਿਧਾਇਕ ਗਰੁੱਪ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਨ੍ਹਾਂ ਨੂੰ ਥਾਪੜਾ ਹੈ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਪੂਰੀ ਪਾਰਦਰਸ਼ਿਤਾ ਨਾਲ ਕੀਤੀ ਜਾਵੇਗੀ। ਇਸ ਲਈ ਪਾਰਟੀ ਵੱਲੋਂ ਕਮੇਟੀ ਬਣਾਈ ਜਾਵੇਗੀ ਤੇ ਤੈਅ ਕੀਤੇ ਮਾਪਦੰਡਾਂ ਦੇ ਆਧਾਰ ’ਤੇ ਹੀ ਉਮੀਦਵਾਰਾਂ ਦੀ ਚੋਣ ਹੋਏਗੀ।