ਨਗਰ ਕੌਂਂਸਲ ਅਤੇ ਨਗਰ ਪੰਚਾਇਤ ਚੋਣਾਂ:ਰਾਜਸੀ ਪਾਰਟੀਆਂ ’ਤੇ ਲੋਕਾਂ ਦਾ ਭਰੋਸਾ ਘਟਿਆ

-ਆਜ਼ਾਦ ਉਮੀਦਵਾਰਾਂ ਵਜੋਂ ਮੈਦਾਨ ’ਚ ਉਤਰੇ ਲੋਕ, ਗੋਨਿਆਣਾ ਦੇ 13 ਵਾਰਡਾਂ ’ਚ ਇਕ ਅਕਾਲੀ ਉਮੀਦਵਾਰ
--ਲੋਕਾਂ ਦਾ ਰਾਜਨੀਤਕ ਦ੍ਰਿਸ਼ਟੀਕੋਣ ਬਦਲਿਆ, ਆਜ਼ਾਦ ਉਮੀਦਵਾਰਾਂ ਨੂੰ ਮਿਲਿਆ ਵਧਿਆ ਭਰੋਸਾ
--174 ਵਾਰਡਾਂ ’ਚ 225 ਆਜ਼ਾਦ ਉਮੀਦਵਾਰ ਖੜ੍ਹੇ, ਪਾਰਟੀਆਂ ਦੇ ਉਮੀਦਵਾਰਾਂ ਦੀ ਗਿਣਤੀ ਘਟੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਇਸ ਵਾਰ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਵਿੱਚ ਲੋਕਾਂ ਨੇ ਰਾਜਨੀਤਕ ਪਾਰਟੀਆਂ ਦੀਆਂ ਟਿਕਟਾਂ ’ਤੇ ਚੋਣ ਲੜਨ ਦੀ ਬਜਾਏ ਲੋਕਾਂ ਆਪਣੇ ਆਪ ’ਤੇ ਭਰੋਸਾ ਕਰਦਿਆਂ ਆਜ਼ਾਦ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇਸ ਕਾਰਨ ਸੱਤਾਧਾਰੀ ਧਿਰ ਸਮੇਤ ਕਿਸੇ ਵੀ ਪਾਰਟੀ ਨੂੰ ਲੋੜੀਦੇ ਉਮੀਦਵਾਰ ਨਹੀਂ ਮਿਲ ਸਕੇ। ਜ਼ਿਲ੍ਹੇ ’ਚ 6 ਨਗਰ ਕੌਂਸਲਾਂ ਅਤੇ 8 ਨਗਰ ਪੰਚਾਇਤਾਂ ਦੇ 174 ਵਾਰਡਾਂ ਲਈ ਚੋਣਾਂ ਹੋਣੀ ਜਾ ਰਹੀਆਂ ਹਨ। ਅੰਕੜਿਆਂ ਦੇ ਅਨੁਸਾਰ ‘ਆਪ’ ਨੂੰ ਸਿਰਫ 146, ਕਾਂਗਰਸ ਨੂੰ 102, ਅਕਾਲੀ ਦਲ ਨੂੰ 131 ਅਤੇ ਭਾਜਪਾ ਨੂੰ ਕੇਵਲ 68 ਉਮੀਦਵਾਰ ਹੀ ਮਿਲ ਸਕੇ ਹਨ। ਇਸਦੇ ਮੁਕਾਬਲੇ ਆਜ਼ਾਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੰਖਿਆ 225 ਤਕ ਪਹੁੰਚ ਗਈ। ਚੋਣ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਰੁਝਾਨ ਲੋਕਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਲਗਾਤਾਰ ਘਟ ਰਹੇ ਭਰੋਸੇ ਕਾਰਨ ਵੇਖਣ ਨੂੰ ਮਿਲ ਰਿਹਾ ਹੈ। ਸਿਆਸੀ ਪਾਰਟੀਆਂ ਤੋਂ ਲੋਕਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ, ਜਿਸਦਾ ਕਾਰਨ ਹੈ ਕਿ ਸਿਆਸੀ ਲੀਡਰਾਂ ਦੀ ਕਹਿਣੀ ਤੇ ਕਰਨੀ ਵਿਚ ਵੱਡਾ ਅੰਤਰ ਆ ਗਿਆ ਹੈ। ਸਿਆਸੀ ਪਾਰਟੀਆਂ ਲੋਕਾਂ ਨਾਲ ਵਾਅਦੇ ਤੇ ਦਾਅਵੇ ਕਰਦੀਆਂ ਹਨ, ਪਰ ਮੁੜ ਉਨ੍ਹਾਂ ’ਤੇ ਖਰ੍ਹਾ ਨਹੀਂ ਉਤਰਦੀਆਂ, ਜਿਸ ਕਾਰਨ ਹੀ ਲੋਕ ਹੁਣ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਰਜੀਹ ਦੇਣ ਲੱਗੇ ਹਨ। ਹਾਲਾਤ ਇਹ ਹਨ ਕਿ ਕਈ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅਜਿਹੀਆਂ ਹਨ ਜਿੱਥੇ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਨੈਸ਼ਨਲ ਪਾਰਟੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਲਈ ਉਮਦਵਾਰ ਨਹੀਂ ਮਿਲੇ, ਜਦੋਂ ਕਿ ਅਜ਼ਾਦਾ ਉਮੀਦਵਾਰ ਵੱਡੀ ਗਿਣਤੀ ਚੋਣ ਮੈਦਾਨ ਵਿਚ ਨਿੱਤਰੇ ਹਨ। ਕਈ ਅਜਿਹੇ ਅਜ਼ਾਦ ਉਮੀਦਵਾਰ ਮੈਦਾਨ ਵਿਚ ਹਨ, ਜਿਹੜੇ ਜਿੱਤ ਸਕਦੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਵੱਡੀ ਗਿਣਤੀ ਵਿਚ ਮੈਦਾਨ ਵਿਚ ਉਤਰੇ ਅਜ਼ਾਦ ਉਮੀਦਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜ ਸਕਦੇ ਹਨ।
-ਬਾਕਸ-
-ਗੋਨਿਆਣਾ, ਲਹਿਰਾ ਮੁਹੱਬਤ ਅਤੇ ਕੋਟਫੱਤਾ ’ਚ ਕਾਂਗਰਸ ਨੂੰ ਨਹੀਂ ਮਿਲਿਆ ਕੋਈ ਉਮੀਦਵਾਰ
ਨਗਰ ਕੌਂਸਲ ਗੋਨਿਆਣਾ ਮੰਡੀ, ਨਗਰ ਕੌਂਸਲ ਕੋਟਫੱਟਾ ਤੇ ਨਗਰ ਪੰਚਾਇਤ ਲਹਿਰਾ ਮੁਹੱਬਤ ਦੀ ਚੋਣ ਲਈ ਕਾਂਗਰਸ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲ ਸਕਿਆ। ਦੋਵਾਂ ਨਗਰ ਕੌਂਸਲਾਂ ਤੇ ਇਕ ਨਗਰ ਪੰਚਾਇਤ ਦੇ 35 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਪਰ ਇੱਥੇ ਕਾਂਗਰਸ ਪਾਰਟੀ ਇਕ ਵੀ ਉਮੀਦਵਾਰ ਖੜਾ ਨਹੀਂ ਕਰ ਸਕੀ। ਗੋਨਿਆਣਾ ਨਗਰ ਕੌਂਸਲ ’ਚ ਕੁੱਲ 13 ਵਾਰਡਾਂ ਦੀ ਚੋਣ ਹੋਣੀ ਹੈ, ਜਿਸ ਵਿੱਚ 45 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ। ਇਸ ਤਰ੍ਹਾਂ ਹੀ ਨਗਰ ਕੌਂਸਲ ਕੋਟਫੱਤਾ ਦੇ 11 ਵਾਰਡ ਦੀ ਚੋਣ ਹੋਣੀ ਹੈ, ਜਿਸ ਵਿੱਚ 16 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂ ਕਿ ਕਾਂਗਰਸ ਨੂੰ ਇੱਥੇ ਕੋਈ ਉਮੀਦਵਾਰ ਨਹੀਂ ਮਿਲਿਆ। ਇਸ ਤਰ੍ਹਾਂ ਹੀ ਨਗਰ ਕੌਂਸਲ ਸੰਗਤ ਦੀ ਚੋਣ ਵਿੱਚ ਵੀ ਕਾਂਗਰਸ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ, ਜਿਸ ਕਾਰਨ ਇੱਥੇ ਕਾਂਗਰਸ ਪਾਰਟੀ ਦਾ ਕੋਈ ਉਮੀਦਵਾਰ ਚੋਣ ਨਹੀਂ ਲੜ ਰਿਹਾ। ਨਗਰ ਪੰਚਾਇਤ ਲਹਿਰਾ ਮੁਹੱਬਤ ਵਿੱਚ ਵੀ ਕਾਂਗਰਸ ਪਾਰਟੀ ਦੇ ਇਹੀ ਹਾਲਾਤ ਬਣੇ ਹੋਏ ਹਨ। ਇੱਥੇ ਨਗਰ ਪੰਚਾਇਤ ਦੀ ਚੋਣ ਲਈ ਕਾਂਗਰਸ ਪਾਰਟੀ ਦਾ ਕੋਈ ਉਮੀਦਵਾਰ ਮੈਦਾਨ ਵਿੱਚ ਨਹੀਂ ਹੈ। ਇੱਥੇ ਕੁੱਲ 11 ਵਾਰਡਾਂ ’ਚ ਹੋਣੀ ਹੈ। ਕੋਠਾ ਗੁਰੂ ਨਗਰ ਪੰਚਾਇਤ ਦੇ 11 ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਸਿਰਫ ਅੱਠ ਉਮੀਦਵਾਰ ਹੀ ਮੈਦਾਨ ਵਿੱਚ ਹਨ, ਇੱਥੇ 3 ਵਾਰਡਾਂ ਲਈ ਪਾਰਟੀ ਨੂੰ ਉਮੀਦਵਾਰ ਨਹੀਂ ਮਿਲ ਸਕੇ। ਨਥਾਣਾ ਨਗਰ ਪੰਚਾਇਤ ਦੇ 11 ਵਾਰਡਾਂ ਲਈ ਕਾਂਗਰਸ ਪਾਰਟੀ ਨੂੰ ਸਿਰਫ ਅੱਠ ਉਮੀਦਵਾਰ ਹੀ ਮਿਲ ਸਕੇ ਹਨ। ਇਸ ਤਰ੍ਹਾਂ ਹੀ ਭਗਤਾ ਭਾਈ ਕਾ ਨਗਰ ਪੰਚਾਇਤ ਦੇ 13 ਵਾਰਡਾਂ ਦੀ ਚੋਣ ਲਈ ਕਾਂਗਰਸ ਪਾਰਟੀ 10 ਉਮੀਦਵਾਰ ਖੜੇ ਕਰ ਸਕੀ ਹੈ। ਕੋਟਸ਼ਮੀਰ ਨਗਰ ਪੰਚਾਇਤ ਲਈ 13 ਵਾਰਡਾਂ ਦੀ ਹੋਣ ਵਾਲੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਸਿਰਫ ਤਿੰਨ ਉਮੀਦਵਾਰ ਹੀ ਮਿਲੇ ਹਨ। ਭੁੱਚੋਂ ਮੰਡੀ ਦੇ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਸਿਰਫ 10 ਉਮੀਦਵਾਰ ਹੀ ਖੜੇ ਕਰ ਸਕੀ ਹੈ, ਜਦੋਂ ਕਿ ਇੱਥੇ 25 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।
-ਬਾਕਸ-
-ਅਕਾਲੀ ਦਲ ਨੂੰ ਵੀ ਨਹੀ ਮਿਲੇ ਉਮੀਦਵਾਰ, ਗੋਨਿਆਣਾ ’ਚ ਸਿਰਫ਼ ਇਕ ਉਮੀਦਵਾਰ
ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਲਈ ਅਕਾਲੀ ਦਲ ਦਾ ਹਾਲ ਵੀ ਕੋਈ ਬਹੁਤਾ ਚੰਗਾ ਨਹੀਂ ਹੈ। ਗੋਨਿਆਣਾ ਨਗਰ ਕੌਂਸਲ ਦੇ 13 ਵਾਰਡਾਂ ਲਈ ਹੋਣ ਵਾਲੀਆਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਸਿਰਫ ਇਕ ਉਮੀਦਵਾਰ ਹੀ ਮਿਲ ਸਕਿਆ ਹੈ। ਸ੍ਰੋਮਣੀ ਅਕਾਲੀ ਦਲ 13 ਵਾਰਡਾਂ ਵਿੱਚ ਸਿਰਫ ਇਕ ਉਮੀਦਵਾਰ ਨੂੰ ਹੀ ਖੜਾ ਕਰ ਸਕਿਆ ਹੈ ਜਦੋਂ ਕਿ ਇਸ ਨਗਰ ਕੌਂਸਲ ਵਿੱਚ 45 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ। ਇਸ ਤਰ੍ਹਾਂ ਕੋਟਫੱਤਾ ਨਗਰ ਕੌਂਸਲ ਦੇ 11 ਵਾਰਡਾਂ ਦੀ ਚੋਣ ਹੋਣੀ ਹੈ, ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਸਿਰਫ ਤਿੰਨ ਉਮੀਦਵਾਰ ਹੀ ਮਿਲ ਸਕੇ ਹਨ, ਇੱਥੇ 8 ਵਾਰਡਾਂ ਵਿਚ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲ ਸਕੇ। ਭੁੱਚੋ ਮੰਡੀ ਦੇ 13 ਵਾਰਡਾਂ ਵਿੱਚੋਂ ਸ੍ਰੋਮਣੀ ਅਕਾਲੀ ਦਲ ਨੇ 11 ਉਮੀਦਵਾਰ ਖੜੇ ਕੀਤੇ ਹਨ ਜਦੋਂ ਕਿ ਸੰਗਤ ਮੰਡੀ ਵਿੱਚ 9 ਵਾਰਡਾਂ ਲਈ ਸ੍ਰੋਮਣੀ ਅਕਾਲੀ ਦਲ ਨੂੰ 6 ਉਮੀਦਵਾਰ ਮਿਲੇ ਹਨ। ਰਾਮਾ ਮੰਡੀ ਨਗਰ ਕੌਂਸਲ ਵਿੱਚ ਵੀ ਸ੍ਰੋਮਣੀ ਅਕਾਲੀ ਦਲ ਦਾ ਇਹੀ ਹਾਲ ਹੈ। ਇੱਥੇ ਅਕਾਲੀ ਦਲ ਨੂੰ 15 ਵਾਰਡਾਂ ਵਿੱਚੋਂ 11 ਵਿੱਚ ਹੀ ਉਮੀਦਵਾਰ ਮਿਲੇ ਸਕੇ ਹਨ।
-ਬਾਕਸ-
-ਸੱਤਾਧਾਰੀ ਧਿਰ ਨੂੰ ਵੀ ਨਹੀਂ ਮਿਲੇ ਉਮੀਦਵਾਰ
ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਸੱਤਾਧਾਰੀ ਧਿਰ ਦਾ ਵੀ ਉਮੀਦਵਾਰ ਮੈਦਾਨ ਵਿੱਚ ਉਤਾਰਨ ਲਈ ਹਾਲ ਕੋਈ ਬਹੁਤਾ ਚੰਗਾ ਨਹੀਂ ਹੈ। ਲਹਿਰਾ ਮੁਹੱਬਤ ਨਗਰ ਪੰਚਾਇਤ ਦੇ 11 ਵਾਰਡਾਂ ਲਈ ਆਮ ਆਦਮੀ ਪਾਰਟੀ ਕੋਲ ਸਿਰਫ 4 ਉਮੀਦਵਾਰ ਹੀ ਹਨ ਜਦੋਂ ਕਿ 7 ਵਾਰਡਾਂ ’ਚ ‘ਆਪ’ ਨੂੰ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਮਿਲ ਸਕੇ। ਹਾਲਾਂਕਿ ਇਸ ਨਗਰ ਪੰਚਾਇਤ ’ਚ ਭਾਜਪਾ ਸੱਤਾਧਾਰੀ ਧਿਰ ਤੋਂ ਵੱਧ 5 ਉਮੀਦਵਾਰ ਮੈਦਾਨ ਵਿੱਚ ਉਤਾਰਨ ਵਿੱਚ ਕਾਮਯਾਬ ਰਹੀ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ 8 ਉਮੀਦਵਾਰ ਮੈਦਾਨ ’ਚ ਹਨ। ਇਸ ਨਗਰ ਪੰਚਾਇਤ ਵਿੱਚ 23 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ ਹਨ। ਇਹ ਨਗਰ ਪੰਚਾਇਤ ਵਿਧਾਨ ਸਭਾ ਹਲਕਾ ਭੁੱਚੋ ਵਿੱਚ ਪੈਂਦੀ ਹੈ ਤੇ ਵਿਧਾਇਕ ਦੇ ਪਿੰਡ ਦੇ ਬਿਲਕੁਲ ਨਾਲ ਹੈ। ਨਥਾਣਾ ਨਗਰ ਪੰਚਾਇਤ ’ਚ ਵੀ ਸੱਤਾਧਾਰੀ ਧਿਰ ਨੂੰ 2 ਵਾਰਡਾਂ ਵਿੱਚੋਂ ਉਮੀਦਵਾਰ ਨਹੀਂ ਮਿਲ ਸਕੇ। ਗੋਨਿਆਣਾ ਨਗਰ ਪੰਚਾਇਤ ਦੇ 13 ਵਾਰਡਾਂ ਲਈ ਆਮ ਆਦਮੀ ਪਾਰਟੀ ਨੂੰ ਸਿਰਫ 7 ਉਮੀਦਵਾਰ ਹੀ ਮਿਲ ਸਕੇ। ਇੱਥੇ ਸੱਤਾਧਾਰੀ ਧਿਰ ਨੂੰ 6 ਵਾਰਡਾਂ ਵਿੱਚੋਂ ਉਮੀਦਵਾਰ ਖੜ੍ਹੇ ਨਹੀਂ ਕਰ ਸਕੀ। ਸੰਗਤ ਮੰਡੀ ਨਗਰ ਕੌਂਸੋਲ ਦੇ 9 ਵਾਰਡਾਂ ਲਈ ‘ਆਪ’ ਨੂੰ ਸਿਰਫ 6 ਉਮੀਦਵਾਰ ਹੀ ਮਿਲੇ ਹਨ, ਜਦੋਂ ਕਿ 3 ਵਾਰਡਾਂ ਵਿੱਚ ਉਨ੍ਹਾਂ ਨੂੰ ਉਮੀਦਵਾਰ ਨਹੀਂ ਮਿਲ ਸਕੇ, ਜਦੋਂ ਕਿ ਇੱਥੇ 10 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।
-ਬਾਕਸ-
-ਕੋਟਫੱਤਾ ਤੇ ਸੰਗਤ ਮੰਡੀ ’ਚ ਭਾਜਪਾ ਨੂੰ ਨਹੀਂ ਮਿਲਿਆ ਉਮੀਦਵਾਰ
ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਉਮੀਦਵਾਰ ਖੜੇ ਕਰਨ ਦੇ ਮਾਮਲੇ ’ਚ ਭਾਜਪਾ ਦਾ ਵੀ ਕੋਈ ਬਹੁਤਾ ਚੰਗਾ ਹਾਲ ਨਹੀਂ ਹੈ। ਨਗਰ ਪੰਚਾਇਤ ਕੋਠਾ ਗੁਰੂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੈਦਾਨ ਵਿੱਚ ਉਤਾਰਨ ਲਈ ਕੋਈ ਉਮੀਦਵਾਰ ਨਹੀਂ ਮਿਲਿਆ। ਨਗਰ ਪੰਚਾਇਤ ਭਾਈ ਰੂਪਾ ’ਚ 13 ਵਾਰਡਾਂ ਵਿੱਚੋਂ ਭਾਜਪਾ ਨੂੰ 3 ਉਮੀਦਵਾਰ ਹੀ ਮਿਲੇ ਹਨ। ਨਗਰ ਕੌਂਸਲ ਕੋਟਫੱਤਾ ਦੇ 11 ਵਾਰਡਾਂ ਵਿੱਚ ਭਾਜਪਾ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਰਿਹਾ। ਸੰਗਤ ਮੰਡੀ ਨਗਰ ਕੌਂਸਲ ਦੀ ਚੋਣ ਲਈ 9 ਵਾਰਡਾਂ ਵਿੱਚੋਂ ਭਾਜਪਾ ਨੂੰ 1 ਵੀ ਉਮੀਦਵਾਰ ਖੜ੍ਹਾ ਕਰਨ ਲਈ ਨਹੀਂ ਮਿਲਿਆ। ਰਾਮਾ ਮੰਡੀ ਨਗਰ ਕੌਂਸਲ ਦੇ ਵਾਰਡ-15 ਵਿੱਚ ਹੋਣ ਵਾਲੀ ਚੋਣ ਲਈ ਭਾਜਪਾ ਨੂੰ ਸਿਰਫ 4 ਉਮੀਦਵਾਰ ਹੀ ਮਿਲੇ ਹਨ। ਕੋਟਸ਼ਮੀਰ ਨਗਰ ਪੰਚਾਇਤ ਦੇ 13 ਵਾਰਡਾਂ ਵਿੱਚੋਂ ਭਾਜਪਾ ਦਾ ਸਿਰਫ 1 ਉਮੀਦਵਾਰ ਹੀ ਮੈਦਾਨ ’ਚ ਉਤਰਿਆ ਹੈ। ਨਥਾਣਾ ਨਗਰ ਪੰਚਾਇਤ ਦੇ 11 ਵਾਰਡਾਂ ਵਿੱਚੋਂ ਸਿਰਫ 5 ’ਚ ਵੀ ਭਾਜਪਾ ਉਮੀਦਵਾਰ ਮੈਦਾਨ ਵਿੱਚੋਂ ਉਤਾਰ ਸਕੀ ਹੈ।