ਬਠਿੰਡਾ ਨਗਰ ਨਿਗਮ ਚੋਣਾਂ

-ਭਵਿੱਖ ਦੀਆਂ ਵਿਧਾਨ ਸਭਾ ਚੋਣ ਲੜਨ ਵਾਲਿਆਂ ਲਈ ਵਕਾਰ ਦਾ ਸਵਾਲ ਹੋਣਗੀਆਂ ਨਿਗਮ ਚੋਣਾਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ ਚੋਣਾਂ ਨੇੜੇ ਆਉਂਦਿਆਂ ਹੀ ਬਠਿੰਡਾ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਮਈ ਮਹੀਨੇ ਵਿੱਚ ਕਿਸੇ ਵੀ ਵੇਲੇ ਚੋਣਾਂ ਹੋਣ ਦੀ ਸੰਭਾਵਨਾ ਵਿਚਕਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਜ਼ਮੀਨੀ ਪੱਧਰ ’ਤੇ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਣ ਜਾ ਰਹੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਖਾਸ ਕਰਕੇ ਸਾਲ 2027 ਦੀ ਵਿਧਾਨ ਸਭਾ ਚੋਣ ਲੜਨ ਵਾਲੇ ਆਗੂਆਂ ਲਈ ਇਹ ਚੋਣਾਂ ਵਕਾਰ ਦਾ ਸਵਾਲ ਬਣ ਗਈਆਂ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਿਗਮ ਦੀਆਂ ਚੋਣਾਂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਵਾਲੇ ਉਮੀਦਵਾਰ ਦਾ ਭਵਿੱਖ ਤੈਅ ਕਰਨ ਵਿਚ ਕਾਫ਼ੀ ਭੂ੍ਮਿਕਾ ਨਿਭਾ ਸਕਦੀਆਂ ਹਨ। ਇਸ ਵਾਰ ਚੋਣ ਮੁਕਾਬਲਾ ਸਿਰਫ਼ ਪਾਰਟੀਆਂ ਵਿਚਕਾਰ ਹੀ ਨਹੀਂ, ਸਗੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਅੰਦਰ ਵੀ ਦਿਖਾਈ ਦੇ ਰਿਹਾ ਹੈ। ਟਿਕਟ ਵੰਡ, ਬਾਗੀ ਤੇਵਰ ਅਤੇ ਬਦਲਦੇ ਗਠਜੋੜਾਂ ਨੇ ਪੂਰੇ ਸਿਆਸੀ ਸਮੀਕਰਨ ਨੂੰ ਪੇਚੀਦਾ ਬਣਾ ਦਿੱਤਾ ਹੈ। ਸਭ ਤੋਂ ਵੱਧ ਦਬਾਅ ਸੱਤਾਧਿਰ ਆਮ ਆਦਮੀ ਪਾਰਟੀ ’ਤੇ ਨਜ਼ਰ ਆ ਰਿਹਾ ਹੈ। ਨਿਗਮ ਵਿੱਚ ਮੇਅਰ ਬਣਾਉਣ ਲਈ ਪਹਿਲਾਂ ਜਿਨ੍ਹਾਂ ਕੌਂਸਲਰਾਂ ਨੂੰ ਜੋੜ-ਤੋੜ ਰਾਹੀਂ ਆਪ ਨੇ ਨਾਲ ਲਿਆਂਦਾ ਸੀ, ਹੁਣ ਉਨ੍ਹਾਂ ਨੂੰ ਹੀ ਨਾਲ ਜੋੜ ਕੇ ਰੱਖਣਾ ਪਾਰਟੀ ਲਈ ਵੱਡੀ ਚੁਣੌਤੀ ਬਣ ਗਿਆ ਹੈ।
ਦੂਜੇ ਪਾਸੇ ਪਾਰਟੀ ਦੇ ਪੁਰਾਣੇ ਵਲੰਟੀਅਰ ਵੀ ਟਿਕਟ ਦੀ ਦੌੜ ਵਿੱਚ ਹਨ, ਜਿਸ ਕਾਰਨ ਕਈ ਵਾਰਡਾਂ ਵਿੱਚ ਇੱਕੋ ਸੀਟ ਲਈ ਕਈ ਦਾਅਵੇਦਾਰ ਸਾਹਮਣੇ ਆ ਰਹੇ ਹਨ। ਇਸ ਲਈ ਆਮ ਆਦਮੀ ਪਾਰਟੀ ਲਈ ਟਿਕਟ ਵੰਡ ਵੱਡੀ ਚਨੌਤੀ ਰਹੇਗੀ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਾਰਡਾਂ ਵਿੱਚ ਆਪ ਦਾ ਮਜ਼ਬੂਤ ਪੁਰਾਣਾ ਕੇਡਰ ਮੌਜੂਦ ਹੈ, ਉੱਥੇ ਬਾਹਰੀ ਜਾਂ ਹਾਲ ਹੀ ਵਿੱਚ ਸ਼ਾਮਲ ਹੋਏ ਆਗੂਆਂ ਤੇ ਸਾਬਕਾ ਕੌਂਸਲਰਾਂ ਨੂੰ ਟਿਕਟ ਦੇਣ ਨਾਲ ਨੁਕਸਾਨ ਹੋ ਸਕਦਾ ਹੈ। ਅਜਿਹੇ ਵਿੱਚ ਪਾਰਟੀ ਲੀਡਰਸ਼ਿਪ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਨਾਲ ਬਗਾਵਤ ਦੀ ਸੰਭਾਵਨਾ ਵੀ ਵਧ ਰਹੀ ਹੈ। ਖਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਗਰੁੱਪ ਨਾਲ ਜੁੜੇ ਕੌਂਸਲਰਾਂ ਦੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰਣ ਦੀਆਂ ਚਰਚਾਵਾਂ ਤੇਜ਼ ਹਨ।
ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਨੂੰ ਵਕਾਰ ਦਾ ਸਵਾਲ ਬਣਾ ਕੇ ਲੜੇਗੀ। ਸਾਲ 2021 ਦੀਆਂ ਚੋਣਾਂ ਵਿੱਚ 43 ਸੀਟਾਂ ਜਿੱਤ ਕੇ ਨਿਗਮ ’ਤੇ ਕਬਜ਼ਾ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਥੋੜੀ ਕਮਜ਼ੋਰ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਪੰਜ ਸਾਲਾਂ ਵਿੱਚ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ ਇੱਕ-ਤਿਹਾਈ ਰਹਿ ਗਈ ਹੈ। ਜ਼ਿਆਦਾਤਰ ਕੌਂਸਲਰ ਜਾਂ ਤਾਂ ਆਪ ਵਿੱਚ ਸ਼ਾਮਲ ਹੋ ਗਏ ਅਤੇ ਕੁੱਝ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਹੁਣ ਕਾਂਗਰਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਵੇਂ ਚਿਹਰਿਆਂ ਦੀ ਤਲਾਸ਼ ਹੈ। ਹਾਲਾਂਕਿ ਪਾਰਟੀ ਲੀਡਰਸ਼ਿਪ ਬਾਗੀ ਅਤੇ ਪਾਰਟੀ ’ਚੋਂ ਕੱਢੇ ਗਏ ਕੌਂਸਲਰਾਂ ਦੀ ਘਰ ਵਾਪਸੀ ਦੇ ਯਤਨਾਂ ਵਿੱਚ ਵੀ ਜੁਟੀ ਹੋਈ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਰਟੀ ਪੁਰਾਣੇ ਚਿਹਰਿਆਂ ’ਤੇ ਦਾਅ ਲਗਾਏਗੀ ਜਾਂ ਨਵੇਂ ਉਮੀਦਵਾਰਾਂ ਨੂੰ ਮੌਕਾ ਦੇਵੇਗੀ।
-ਬਾਕਸ-
-ਅਕਾਲੀ ਦਲ ਨੇ ਖਿੱਚੀ ਤਿਆਰੀ
ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਿਹਾ ਹੈ। ਪਾਰਟੀ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆ ਕੇ ਪਾਰਟੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਲਗਾਤਾਰ ਮੀਟਿੰਗਾਂ ਕਰਕੇ ਵੱਖ ਵੱਖ ਵਾਰਡਾਂ ਦੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਰਹੇ ਹਨ। ਜ਼ਿਲ੍ਹਾ; ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋੋਣਾਂ ਵਿਚ ਹੋਈ ਜਿੱਤ ਤੋਂ ਬਾਅਦ ਅਕਾਲੀ ਆਗੂਆਂ ਵਿਚ ਜ਼ੋਸ ਦਿਖਾਈ ਦੇ ਰਿਹਾ ਹੈ।
-ਬਾਕਸ-
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਨਗਰ ਨਿਗਮ ਚੋਣਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਰਹੀ ਹੈ। ਭਾਜਪਾ ਸ਼ਹਿਰੀ ਅਤੇ ਬਾਹਰੀ ਇਲਾਕਿਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਖਾਸ ਕਰਕੇ ਵਪਾਰੀ, ਪ੍ਰਵਾਸੀ ਵਰਗ ਅਤੇ ਲਾਇਨੋਪਾਰ ਖੇਤਰ ਵਿੱਚ ਜਿਆਦਾ ਸਰਗਰਮੀ ਕਰ ਰਹੀ ਹੈ। ਹਾਲਾਂਕਿ ਭਾਜਪਾ ਨੂੰ ਜਿੱਤਣ ਵਾਲੇ ਉਮਦੀਵਾਰਾਂ ਦੀ ਕਮੀ ਹੈ। ਵੱਡੇ ਆਗੂ ਖੁਦ ਚੋਣ ਲੜਨ ਤੋਂ ਬਚ ਰਹੇ ਹਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਗੇ ਕਰ ਰਹੇ ਹਨ।
-ਬਾਕਸ-
ਨਿਗਮ ਦੀ ਮੌਜੂਦਾ ਰਾਜਨੀਤੀ ਵਿੱਚ ਮਹਿਤਾ ਪਰਿਵਾਰ ਦੇ ਆਉਣ ਤੋਂ ਬਾਅਦ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਹਨ। ਪਦਮਜੀਤ ਸਿੰਘ ਮਹਿਤਾ ਨੂੰ ਮੇਅਰ ਬਣਾਉਣ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੌਂਸਲਰਾਂ ਦਾ ਸਮਰਥਨ ਮਿਲਿਆ ਸੀ। ਇਸ ਗਰੁੱਪ ਦੀ ਸਰਗਰਮੀ ਨੇ ਰਵਾਇਤੀ ਰਾਜਨੀਤਕ ਪਾਰਟੀਆਂ ਦੇ ਸਮੀਕਰਨ ਵਿਗਾੜ ਦਿੱਤੇ ਹਨ। ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਕੌਂਸਲਰਾਂ ਦਾ ਇਸ ਗਰੁੱਪ ਵੱਲ ਝੁਕਾਅ ਦੇਖਿਆ ਗਿਆ ਹੈ, ਜਿਸ ਨਾਲ ਚੋਣਾਵੀ ਤਸਵੀਰ ਹੋਰ ਪੇਚੀਦਾ ਬਣਦੀ ਜਾ ਰਹੀ ਹੈ। ਕ੍ਰਿਕਟ ਐੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਕੋਲ ਸਿਰਫ਼ ਇਕ ਆਪਣਾ ਪੁੱਤਰ ਕੌਂਸਲਰ ਸੀ, ਪਰ ਇਸਦੇ ਬਾਵਜੂਦ ਉਸਨੇ ਆਪਣੇ ਪੁੱਤਰ ਨੂੰ ਮੇਅਰ ਬਣਾ ਲਿਆ ਸੀ, ਜਿਸ ਤੋਂ ਬਾਅਦ ਉਸਦੀ ਬਠਿੰਡਾ ਵਿਚ ਤੂਤੀ ਬੋਲ ਰਹੀ ਹੈ।
ਭਾਵੇਂ ਕਾਂਗਰਸ ਤੋਂ ਭਾਜਪਾਈ ਹੋਈ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਹਲਕੇ ਵਿਚ ਸਰਗਰਮੀ ਕਰ ਰਹੇ ਹਨ ਪਰ ਉਨ੍ਹਾਂ ਦੇ ਗਰੁੱਪ ਦੇ ਸਾਬਕਾ ਕੌਂਸਲਰ ਵੀ ਰਾਜਸੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਗਰੁੱਪ ਨਾਲ ਜੁੜੇ ਇਕ ਦਰਜਨ ਤੋਂ ਵੱਧ ਸਾਬਕਾ ਕੌਂਸਲਰ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕਈ ਵਾਰਡਾਂ ਵਿੱਚ ਮੁਕਾਬਲਾ ਤਿਕੋਣਾ ਜਾਂ ਬਹੁਕੋਣਾ ਹੋ ਸਕਦਾ ਹੈ। ਇਸ ਦਾ ਸਿੱਧਾ ਅਸਰ ਵੱਡੀਆਂ ਪਾਰਟੀਆਂ ਦੇ ਜਿੱਤ-ਹਾਰ ਦੇ ਗਣਿਤ ’ਤੇ ਪਵੇਗਾ। ਉੱਥੇ ਹੀ ਜਗਰੂਪ ਸਿੰਘ ਗਿੱਲ ਦਾ ਰੁਖ ਵੀ ਅਹਿਮ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਮਹਿਤਾ ਗਰੁੱਪ ਦਾ ਵਿਰੋਧੀ ਸਮਝਿਆ ਜਾਂਦਾ ਹੈ। ਉਨ੍ਹਾਂ ਦੇ ਰਾਜਨੀਤਕ ਕਦਮ ਚੋਣਾਵੀ ਰਣਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਸ ਚੋਣ ਵਿੱਚ ਕਈ ਸੀਨੀਅਰ ਆਗੂਆਂ ਦੀ ਸਾਖ ਵੀ ਦਾਅ ’ਤੇ ਲੱਗੀ ਹੋਈ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵਰਗੇ ਆਗੂਆਂ ਲਈ ਇਹ ਚੋਣ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਕੜ ਮਜ਼ਬੂਤ ਕਰਨ ਦਾ ਅਹਿਮ ਮੌਕਾ ਹੋਵੇਗਾ। ਸਾਲ 2004 ਵਿੱਚ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਠਿੰਡਾ ਵਿੱਚ ਲੰਬੇ ਸਮੇਂ ਤਕ ਅਕਾਲੀ-ਭਾਜਪਾ ਗਠਜੋੜ ਦਾ ਦਬਦਬਾ ਰਿਹਾ, ਪਰ 2021 ਵਿੱਚ ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਕਾਂਗਰਸ ਨੇ ਵੱਡੀ ਜਿੱਤ ਹਾਸਲ ਕਰਕੇ ਸੱਤਾ ਬਦਲੀ ਸੀ। ਹੁਣ ਹਾਲਾਤ ਫਿਰ ਬਦਲ ਚੁੱਕੇ ਹਨ ਅਤੇ ਹਰ ਪਾਰਟੀ ਨਵੇਂ ਸਿਰੇ ਤੋਂ ਸਮੀਕਰਨ ਬਣਾਉਣ ਵਿੱਚ ਜੁਟੀ ਹੋਈ ਹੈ।