ਕੱਟੜ ਇਮਾਨਦਾਰ ਨਹੀਂ, ਸਗੋਂ ਕੱਟੜ ਬੇਈਮਾਨ ਹੈ ਆਪ ਸਰਕਾਰ : ਜੀਵਨ ਗੁਪਤਾ

-ਕਿਹਾ, ਬੈਕ ਡੋਰ ਰਾਹੀਂ ਨਿਗਮਾਂ ਤੇ ਕੌਂਸਲਾਂ ਦੀ ਸੱਤਾ ਹਥਿਆਉਣ ਦੀ ਹੋ ਰਹੀ ਕੋਸ਼ਿਸ਼
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬਠਿੰਡਾ ਨਗਰ ਨਿਗਮ ਚੋਣਾਂ ਦੇ ਇੰਚਾਰਜ ਜੀਵਨ ਗੁਪਤਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਲੋਕਤੰਤਰੀ ਢੰਗ ਨਾਲ ਨਹੀਂ, ਸਗੋਂ “ਬੈਕ ਡੋਰ” ਰਾਹੀਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤਾ ਜਾਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ।
ਜੀਵਨ ਗੁਪਤਾ ਨੇ ਦਾਅਵਾ ਕੀਤਾ ਕਿ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਪੂਰੀ ਤਾਕਤ ਅਤੇ ਮਜ਼ਬੂਤ ਰਣਨੀਤੀ ਨਾਲ ਮੈਦਾਨ ਵਿੱਚ ਉਤਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਭਾਜਪਾ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਬਠਿੰਡਾ ਵਿੱਚ ਭਾਜਪਾ ਦਾ ਮੇਅਰ ਬਣੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੇਅਰ ਬਣਨ ਤੋਂ ਬਾਅਦ ਸ਼ਹਿਰ ਦੇ ਵਿਕਾਸ ਅਤੇ ਲੋਕ ਭਲਾਈ ਦੇ ਰਿਕਾਰਡ ਤੋੜ ਕੰਮ ਕਰਵਾਏ ਜਾਣਗੇ। ਉਨ੍ਹਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫ਼ੈਸਲੇ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਸਰਕਾਰ ਤਕਨਾਲੋਜੀ ਅਤੇ ਪਾਰਦਰਸ਼ਤਾ ਵੱਲ ਅੱਗੇ ਵੱਧਣ ਦੀ ਬਜਾਏ ਪਿੱਛੇ ਵੱਲ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਭਾਜਪਾ ਬੈਲਟ ਪੇਪਰ ਦੀ ਚੁਣੌਤੀ ਨੂੰ ਵੀ ਪੂਰੀ ਤਰ੍ਹਾਂ ਸਵੀਕਾਰ ਕਰਦੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਵਿਧਾਇਕਾਂ ਤੋਂ ਲੈ ਕੇ ਮੰਤਰੀਆਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ ਇਸੇ ਕਾਰਨ ਕਈ ਆਗੂਆਂ ਅਤੇ ਮੰਤਰੀਆਂ ’ਤੇ ਈਡੀ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਆਗੂ ਨੇ “ਪੈਸਿਆਂ ਦੀ ਮੈਨੇਜਮੈਂਟ” ਰਾਹੀਂ ਸਰਕਾਰ ਨੂੰ ਆਪਣੇ ਪ੍ਰਭਾਵ ਹੇਠ ਲਿਆ ਹੋਇਆ ਹੈ ਅਤੇ ਇਸ ਦੇ ਦਬਾਅ ਕਾਰਨ ਸਥਾਨਕ ਵਿਧਾਇਕ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਵਿਅਕਤੀ ਨੇ ਪਹਿਲਾਂ ਪੈਸਿਆਂ ਦੇ ਜ਼ੋਰ ’ਤੇ ਪਾਰਟੀ ਜੁਆਇਨ ਕੀਤੀ, ਫਿਰ ਆਪਣੇ ਪੁੱਤਰ ਨੂੰ ਚੋਣ ਲੜਵਾਈ ਅਤੇ ਕਾਂਗਰਸੀ ਕੌਂਸਲਰਾਂ ਨੂੰ ਤੋੜ ਕੇ ਉਸ ਨੂੰ ਮੇਅਰ ਬਣਵਾਇਆ। ਸ਼ਹਿਰ ’ਚ ਨਾਜਾਇਜ਼ ਨਕਸ਼ੇ ਪਾਸ ਕਰਵਾਏ ਗਏ, ਵੱਡੇ ਪੱਧਰ ’ਤੇ ਗੈਰ ਕਾਨੂੰਨੀ ਇਮਾਰਤਾਂ ਖੜ੍ਹੀਆਂ ਕੀਤੀਆਂ ਗਈਆਂ ਅਤੇ ਭ੍ਰਿਸ਼ਟਾਚਾਰ ਦੇ ਸਬੂਤ ਮਿਟਾਉਣ ਲਈ ਨਗਰ ਨਿਗਮ ਦਫ਼ਤਰ ਵਿੱਚ ਅੱਗ ਲਗਾ ਕੇ ਰਿਕਾਰਡ ਤੱਕ ਸਾੜ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਮੁੜ ਨਗਰ ਨਿਗਮ ਦੀ ਸੱਤਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਘਟੀਆ ਹਥਕੰਡੇ ਅਪਣਾਏ ਜਾ ਰਹੇ ਹਨ, ਪਰ ਇਸ ਵਾਰ ਸ਼ਹਿਰ ਦੇ ਲੋਕ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ। ਜੀਵਨ ਗੁਪਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੌਜੂਦਾ ਮੇਅਰ ਦੀ ਕਾਰਗੁਜ਼ਾਰੀ ਅਤੇ ਸ਼ਹਿਰ ਦੀ ਮਾੜੀ ਹਾਲਤ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ। ਇਸ ਦੌਰਾਨ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਜੀਵਨ ਗੁਪਤਾ ਦਾ ਸਵਾਗਤ ਕੀਤਾ। ਇਸ ਮੌਕੇ ਪਰਮਪਾਲ ਕੌਰ ਸਿੱਧੂ ਵੀ ਮੌਜੂਦ ਸਨ।