ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਦੀ ਤਿਆਰੀ ਤੇਜ਼ : ਰਵੀਪ੍ਰੀਤ ਸਿੱਧੂ
ਨਗਰ ਕੌਂਸਲ ਚੋਣਾਂ ਲਈ ਅਕਾਲੀ ਦਲ ਦੀ ਤਿਆਰੀ ਤੇਜ਼
Publish Date: Mon, 27 Apr 2026 04:22 PM (IST)
Updated Date: Tue, 28 Apr 2026 04:02 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼ ਹੋ ਚੁੱਕੀ ਹੈ। ਤਲਵੰਡੀ ਸਾਬੋ ਸ਼ਹਿਰ ਦੀ ਉੱਪ ਚੋਣ ਅਤੇ ਰਾਮਾਂ ਮੰਡੀ ਵਿਚ ਵੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸ੍ਰੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਸਬੰਧੀ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਵਰਕਰਾਂ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਚੋਣੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਦਾ ਅਸਲ ਆਧਾਰ ਵਰਕਰ ਹਨ ਅਤੇ ਉਨ੍ਹਾਂ ਦੀ ਮਿਹਨਤ ਨਾਲ ਹੀ ਜਿੱਤ ਸੰਭਵ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਿਰਫ਼ ਸਥਾਨਕ ਪੱਧਰ ਦੀ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਭਵਿੱਖ ਵੀ ਤੈਅ ਕਰਨਗੀਆਂ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੁਜ਼ਗਾਰ ਅਤੇ ਨਸ਼ਿਆਂ ਨੂੰ ਖਤਮ ਕਰਨ ਸਬੰਧੀ ਕੀਤੇ ਗਏ ਵਾਅਦੇ ਪੂਰੇ ਨਹੀਂ ਹੋ ਸਕੇ।
ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਵਿਚ ਨਿਰਾਸ਼ਾ ਵਧੀ ਹੈ ਅਤੇ ਸਰਕਾਰ ਪ੍ਰਤੀ ਭਰੋਸਾ ਘਟਿਆ ਹੈ। ਇਸ ਦਾ ਨਤੀਜਾ ਹਾਲੀਆ ਬਲਾਕ ਸੰਮਤੀ ਚੋਣਾਂ ਵਿਚ ਵੀ ਸਾਹਮਣੇ ਆਇਆ ਹੈ, ਜਿੱਥੇ ‘ਆਪ’ ਨੂੰ ਨੁਕਸਾਨ ਝੱਲਣਾ ਪਿਆ। ਰਵੀਪ੍ਰੀਤ ਸਿੰਘ ਸਿੱਧੂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਜਾਵੇ ਤੇ ਪਾਰਟੀ ਦੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਜਾਵੇ। ਲੋਕਾਂ ਦੇ ਮਸਲਿਆਂ ਦਾ ਹੱਲ ਕਰਨਾ ਹੀ ਪਾਰਟੀ ਦੀ ਪਹਿਲ ਰਹੀ ਹੈ ਅਤੇ ਅੱਗੇ ਵੀ ਇਹ ਜਾਰੀ ਰਹੇਗਾ। ਮੀਟਿੰਗ ਵਿਚ ਹਰਤਵਾਲ ਸਿੰਘ ਸੁੱਖੀ (ਨਿੱਜੀ ਸਹਾਇਕ), ਸਤਿੰਦਰ ਸਿੰਘ ਸਿੱਧੂ (ਹਲਕਾ ਪ੍ਰਧਾਨ), ਜਸਵਿੰਦਰ ਸਿੰਘ ਜੈਲਦਾਰ (ਸਰਕਲ ਪ੍ਰਧਾਨ) ਤੇ ਰਸ਼ਵਿੰਦਰ ਸਿੰਘ (ਬਲਾਕ ਸੰਮਤੀ ਮੈਂਬਰ, ਸ਼ੇਖਪੁਰਾ) ਸਮੇਤ ਕਈ ਵਰਕਰ ਮੌਜੂਦ ਸਨ। ਅਖੀਰ ਵਿਚ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਵਰਕਰਾਂ ਦੀ ਏਕਤਾ ਤੇ ਜ਼ਮੀਨੀ ਮਿਹਨਤ ਨਾਲ ਅਕਾਲੀ ਦਲ ਨਾ ਸਿਰਫ਼ ਨਗਰ ਕੌਂਸਲ ਚੋਣਾਂ ’ਚ ਵੱਡੀ ਜਿੱਤ ਹਾਸਲ ਕਰੇਗਾ, ਸਗੋਂ 2027 ਵਿਚ ਪੰਜਾਬ ’ਚ ਆਪਣੀ ਸਰਕਾਰ ਵੀ ਬਣਾਏਗਾ।