ਮਾਂ ਦਿਵਸ ’ਤੇ ਵਿਸ਼ੇਸ਼: ਇਕੱਲੀ ਮਾਂ ਨੇ ਹੌਂਸਲੇ ਨਾਲ ਜ਼ਿੰਦਗੀ ਦੀ ਹਰ ਮੁਸ਼ਕਿਲ ਨੂੰ ਹਰਾਇਆ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਕਹਿੰਦੇ ਹਨ ਕਿ ਮਾਂ ਆਪਣੇ ਬੱਚਿਆਂ ਲਈ ਹਰ ਦਰਦ ਹੱਸ ਕੇ ਸਹਿ ਲੈਂਦੀ ਹੈ। ਜਦੋਂ ਜ਼ਿੰਦਗੀ ਮੁਸ਼ਕਲਾਂ ਦੇ ਪਹਾੜ ਖੜ੍ਹੇ ਕਰ ਦੇਵੇ ਤਾਂ ਵੀ ਇਕ ਮਾਂ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੰਦੀ। ਅਜਿਹੀ ਹੀ ਹੌਂਸਲੇ, ਮਿਹਨਤ ਅਤੇ ਮਮਤਾ ਦੀ ਮਿਸਾਲ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਲਕਾਣਾ ਦੀ ਚਰਨਜੀਤ ਕੌਰ, ਜਿਸ ਨੇ ਇਕੱਲੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਨਾ ਸਿਰਫ਼ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾਇਆ, ਸਗੋਂ ਆਪਣੇ ਹੱਥਾਂ ਨਾਲ ਬਣਾਏ ਅਚਾਰ ਨੂੰ ਵਿਦੇਸ਼ਾਂ ਤਕ ਪਹੁੰਚਾ ਦਿੱਤਾ। ਉਸ ਦੀ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਰਹੀ। ਪਰਿਵਾਰਕ ਹਾਲਾਤ ਅਤੇ ਆਰਥਿਕ ਤੰਗੀ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਘਰ ਦਾ ਖਰਚ ਚਲਾਉਣਾ ਔਖਾ ਹੋ ਗਿਆ ਸੀ, ਪਰ ਮਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਕਦੇ ਰੁਕਣ ਨਹੀਂ ਦਿੱਤਾ।
ਆਪਣੇ ਹੱਥਾਂ ਨਾਲ ਬਣਾਏ ਅਚਾਰ ਤੋਂ ਸ਼ੁਰੂ ਹੋਇਆ ਇਹ ਸਫਰ ਅੱਜ ਕਈ ਘਰਾਂ ਦੀ ਪਸੰਦ ਬਣ ਚੁੱਕਾ ਹੈ। ਚਰਨਜੀਤ ਕੌਰ ਦੱਸਦੀ ਹੈ ਕਿ ਸ਼ੁਰੂਆਤ ਵਿੱਚ ਉਹ ਘਰ ’ਚ ਥੋੜ੍ਹੀ ਮਾਤਰਾ ਵਿਚ ਅਚਾਰ ਤਿਆਰ ਕਰਦੀ ਸੀ ਅਤੇ ਜਾਣ-ਪਛਾਣ ਵਾਲਿਆਂ ਨੂੰ ਵੇਚਦੀ ਸੀ। ਲੋਕਾਂ ਨੂੰ ਘਰੇਲੂ ਅਚਾਰ ਇਨ੍ਹਾਂ ਪਸੰਦ ਆਇਆ ਕਿ ਮੰਗ ਵਧਦੀ ਗਈ। ਹੌਲੀ-ਹੌਲੀ ਉਨ੍ਹਾਂ ਦਾ ਅਚਾਰ ਬਠਿੰਡਾ ਤੋਂ ਬਾਹਰ ਹੋਰ ਸ਼ਹਿਰਾਂ ਤੇ ਫਿਰ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਤਕ ਪਹੁੰਚ ਗਿਆ। ਉਸਨੇ ਸਹਿਜ ਹੈਲਪ ਗਰੁੱਪ ਤਿਆਰ ਕੀਤਾ ਅਤੇ ਕੀਰਤ ਫੂਡ ਦੇ ਨਾਮ ’ਤੇ ਅਚਾਰ ਦਾ ਕੰਮ ਅਪਣਾਇਆ। ਸਮੇਂ ਦੇ ਨਾਲ ਉਨ੍ਹਾਂ ਨੇ ਆਪਣੇ ਕੰਮ ਨੂੰ ਆਨਲਾਈਨ ਮੰਚਾਂ ਤਕ ਵੀ ਲਿਜਾਇਆ। ਮੀਸ਼ੋ ਐਪ ‘ਤੇ ਵੀ ਚਰਨਜੀਤ ਕੌਰ ਦੇ ਅਚਾਰ ਵਿਕ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡਾ ਸਹਾਰਾ ਮਿਲਿਆ। ਪਰ ਇਸ ਸਫਰ ਦੌਰਾਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਕੱਚੇ ਸਮਾਨ ਦੀ ਕਮੀ, ਆਰਥਿਕ ਦਬਾਅ ਤੇ ਸਮਾਜਕ ਚੁਣੌਤੀਆਂ ਨੇ ਉਨ੍ਹਾਂ ਦੇ ਹੌਂਸਲੇ ਨੂੰ ਪਰਖਿਆ, ਪਰ ਬੱਚਿਆਂ ਦਾ ਭਵਿੱਖ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਬਣਿਆ ਰਿਹਾ। ਚਰਨਜੀਤ ਕੌਰ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਦਿਨ-ਰਾਤ ਇਕ ਕਰ ਦਿੱਤਾ। ਉਨ੍ਹਾਂ ਦੀ ਵੱਡੀ ਬੇਟੀ ਅਮਨਦੀਪ ਕੌਰ ਇੰਜੀਨੀਅਰ ਬਣ ਚੁੱਕੀ ਹੈ, ਜਿਹੜੀ ਹੁਣ ਚੰਡੀਗੜ੍ਹ ਨੌਕਰੀ ਕਰ ਰਹੀ ਹੈ। ਛੋਟੀ ਧੀ ਰਮਨਦੀਪ ਕੌਰ ਨੇ ਬੀਐੱਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ ਹੈ, ਜਦਕਿ ਬੇਟੇ ਸੁਖਵੀਰ ਸਿੰਘ ਨੇ ਬੀਕਾਮ ਤਕ ਸਿੱਖਿਆ ਹਾਸਲ ਕੀਤੀ ਹੈ। ਚਰਨਜੀਤ ਕੌਰ ਕਹਿੰਦੀ ਹੈ ਕਿ ਉਹ ਚਾਹੁੰਦੀ ਸੀ ਕਿ ਉਨ੍ਹਾਂ ਦੇ ਬੱਚੇ ਉਹ ਮੁਸ਼ਕਿਲਾਂ ਨਾ ਦੇਖਣ ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਹੀਆਂ। ਉਨ੍ਹਾਂ ਦੀਆਂ ਧੀਆਂ ਤੇ ਪੁੱਤਰ ਵੀ ਕੰਮ ਵਿਚ ਆਪਣੀ ਮਾਂ ਦਾ ਹੱਥ ਵਟਾ ਰਹੇ ਹਨ। ਬੱਚਿਆਂ ਨੇ ਕਿਹਾ ਕਿ ਮਾਂ ਨੇ ਕਦੇ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਜ਼ਿੰਦਗੀ ਵਿੱਚ ਕੋਈ ਕਮੀ ਹੈ। ਹਰ ਮੁਸ਼ਕਲ ਵਿੱਚ ਮਾਂ ਨੇ ਮਜ਼ਬੂਤੀ ਨਾਲ ਖੜ੍ਹ ਕੇ ਪਰਿਵਾਰ ਨੂੰ ਸੰਭਾਲਿਆ। ਮਾਂ ਦਿਵਸ ਦੇ ਮੌਕੇ ‘ਤੇ ਚਰਨਜੀਤ ਕੌਰ ਦੀ ਕਹਾਣੀ ਉਨ੍ਹਾਂ ਹਜ਼ਾਰਾਂ ਮਾਵਾਂ ਲਈ ਪ੍ਰੇਰਣਾ ਹੈ ਜੋ ਹਰ ਰੋਜ਼ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਲਈ ਸੰਘਰਸ਼ ਕਰਦੀਆਂ ਹਨ। ਇਹ ਕਹਾਣੀ ਸਾਬਤ ਕਰਦੀ ਹੈ ਕਿ ਮਾਂ ਦੀ ਮਮਤਾ ਅਤੇ ਹੌਂਸਲੇ ਅੱਗੇ ਵੱਡੀ ਤੋਂ ਵੱਡੀ ਮੁਸ਼ਕਲ ਵੀ ਛੋਟੀ ਪੈ ਜਾਂਦੀ ਹੈ।