ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਇਆ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਆਉਣ ਵਾਲੀਆਂ ਨਿਗਮ ਚੋਣਾਂ ਸਬੰਧੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਮੈਦਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਦਕਿ ‘ਆਪ’ ਦੇ ਅੰਦਰ ਹੀ ਟਿਕਟਾਂ ਨੂੰ ਲੈ ਕੇ ਖਿੱਚਤਾਣ ਵਧਦੀ ਦਿਖਾਈ ਦੇ ਰਹੀ ਹੈ। ਲਗਭਗ ਹਰ ਵਾਰਡ ’ਚ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਕਈ-ਕਈ ਦਾਅਵੇਦਾਰ ਮੈਦਾਨ ’ਚ ਹਨ, ਜਿਸ ਕਾਰਨ ਪਾਰਟੀ ਅੰਦਰ ਗਰੁੱਪਬਾਜ਼ੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਸਭ ਤੋਂ ਵੱਧ ਚਰਚਾ ਵਾਰਡ-16 ਤੇ 46 ਦੀ ਹੋ ਰਹੀ ਹੈ, ਜਿੱਥੇ ਵੱਡੇ ਆਗੂਆਂ ’ਚ ਪੇ਼ਚ ਫਸਿਆ ਹੋੲਅਿਾ ਹੈ। ਵਾਰਡ ਨੰਬਰ 16 ਤੋਂ ਦੋ ਪ੍ਰਭਾਵਸ਼ਾਲੀ ਆਗੂਆਂ ਹਰਪਾਲ ਢਿੱਲੋਂ ਤੇ ਅੰਮ੍ਰਿਤ ਅਗਰਵਾਲ ਵੱਲੋਂ ਪਾਰਟੀ ਟਿਕਟ ਲਈ ਅਰਜ਼ੀ ਦਿੱਤੀ ਗਈ ਹੈ। ਦੋਵੇਂ ਆਗੂ ਆਪਣੇ-ਆਪਣੇ ਪੱਧਰ ‘ਤੇ ਵਰਕਰਾਂ ਤੇ ਹਮਾਇਤੀਆਂ ਨਾਲ ਮੀਟਿੰਗਾਂ ਕਰ ਰਹੇ ਹਨ ਤੇ ਇਲਾਕੇ ’ਚ ਆਪਣਾ ਜਨ ਸੰਪਰਕ ਵਧਾ ਰਹੇ ਹਨ। ਸਥਾਨਕ ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰਡ ਵਿੱਚ ਮੁਕਾਬਲਾ ਕਾਫੀ ਦਿਲਚਸਪ ਹੋ ਸਕਦਾ ਹੈ। ਢਿੱਲੋਂ ਪਹਿਲਾਂ ਇੱਥੋਂ ਦੋ ਵਾਰ ਅਕਾਲੀ ਦਲ ਦੀ ਟਿਕਟ ’ਤੇ ਕੌਂਸਰਲ ਬਣਦੇ ਆ ਰਹੇ ਹਨ ਪਰ ਹੁਣ ਉਹ ਆਮ ਆਦਮੀ ਪਾਰਟੀ ਵਿਚ ਹਨ ਅਤੇ ਵਿਧਾਇਕ ਜਗਰੂਪ ਗਿੱਲ ਦੇ ਨੇੜੇ ਹਨ। ਇਸ ਤਰ੍ਹਾਂ ਹੀ ਵਾਰਡ ਨੰਬਰ 46 ਵਿਧਾਇਕ ਜਗਰੂਪ ਗਿੱਲ ਦਾ ਪੁਰਾਣਾ ਵਾਰਡ ਹੈ, ਉਹ ਇੱਥੋਂ ਅੱਧੀ ਦਰਜਨ ਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ, ਪਰ ਜ਼ਿਮਨੀ ਚੋਣ ਵਿਚ ਇਸ ਵਾਰਡ ਤੋਂ ਵਿਧਾਇਕ ਨੂੰ ਅਣਗੌਲਿਆ ਕਰਕੇ ਆਪ ਨੇ ਪਦਮਜੀਤ ਮਹਿਤਾ ਨੂੰ ਟਿਕਟ ਦਿੱਤੀ, ਜਿਹੜੇ ਵਿਧਾਇਕ ਦੀ ਵਿਰੋਧਤਾ ਬਾਅਦ ਜਿੱਤੇ ਕੇ ਮੇਅਰ ਬਣੇ ਸਨ। ਹੁਣ ਇਸ ਵਾਰਡ ਤੋਂ ਸਾਬਕਾ ਮੇਅਰ ਪਦਮਜੀਤ ਮਹਿਤਾ, ਸਮਾਜ ਸੇਵੀ ਡਾਕਟਰ ਆਪ ਆਗੂ ਤਰਸੇਮ ਗਰਗ ਅਤੇ ਬਘੇਲ ਸਿੰਘ ਪਾਰਟੀ ਤੋਂ ਟਿਕਟ ਮੰਗ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ।
ਚੋਣੀ ਸਰਗਰਮੀਆਂ ਦੌਰਾਨ ਪਾਰਟੀ ਦੇ ਮਹਿਤਾ ਤੇ ਗਿੱਲ ਧੜਿਆਂ ਵਿੱਚ ਵੀ ਅੰਦਰੂਨੀ ਖਿੱਚਤਾਣ ਸਪੱਸ਼ਟ ਦਿਖਾਈ ਦੇ ਰਹੀ ਹੈ। ਜਾਣਕਾਰੀ ਅਨੁਸਾਰ ਮਹਿਤਾ ਧੜੇ ਨਾਲ ਜੁੜੇ ਆਗੂ ਆਪਣੇ ਚੋਣਾਵੀ ਪੋਸਟਰਾਂ ਅਤੇ ਬੈਨਰਾਂ ‘ਤੇ ਗਿੱਲ ਧੜੇ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਲਗਾ ਰਹੇ। ਇਸੇ ਤਰ੍ਹਾਂ ਗਿੱਲ ਧੜੇ ਦੇ ਸਮਰਥਕ ਵੀ ਮਹਿਤਾ ਧੜੇ ਦੇ ਆਗੂਆਂ ਤੋਂ ਦੂਰੀ ਬਣਾਈ ਹੋਈ ਹੈ ਅਤੇ ਆਪਣੇ ਪ੍ਰਚਾਰ ਸਮੱਗਰੀ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਸ਼ਾਮਲ ਨਹੀਂ ਕਰ ਰਹੇ। ਇਸ ਕਾਰਨ ਪਾਰਟੀ ਅੰਦਰ ਧੜੇਬੰਦੀ ਦੀ ਚਰਚਾ ਜ਼ੋਰਾਂ ’ਤੇ ਹੈ। ਹਾਲਾਂਕਿ ਮੰਗਲਵਾਰ ਨੂੰ ਅਮਰਜੀਤ ਮਹਿਤਾ ਨੇ ਆਪਣੇ ਘਰ ਹਮਾਇਤੀਆਂ ਦੀ ਮੀਟਿੰਗ ਰੱਖੀ ਅਤੇ ਨਿਗਮ ਚੋਣਾਂ ਸਾਰੇ ‘ਆਪ’ ਦੇ ਆਗੂਆਂ ਨਾਲ ਰਲ ਮਿਲ ਕੇ ਲੜਨ ਦਾ ਹੋਕਾ ਦਿੱਤਾ। ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਨਿਗਮ ਚੋਣਾਂ ਵਿੱਚ ਟਿਕਟਾਂ ਦੀ ਦੌੜ ਕਾਫੀ ਦਿਲਚਸਪ ਰਹੇਗੀ। ਖਾਸ ਤੌਰ ‘ਤੇ ਆਮ ਆਦਮੀ ਪਾਰਟੀ ਅੰਦਰ ਕਈ ਵਾਰਡਾਂ ਵਿੱਚ ਇਕ ਤੋਂ ਵੱਧ ਦਾਅਵੇਦਾਰ ਹੋਣ ਕਾਰਨ ਪਾਰਟੀ ਲਈ ਉਮੀਦਵਾਰ ਚੁਣਨਾ ਆਸਾਨ ਨਹੀਂ ਹੋਵੇਗਾ। ਜੇਕਰ ਟਿਕਟਾਂ ਦੀ ਵੰਡ ਦੌਰਾਨ ਅਸੰਤੁਸ਼ਟੀ ਵਧੀ ਤਾਂ ਕਈ ਆਗੂ ਆਜ਼ਾਦ ਚੋਣ ਲੜ ਸਕਦੇ ਹਨ, ਜਿਸ ਨਾਲ ਚੋਣ ਸਮੀਕਰਨ ਬਦਲ ਸਕਦੇ ਹਨ।
-ਬਾਕਸ-
-ਭਵਿੱਖ ’ਚ ਟਿਕਟਾਂ ਦੇ ਐਲਾਨ ਹੋਣਨਾਲ ਸਿਆਸੀ ਹਲਚਲ ਤੇਜ਼ ਹੋਣ ਦੀ ਸੰਭਾਵਨਾ
ਦੂਜੇ ਪਾਸੇ ਕਈ ਸਮਾਜ-ਸੇਵੀ ਤੇ ਨੌਜਵਾਨ ਚਿਹਰੇ ਵੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ। ਕੁਝ ਸਮਾਜ ਸੇਵੀਆਂ ਨੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨਾਲ ਮੀਟਿੰਗਾਂ ਕਰਕੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਸਿਆਸਤ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਅਤੇ ਲੋਕ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਲੜਣਗੇ। ਸਮਾਜ ਸੇਵ ਬੀਰੂ ਬਾਂਸਲ ਨੇ ਆਪਣੀ ਪਤਨੀ ਸਵਿਤਾ ਬਾਂਸਲ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਸੀ ਪਰ ਹੁਣ ਉਸਨੂੰ ਅਕਾਲੀ ਦਲ ਨੇ ਟਿਕਟ ਦੇ ਦਿੱਤੀ ਹੈ। ਵਾਰਡ-ਇਕ ਤੋਂ ਕਪਿਲਾ ਸਹਿਗਲ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਹਨ, ਜਦਕਿ ਵਾਰਡ-19 ਤੋਂ ਬਲਕਰਨ ਘੁੰਮਣ ਕਾਂਗਰਸ ਪਾਰਟੀ ਦੀ ਟਿਕਟ ਲਈ ਚਾਰਾਜ਼ੋਈ ਕਰ ਰਹੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸੰਭਾਵੀ ਉਮੀਦਵਾਰ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਕਈ ਥਾਵਾਂ ‘ਤੇ ਛੋਟੇ ਪੱਧਰ ‘ਤੇ ਮੀਟਿੰਗਾਂ ਅਤੇ ਇਕੱਠ ਵੀ ਕੀਤੇ ਜਾ ਰਹੇ ਹਨ। ਪੋਸਟਰਬਾਜ਼ੀ ਅਤੇ ਸੋਸ਼ਲ ਮੀਡੀਆ ਪ੍ਰਚਾਰ ਵੀ ਤੇਜ਼ ਹੋ ਗਿਆ ਹੈ। ਫਿਲਹਾਲ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਚੋਣਾਵੀ ਰੰਗ ਵਿੱਚ ਰੰਗੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਟਿਕਟਾਂ ਦੇ ਐਲਾਨ ਨਾਲ ਸਿਆਸੀ ਹਲਚਲ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।