ਨਗਰ ਕੌਂਸਲ ਚੋਣਾਂ ਸਬੰਧੀ ਵਿਧਾਇਕ ਮਾਈਸਰਖ਼ਾਨਾ ਨੇ ਕੀਤਾ ਰੋਡ ਸ਼ੋਅ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਵਿਧਾਇਕ ਨੇ ਕੀਤਾ ਰੋਡ ਸ਼ੋਅ
Publish Date: Wed, 20 May 2026 04:47 PM (IST)
Updated Date: Thu, 21 May 2026 04:01 AM (IST)
-ਨਾਮਜ਼ਦਗੀਆਂ ਭਰਨ ਉਪਰੰਤ ਹਮਾਇਤੀਆਂ ਨਾਲ ਘਰ-ਘਰ ਜਾ ਕੇ ਵੋਟਾਂ ਮੰਗਣ ਦਾ ਵਧਿਆ ਰੁਝਾਨ
ਸੁਰੇਸ਼ ਕੁਮਾਰ ਹੈਪੀ , ਪੰਜਾਬੀ ਜਾਗਰਣ, ਮੌੜ ਮੰਡੀ
ਮੌੜ ਨਗਰ ਕੌਂਸਲ ਦੇ 17 ਵਾਰਡਾਂ ਲਈ 26 ਮਈ ਨੂੰ ਹੋਣ ਵਾਲੀਆਂ ਚੋਣਾਂ ਦਾ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਾਰੇ ਉਮੀਦਵਾਰ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਰਾਂ ਨੂੰ ਲੁਭਾਉਣ ਵਿੱਚ ਜੁਟ ਗਏ ਹਨ। ਹਰ ਪਾਰਟੀ ਦਾ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ। ਇਸ ਚੋਣ ਸਬੰਧੀ ਹਲਕਾ ਮੌੜ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਵਾਰਡ-17 ਦੇ ਆਮ ਆਦਮੀ ਪਾਰਟੀ ਉਮੀਦਵਾਰ ਰੁਪਿੰਦਰ ਕੌਰ ਤੇ ਬਾਕੀ ਉਮੀਦਵਾਰਾਂ ਨੂੰ ਨਾਲ ਲੈ ਕੇ ਸਾਰੀ ਮੌੜ ਮੰਡੀ ਵਿਚ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਠਾਠਾਂ ਮਾਰਦੇ ਇਕੱਠ ਨਾਲ ਇਕ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਦੌਰਾਨ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਲੋਕ ‘ਆਪ’ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣਗੇ ਤੇ ਮੌੜ ਮੰਡੀ ਦੇ ਰੁਕੇ ਹੋਏ ਵਿਕਾਸ ਕੰਮਾਂ ਨੂੰ ਮੁੜ ਤੇਜ਼ ਕਰਨ ਲਈ ਉਨ੍ਹਾਂ ਦਾ ਸਾਥ ਦੇਣਗੇ।
ਉਨ੍ਹਾਂ ਦੱਸਿਆ ਕਿ ਮੌੜ ਮੰਡੀ ਅੰਦਰ 3.23 ਕਰੋੜ ਨਾਲ ਬਣ ਰਹੀ ਸੜਕ ਦੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਮੌੜ ਮੰਡੀ ਦੇ 54 ਕਰੋੜ ਦੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ 21 ਕਰੋੜ ਰੁਪਏ ਦੀ ਗਰਾਂਟ ਨਾਲ ਮੌੜ ਮੰਡੀ ਦੀਆਂ ਗਲੀਆਂ ਵਿੱਚ ਸਾਫ ਸੁਥਰੇ ਪਾਣੀ ਲਈ 42 ਕਿਲੋਮੀਟਰ ਦੇ ਲਗਭਗ ਪਾਈਪਲਾਈਨ ਵਿਛਾ ਕੇ ਮੌੜ ਮੰਡੀ ਦੇ ਨਿਵਾਸੀਆਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸੇ ਦੌਰਾਨ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਹਲਕਾ ਮੌੜ ਦੇ ਵਿਚ ਵਿਕਾਸ ਕੰਮਾਂ ਦੀ ਹਨੇਰੀ ਚੱਲ ਰਹੀ ਹੈ, ਜਿਸ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਹਲਕਿਆਂ ਵਿਚ ਖੁੱਲੇ ਗੱਫੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ’ਚ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕਾ ਮੌੜ ਨੂੰ ਬਹੁਤ ਹੀ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ, ਸਿਕੰਦਰ ਸਿੰਘ, ਸੇਵਕ ਸਿੰਘ ਮੌੜ ਖੁਰਦ, ਰੋਹਿਤ ਕੁਮਾਰ ਜਿੰਦਲ, ਕਿਰਪਾਲ ਸਿੰਘ ਪਾਲ, ਜਸਵਿੰਦਰ ਸਿੰਘ, ਕੋਆਰਡੀਨੇਟਰ ਹਰਵਿੰਦਰ ਸਿੰਘ ਸੋਨੀ, ਅਵਤਾਰ ਸਿੰਘ ਕਾਲਾ, ਗੁਰਲਾਲ ਸਿੰਘ, ਰਣਜੀਤ ਮਾਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ‘ਆਪ’ ਦੇ ਵਰਕਰ ਮੌਜੂਦ ਸਨ।