ਵਿਧਾਇਕ ਬਲਕਾਰ ਸਿੱਧੂ ਨੇ ਸੜਕਾਂ ਦੇ ਨਵੀਨੀਕਰਨ ਲਈ ਰੱਖੇ ਨੀਂਹ ਪੱਥਰ
ਵਿਧਾਇਕ ਸਿੱਧੂ ਨੇ ਸੜਕਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖੇ
Publish Date: Fri, 08 May 2026 05:22 PM (IST)
Updated Date: Sat, 09 May 2026 04:06 AM (IST)

-ਭਾਜਪਾ ਆਗੂ ਨੇ ‘ਆਪ’ ਦੇ ਹੱਕ ’ਚ ਨਾਅਰੇਬਾਜ਼ੀ ਕਰਦਿਆਂ ਵਿਧਾਇਕ ਸਿੱਧੂ ਦਾ ਕੀਤਾ ਧੰਨਵਾਦ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਅੱਜ ਭਗਤਾ ਭਾਈਕਾ ਸ਼ਹਿਰ ਵਿਚ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਸੇ ਦੌਰਾਨ ਜਦੋਂ ਵਿਧਾਇਕ ਸਿੱਧੂ ਸ਼ਹਿਰ ਵਿਚ ਵਿਕਾਸ ਕਾਰਜਾਂ ਸਬੰਧੀ ਇਕ ਨੀਂਹ ਪੱਥਰ ਰੱਖੇ ਰਹੇ ਸਨ ਤਾਂ ਉਕਤ ਵਿਕਾਸ ਕਾਰਜ ਤੋਂ ਖੁਸ਼ ਹੋ ਕੇ ਇਕ ‘ਭਾਜਪਾ’ ਆਗੂ ਨੇ ਆਪ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਅਤੇ ਵਿਧਾਇਕ ਸਿੱਧੂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਤੇ ਲੋਕ-ਪੱਖੀ ਨੀਤੀਆਂ ਕਾਰਨ ਅੱਜ ਪੰਜਾਬ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ ਅਤੇ ਹਰ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਸਿਆਸਤ ’ਚ ਇਮਾਨਦਾਰ ਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ਤਕ ਸੀਮਿਤ ਰਹਿੰਦੇ ਸਨ, ਪਰ ਮਾਨ ਸਰਕਾਰ ਦੇ ਦੌਰ ਵਿਚ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਵਿਕਾਸ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਪਿਛਲੇ ਕੁਝ ਸਮੇਂ ਦੌਰਾਨ ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਤੇ ਹੋਰ ਬੁਨਿਆਦੀ ਸਹੂਲਤਾਂ ’ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਰਹਿਨੁਮਾਈ ਹੇਠ ਹਲਕੇ ਦੀਆਂ ਟੁੱਟੀਆਂ ਅਤੇ ਖ਼ਰਾਬ ਸੜਕਾਂ ਦਾ ਨਵੀਨੀਕਰਨ ਤਰਜੀਹ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਮਿਲ ਸਕੇ। ਵਿਧਾਇਕ ਸਿੱਧੂ ਨੇ ਦੱਸਿਆ ਕਿ ਭਗਤਾ ਭਾਈਕਾ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਲੰਮੇ ਸਮੇਂ ਤੋਂ ਮੁਰੰਮਤ ਦੀ ਮੰਗ ਕਰ ਰਹੀਆਂ ਸਨ, ਜਿਨ੍ਹਾਂ ਦੇ ਨਵੀਨੀਕਰਨ ਨਾਲ ਵਪਾਰ, ਆਵਾਜਾਈ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਮਕਸਦ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਨੂੰ ਵਿਕਾਸ ਪੱਖੋਂ ਮਜ਼ਬੂਤ ਬਣਾਉਣਾ ਹੈ ਅਤੇ ਇਸੇ ਸੋਚ ਤਹਿਤ ਹਲਕਾ ਰਾਮਪੁਰਾ ਫੂਲ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ’ਚ ਵੀ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤਰੁਣ ਕੁਮਾਰ ਕਾਰਜਸਾਧਕ ਅਫਸਰ ਭਗਤਾ, ਬੇਅੰਤ ਸਿੰਘ ਧਾਲੀਵਾਲ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਰਾਜਵਿੰਦਰ ਸਿੰਘ ਭਗਤਾ, ਜਗਸੀਰ ਸਿੰਘ ਪੰਨੂ, ਸੰਜੀਵ ਕੁਮਾਰ ਬੰਟੀ, ਸੁਰੇਸ਼ ਕੁਮਾਰ ਕਾਲਾ ਸੇਤੀਆ, ਦਰਸਨ ਸਿੰਘ ਕਾਕਾ ਖਾਨਦਾਨ, ਡਾ. ਕੇਵਲ ਸਿੰਘ ਭਗਤਾ, ਬਿੰਦਰ ਖਾਨਦਾਨ, ਏਕਮ ਸਿੰਘ ਭਗਤਾ, ਦੀਪਕ ਮਿੱਤਲ, ਰਾਜ ਸੇਤੀਆ, ਅਨੀਕੇਤ ਸੇਤੀਆ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਨਵਜੋਤ ਢਿੱਲੋਂ, ਰਾਜਾ ਸਿੰਘ ਹਮੀਰਗੜ੍ਹ ਆਦਿ ਹਾਜ਼ਰ ਸਨ।