ਵਪਾਰੀਆਂ ਦੀ ਸੁਰੱਖਿਆ ਲਈ ਇੰਡਸਟਰੀ ਏਰੀਏ ’ਚ ਬਣੇਗੀ ਚੌਕੀ
ਵਪਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੰਡਸਟਰੀ ਏਰੀਏ ਵਿਚ ਬਣੇਗੀ ਪੁਲਿਸ ਚੌਂਕੀ
Publish Date: Sun, 26 Apr 2026 04:54 PM (IST)
Updated Date: Mon, 27 Apr 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਅਰਬਨ ਇੰਡਸਟਰੀ ਏਰੀਏ ਵਿਖੇ ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਵਪਾਰੀਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ।ਵਪਾਰੀਆਂ ਦੀ ਪੁਲਿਸ ਚੌਕੀ ਸਬੰਧੀ ਮੰਗ ਨੂੰ ਮੁੱਖ ਰੱਖਦਿਆਂ ਐਸਐਸਪੀ ਡਾ. ਜਯੋਤੀ ਯਾਦਵ ਬੈਂਸ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇੰਡਸਟਰੀ ਏਰੀਏ ਵਿੱਚ ਪੁਲਿਸ ਚੌਂਕੀ ਬਣਾਉਣ ਲਈ ਲੁੜੀਂਦੇ ਕਦਮ ਚੁੱਕੇ ਜਾਣਗੇ ਤਾਂ ਜੋ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਬਿਕਰਮ ਲਵਲੀ ਨੇ ਇਸ ਦੌਰਾਨ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਟ੍ਰੇਡ ਕਮਿਸ਼ਨ ਤੇ ਸਰਕਾਰ ਹਮੇਸ਼ਾ ਵਪਾਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ। ਇਸ ਮੌਕੇ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਕਾਸ਼ ਜਿੰਦਲ ਵੱਲੋਂ ਇਸ ਮੀਟਿੰਗ ਕਰਵਾਉਣ ਲਈ ਸਾਰੇ ਹਾਜ਼ਰੀਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਇਸ ਤਰ੍ਹਾਂ ਦੀਆਂ ਮੀਟਿੰਗਾਂ ਬਹੁਤ ਲਾਹੇਵੰਦ ਸਾਬਤ ਹੁੰਦੀਆਂ ਹਨ। ਇਸ ਮੌਕੇ ਡੀਐਸਪੀ ਬਠਿੰਡਾ (ਦਿਹਾਤੀ) ਹਰਵਿੰਦਰ ਸਿੰਘ ਸਰਾਂ, ਡਾ. ਤਰਸੇਮ (ਸਟੇਟ ਸੈਕਟਰੀ ਟ੍ਰੇਡ ਕਮਿਸ਼ਨ) ਤੇ ਰਾਕੇਸ਼ ਗੁਪਤਾ ਸ਼ਾਮਲ ਹੋਏ। ਮੀਟਿੰਗ ’ਚ ਇਲਾਕੇ ਦੇ ਵੱਡੀ ਗਿਣਤੀ ਵਿਚ ਉਦਯੋਗਪਤੀ ਅਤੇ ਵਪਾਰੀ ਹਾਜ਼ਰ ਰਹੇ ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਨਾਲ ਸੰਬੰਧਤ ਮੁੱਦੇ ਪ੍ਰਮੁੱਖ ਤੌਰ ‘ਤੇ ਰੱਖੇ। ਮੀਟਿੰਗ ਦੇ ਅੰਤ ’ਚ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਸੁਣਨ ਤੇ ਤੁਰੰਤ ਕਾਰਵਾਈ ਦਾ ਭਰੋਸਾ ਦੇਣ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਦੇ ਮੁੱਦੇ ਗੰਭੀਰਤਾ ਨਾਲ ਸੁਣੇ ਗਏ ਅਤੇ ਉਮੀਦ ਜਤਾਈ ਕਿ ਜਲਦ ਇਨ੍ਹਾਂ ਮੁੱਦਿਆਂ ਦਾ ਹੱਲ ਹੋਵੇਗਾ।