ਪਖਾਨਿਆਂ ’ਚੋਂ ਮਿਲੀ ਲਾਪਤਾ ਨੌਜਵਾਨ ਦੀ ਲਾਸ਼, ਸ਼ੱਕੀ ਹਾਲਾਤ ’ਚ ਮੌਤ ਦਾ ਖ਼ਦਸ਼ਾ
ਲਾਪਤਾ ਨੌਜਵਾਨ ਦੀ ਲਾਸ਼ ਪਖਾਣਿਆਂ ’ਚੋਂ ਮਿਲੀ, ਭੇਦਭਰੇ ਹਾਲਾਤਾਂ ਵਿੱਚ ਹੋਈ ਹੈ ਮੌਤ
Publish Date: Wed, 27 May 2026 06:15 PM (IST)
Updated Date: Thu, 28 May 2026 04:05 AM (IST)

-ਕਈ ਦਿਨਾਂ ਤੋਂ ਬੰਦ ਸੀ ਪਖਾਨੇ, ਬਦਬੂ ਆਉਣ ’ਤੇ ਹੋਇਆ ਖੁਲਾਸਾ ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈਰੂਪਾ : ਹਲਕਾ ਰਾਮਪੁਰਾ ਫੂਲ ਦੇ ਕਸਬਾ ਭਾਈਰੂਪਾ ਵਿੱਚ ਇਕ ਲਾਪਤਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਪਬਲਿਕ ਪਖਾਣਿਆਂ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (27) ਪੁੱਤਰ ਗੁਰਤੇਜ ਸਿੰਘ ਉਰਫ਼ ਯਮਲਾ ਵਾਸੀ ਡਾ. ਅੰਬੇਦਕਰ ਨਗਰ, ਗੁੰਮਟੀ ਰੋਡ ਭਾਈਰੂਪਾ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ 25 ਮਈ ਤੋਂ ਆਪਣੇ ਘਰ ਤੋਂ ਲਾਪਤਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਪਰ ਕੋਈ ਸੁਰਾਗ ਨਾ ਮਿਲਣ ’ਤੇ ਥਾਣਾ ਫੂਲ ਵਿਖੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਇਸ ਦੌਰਾਨ ਬੁੱਧਵਾਰ ਨੂੰ ਨਗਰ ਪੰਚਾਇਤ ਭਾਈਰੂਪਾ ਦੇ ਸਾਹਮਣੇ ਸਥਿਤ ਪੁਰਾਣੀ ਬੰਦ ਪਈ ਪੁਲਿਸ ਚੌਂਕੀ ਦੇ ਪਬਲਿਕ ਪਖਾਣਿਆਂ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਬਾਜ਼ਾਰ ਦੇ ਇਕ ਦੁਕਾਨਦਾਰ ਨੇ ਜਦੋਂ ਪੁਰਾਣੀ ਪੁਲਿਸ ਚੌਕੀ ਦੇ ਪਖਾਨਿਆਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਦੇਖਿਆ ਕਿ ਪਖਾਨੇ ਦੀ ਕੁੰਡੀ ਕਈ ਦਿਨਾਂ ਤੋਂ ਅੰਦਰੋਂ ਬੰਦ ਸੀ। ਸ਼ੱਕ ਪੈਣ ’ਤੇ ਉਸਨੇ ਕੁਝ ਹੋਰ ਵਿਅਕਤੀਆਂ ਦੀ ਮਦਦ ਨਾਲ ਰੌਸ਼ਨਦਾਨ ਰਾਹੀਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਸਾਰੇ ਹੈਰਾਨ ਰਹਿ ਗਿਆ, ਕਿਉਂਕਿ ਉੱਥੇ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ। ਇਸ ਦੀ ਸੂਚਨਾ ਤੁਰੰਤ ਥਾਣਾ ਫੂਲ ਪੁਲਿਸ ਨੂੰ ਦਿੱਤੀ ਗਈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਵਜੋਂ ਕੀਤੀ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਲਾਸ਼ ਵਿੱਚੋਂ ਤੇਜ਼ ਬਦਬੂ ਆ ਰਹੀ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਦੋ ਤੋਂ ਤਿੰਨ ਦਿਨ ਪਹਿਲਾਂ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਇਲਾਕੇ ’ਚ ਸੋਗ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮੌਕੇ ਸਹਾਰਾ ਕਲੱਬ ਰਾਮਪੁਰਾ ਫੂਲ ਦੇ ਪ੍ਰਧਾਨ ਸੰਦੀਪ ਵਰਮਾ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਸਹਾਰਾ ਟੀਮ ਆਪਣੀ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੀ। ਟੀਮ ਨੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ’ਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਪਹੁੰਚਾਇਆ। ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਸਾਲ ਦੇ ਮਾਸੂਮ ਪੁੱਤਰ ਨੂੰ ਛੱਡ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਲਾਕੇ ਦੇ ਲੋਕਾਂ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਥਾਣਾ ਫੂਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।