ਉਮੀਦਵਾਰ ਅਨਪੜ੍ਹ ਤੋਂ ਲੈ ਕੇ ਐਮਬੀਏ ਤੇ ਐਮਐੱਸਸੀ ਤਕ

-41 ਤੋਂ 60 ਸਾਲ ਉਮਰ ਦੇ ਉਮੀਦਵਾਰ ਸਭ ਤੋਂ ਵੱਧ, ਸਿਆਸੀ ਪਾਰਟੀਆਂ ਨੇ ਸੀਨੀਅਰਜ਼ ’ਤੇ ਜਤਾਇਆ ਭਰੋਸਾ
-4 ਉਮੀਦਵਾਰ ਅਨਪੜ੍ਹ, 6 ਉਮੀਦਵਾਰ ਐੱਮਏ ਪਾਸ, ਬੀਏ ਐੱਲਐੱਲਬੀ 5 ਉਮੀਦਵਾਰ
-ਚੋਣ ਮੈਦਾਨ ’ਚ 150 ਤੋਂ ਵੱਧ ਉਮੀਦਵਾਰ 61 ਤੋਂ 70 ਸਾਲ ਦੇ ਹਨ 28 ਉਮੀਦਵਾਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਚੋਣਾਂ ਇਸ ਵਾਰ ਸਿਰਫ਼ ਸਿਆਸੀ ਮੁਕਾਬਲੇ ਤਕ ਸੀਮਤ ਨਹੀਂ ਰਹੀਆਂ, ਸਗੋਂ ਉਮੀਦਵਾਰਾਂ ਦੀ ਉਮਰ ਅਤੇ ਵਿਦਿਅਕ ਯੋਗਤਾ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। 26 ਮਈ ਨੂੰ ਹੋਣ ਵਾਲੀਆਂ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਮੁੱਖ ਸਿਆਸੀ ਪਾਰਟੀਆਂ ਨੇ ਨੌਜਵਾਨ ਚਿਹਰਿਆਂ ਦੇ ਨਾਲ-ਨਾਲ ਤਜਰਬੇਕਾਰ ਤੇ ਉਮਰਦਰਾਜ਼ ਉਮੀਦਵਾਰਾਂ ’ਤੇ ਵੀ ਭਰੋਸਾ ਜਤਾਇਆ ਹੈ। ਚੋਣ ਮੈਦਾਨ ’ਚ ਜਿੱਥੇ 20 ਤੋਂ 30 ਸਾਲ ਉਮਰ ਵਰਗ ਦੇ ਕੁਝ ਨੌਜਵਾਨ ਪਹਿਲੀ ਵਾਰ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਉੱਥੇ ਹੀ 70 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ ਵੀ ਪੂਰੇ ਜੋਸ਼ ਨਾਲ ਚੋਣਾਵੀ ਦੰਗਲ ਵਿੱਚ ਉਤਰੇ ਹੋਏ ਹਨ। ਅੰਕੜਿਆਂ ਅਨੁਸਾਰ 21 ਤੋਂ 30 ਸਾਲ ਉਮਰ ਵਰਗ ਦੇ ਕੇਵਲ 9 ਉਮੀਦਵਾਰ ਚੋਣ ਲੜ ਰਹੇ ਹਨ। 31 ਤੋਂ 40 ਸਾਲ ਦੇ 29 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਇਸ ਤਰ੍ਹਾਂ ਹੀ 41 ਤੋਂ 50 ਸਾਲ ਦੇ ਸਭ ਤੋਂ ਵੱਧ 60 ਉਮੀਦਵਾਰ ਤੇ 51 ਤੋਂ 60 ਸਾਲ ਉਮਰ ਵਰਗ ਦੇ 51 ਉਮੀਦਵਾਰ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 61 ਤੋਂ 70 ਸਾਲ ਦੇ 28 ਅਤੇ 71 ਤੋਂ 80 ਸਾਲ ਦੇ 6 ਨੌਜਵਾਨ ਬਜ਼ੁਰਗ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਹ ਅੰਕੜੇ ਸਾਫ਼ ਕਰਦੇ ਹਨ ਕਿ ਇਸ ਵਾਰ ਸਿਆਸੀ ਪਾਰਟੀਆਂ ਨੇ ਨੌਜਵਾਨ ਜੋਸ਼ ਨਾਲੋਂ ਤਜਰਬੇ ਨੂੰ ਵੱਧ ਤਰਜੀਹ ਦਿੱਤੀ ਹੈ।
-ਬਾਕਸ-
ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ’ਚ ਵੀ ਵੱਡੀ ਵੱਖਰਤਾ ਦੇਖਣ ਨੂੰ ਮਿਲ ਰਹੀ ਹੈ। ਚੋਣ ਮੈਦਾਨ ਵਿਚ ਕੁਝ ਉਮੀਦਵਾਰ ਉੱਚ ਸਿੱਖਿਆ ਪ੍ਰਾਪਤ ਹਨ, ਜਦਕਿ ਕਈ ਬਹੁਤ ਘੱਟ ਪੜ੍ਹੇ-ਲਿਖੇ ਜਾਂ ਪੂਰੀ ਤਰ੍ਹਾਂ ਅਨਪੜ੍ਹ ਵੀ ਹਨ। ਚੋਣ ਦੌਰਾਨ ਮੈਦਾਨ ਵਿਚ ਉੱਤਰੇ 4 ਉਮੀਦਵਾਰ ਅਨਪੜ੍ਹ ਹਨ, ਜਦਕਿ ਚੌਥੀ ਪਾਸ 3 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ, ਪੰਜਵੀਂ ਪਾਸ 5 ਉਮੀਦਵਾਰ ਮੈਦਾਨ ’ਚ ਹਨ। ਜਦੋਂ ਕਿ ਸੱਤਵੀਂ ਪਾਸ 2 ਤੇ ਅੱਠਵੀਂ ਪਾਸ 16 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਪਿੜ ਵਿਚ ਨਿੱਤਰੇ ਦਸਵੀਂ ਪਾਸ ਉਮੀਦਵਾਰਾਂ ਦੀ ਗਿਣਤੀ 31 ਹੈ, ਜਦਕਿ 9 ਉਮੀਦਵਾਰ ਅੰਡਰ ਮੈਟ੍ਰਿਕ ਹਨ। 12ਵੀਂ ਪਾਸ 28 ਉਮੀਦਵਾਰ ਚੋਣ ਲੜ ਰਹੇ ਹਨ । ਬੀਏ ਪਾਸ ਉਮੀਦਵਾਰਾਂ ਦੀ ਗਿਣਤੀ 15 ਹੈ, ਜਦਕਿ 6 ਉਮੀਦਵਾਰ ਐੱਮਏ ਪਾਸ ਹਨ। ਬੀਏ ਐੱਲਐੱਲਬੀ 5 ਉਮੀਦਵਾਰ, ਡਿਪਲੋਮਾ ਪਾਸ 4 ਉਮੀਦਵਾਰ , ਬੀਐੱਸਸੀ 4 ਉਮੀਦਵਾਰ ਤੇ ਐੱਮਏ ਬੀਐਡ ਪਾਸ 2 ਉਮੀਦਵਾਰ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ ਡੀਐੱਚਐੱਮਐੱਸ, ਡੀਪੀਐਡ, ਐਮਕਾਮ, ਡੀਫਾਰਮਾ, ਐਮਐੱਸਸੀ ਆਈਟੀ, ਜੀਐੱਨਐੱਮ, ਐੱਮਸੀਏ, ਐਮਬੀਏ, ਬੀਟੈਕ, ਬੀਏ ਬੀਐੱਡ, ਬੀਏ ਐਮਐਡ, ਆਈਟੀਆਈ ਤੇ ਬੀਪੀਐੱਡ ਵਰਗੀਆਂ ਡਿਗਰੀਆਂ ਵਾਲੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
-ਬਾਕਸ-
ਕਾਂਗਰਸ ਦੀ ਗੱਲ ਕਰੀਏ ਤਾਂ ਵਾਰਡ ਨੰਬਰ 11 ਤੋਂ 24 ਸਾਲਾ ਸੁਖਪਾਲ ਕੌਰ ਸਭ ਤੋਂ ਨੌਜਵਾਨ ਉਮੀਦਵਾਰ ਹਨ, ਜਦਕਿ ਵਾਰਡ ਨੰਬਰ 42 ਤੋਂ 72 ਸਾਲਾ ਭਗਵਾਨ ਦਾਸ ਸਭ ਤੋਂ ਉਮਰਦਰਾਜ਼ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ। ਵਾਰਡ ਨੰਬਰ 23 ਤੋਂ ਕਾਂਗਰਸੀ ਉਮੀਦਵਾਰ ਕਿਰਨ ਰਾਣੀ ਨੇ ਬੀਏ ਐਮਐਡ ਤਕ ਸਿੱਖਿਆ ਪ੍ਰਾਪਤ ਕੀਤੀ ਹੈ। ਭਾਜਪਾ ਨੇ ਵੀ ਨੌਜਵਾਨ ਅਤੇ ਤਜਰਬੇਕਾਰ ਚਿਹਰਿਆਂ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਵਾਰਡ-4 ਤੋਂ 29 ਸਾਲਾ ਮੋਹਨ ਪਾਰਟੀ ਦੇ ਸਭ ਤੋਂ ਨੌਜਵਾਨ ਉਮੀਦਵਾਰ ਹਨ, ਜਦਕਿ ਵਾਰਡ ਨੰਬਰ 14 ਤੋਂ 67 ਸਾਲਾ ਮੋਹਿੰਦਰ ਸਿੰਘ ਸਿੱਧੂ ਸਭ ਤੋਂ ਸੀਨੀਅਰ ਉਮੀਦਵਾਰ ਹਨ। ਵਾਰਡ ਨੰਬਰ 29 ਤੋਂ ਊਸ਼ਾ ਰਾਣੀ ਅਤੇ ਵਾਰਡ-43 ਤੋਂ ਮਨਜੀਤ ਕੌਰ ਨੇ ਚੌਥੀ ਤਕ ਪੜ੍ਹਾਈ ਕੀਤੀ ਹੈ, ਜਦਕਿ ਵਾਰਡ-19 ਤੋਂ ਪਰਮਜੀਤ ਕੌਰ ਐਮਏ ਬੀਐਡ ਡਿਗਰੀਧਾਰੀ ਹਨ। ਆਮ ਆਦਮੀ ਪਾਰਟੀ ਦੇ ਵਾਰਡ-46 ਤੋਂ 27 ਸਾਲਾ ਰਾਜਨਦੀਪ ਸਿੰਘ ਸਭ ਤੋਂ ਨੌਜਵਾਨ ਉਮੀਦਵਾਰ ਹਨ, ਜਦਕਿ ਵਾਰਡ-5 ਤੋਂ 71 ਸਾਲਾ ਹਰਬੰਤ ਕੌਰ ਸਭ ਤੋਂ ਉਮਰਦਰਾਜ਼ ਉਮੀਦਵਾਰ ਹਨ। ਖਾਸ ਗੱਲ ਇਹ ਹੈ ਕਿ ਵਾਰਡ-46 ਤੋਂ ਬਿਨਾਂ ਮੁਕਾਬਲੇ ਚੁਣੇ ਗਏ ਪਦਮਜੀਤ ਮਹਿਤਾ ਨੇ ਲੰਡਨ ਤੋਂ ਐਮਬੀਏ ਕੀਤੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਵਾਰਡ ਨੰਬਰ 10 ਤੋਂ 25 ਸਾਲਾ ਹਰਪ੍ਰੀਤ ਸਿੰਘ ਸਭ ਤੋਂ ਨੌਜਵਾਨ ਉਮੀਦਵਾਰ ਹਨ, ਜਦਕਿ ਵਾਰਡ-30 ਤੋਂ 76 ਸਾਲਾ ਗੁਰਬਚਨ ਸਿੰਘ ਸਭ ਤੋਂ ਸੀਨੀਅਰ ਉਮੀਦਵਾਰ ਹਨ। ਸ੍ਰੋਮਣੀ ਅਕਾਲੀ ਦਲ ਦੇ ਵਾਰਡ-5 ਤੋਂ ਸਰਬਜੀਤ ਕੌਰ, ਵਾਰਡ ਨੰਬਰ 7 ਤੋਂ ਸੀਮਾ ਜੋਸ਼ੀ ਅਤੇ ਵਾਰਡ ਨੰਬਰ 35 ਤੋਂ ਨੀਰੂ ਪੂਰੀ ਤਰ੍ਹਾਂ ਅਨਪੜ੍ਹ ਹਨ। ਪਾਰਟੀ ਦੇ ਸਭ ਤੋਂ ਵੱਧ ਤਿੰਨ ਅਨਪੜ੍ਹ ਉਮੀਦਵਾਰ ਵੀ ਅਕਾਲੀ ਦਲ ਨਾਲ ਸਬੰਧਤ ਹਨ। ਉੱਥੇ ਹੀ ਵਾਰਡ ਨੰਬਰ 42 ਤੋਂ ਸੰਤੋਸ਼ ਕੁਮਾਰ ਨੇ ਬੀਏ ਬੀਐਡ ਐੱਮ ਤਕ ਸਿੱਖਿਆ ਪ੍ਰਾਪਤ ਕੀਤੀ ਹੈ।
ਕੁੱਲ ਮਿਲਾ ਕੇ ਬਠਿੰਡਾ ਇਨ੍ਹਾਂ ਚੋਣਾਂ ਵਿੱਚ ਇਸ ਵਾਰ ਤਜਰਬੇ, ਸਿੱਖਿਆ ਤੇ ਨੌਜਵਾਨ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜਨਤਾ ਕਿਸ ਉਮੀਦਵਾਰ ’ਤੇ ਭਰੋਸਾ ਜਤਾਉਂਦੀ ਹੈ, ਇਸ ਦਾ ਪਤਾ 29 ਮਈ ਦੀ ਵੋਟਾਂ ਦੀ ਗਿਣਤੀ ਬਾਅਦ ਸਾਹਮਣੇ ਆਵੇਗਾ। ਚੋਣ ਮੈਦਾਨ ’ਚ 150 ਤੋਂ ਵੱਧ ਉਮੀਦਵਾਰ 41 ਤੋਂ 60 ਸਾਲ ਉਮਰ ਵਰਗ ਦੇ, 71 ਤੋਂ 80 ਸਾਲ ਦੇ 6 ਨੌਜਵਾਨ ਬਜ਼ੁਰਗ ਉਮੀਦਵਾਰ ਵੀ ਮੈਦਾਨ ’ਚ ਹਨ।