ਮੌੜ ਨਗਰ ਕੌਂਸਲ ਚੋਣਾਂ: ਵਿਧਾਇਕ ਤੇ ਅਕਾਲੀ ਆਗੂ ਦੀ ਬਹਿਸਬਾਜ਼ੀ, ਵਿਧਾਇਕ ’ਤੇ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼

-ਵਿਧਾਇਕ ਤੇ ਅਕਾਲੀ ਆਗੂ ਵਿਚਾਲੇ ਬਹਿਸਬਾਜ਼ੀ, 17 ਵਾਰਡਾਂ ਦੇ 75 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ 'ਚ ਬੰਦ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ :
ਮੌੜ ਨਗਰ ਕੌਂਸਲ ਦੀਆਂ ਆਮ ਚੋਣਾਂ ਮੰਗਲਵਾਰ ਨੂੰ ਇੱਕਾ-ਦੁੱਕਾ ਮਾਮੂਲੀ ਘਟਨਾਵਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਮਾਹੌਲ ਵਿੱਚ ਨੇਪਰੇ ਚੜ੍ਹ ਗਈਆਂ। ਸਥਾਨਕ ਨਗਰ ਕੌਂਸਲ ਦੇ ਕੁੱਲ 17 ਵਾਰਡਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਚੋਣ ਲੜ ਰਹੇ 75 ਉਮੀਦਵਾਰਾਂ ਦੀ ਸਿਆਸੀ ਕਿਸਮਤ ਅੱਜ ਵੋਟਰਾਂ ਵੱਲੋਂ ਬੈਲਟ ਬਕਸਿਆਂ ਵਿੱਚ ਬੰਦ ਕਰ ਦਿੱਤੀ ਗਈ ਹੈ। ਸਵੇਰ ਤੋਂ ਹੀ ਅੱਤ ਦੀ ਗਰਮੀ ਦੇ ਹੋਣ ਦੇ ਬਾਵਜੂਦ ਵੱਖ-ਵੱਖ ਵਾਰਡਾਂ ਦੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾ ਵੋਟਰਾਂ ਨੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ ਲਈ ਭਾਰੀ ਉਤਸ਼ਾਹ ਦਿਖਾਇਆ। ਮੌੜ ਨਗਰ ਕੌਂਸਲ ਚੋਣਾਂ ਦੇ ਚੋਣ ਅਧਿਕਾਰੀ ਗੁਰਜਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਮੌੜ ਮੰਡੀ ਦੇ ਨਗਰ ਕੌਂਸਲ ਚੋਣਾਂ ਲਈ ਵੋਟਾਂ ਦੀ 5 ਵਜੇ ਤੱਕ 75 ਫੀਸਦੀ ਪੋਲਿੰਗ ਹੋ ਚੁੱਕੀ ਹੈ। ਪਰ ਵਾਰਡ ਨੰਬਰ 6 ਤੇ ਖਾਲਸਾ ਹੀ ਸਕੂਲ ਬੂਥ ਅੰਦਰ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਵਾਰਡ ਨੰਬਰ ਛੇ ਦੇ ਅਕਾਲੀ ਉਮੀਦਵਾਰ ਗੁਰਜੀਤ ਸਿੰਘ ਗਿੰਨੀ ਵਿਚਾਲੇ ਪੋਲਿੰਗ ਬੂਥ ਅੰਦਰ ਤਕਰਾਰਬਾਜ਼ੀ ਹੋ ਗਈ। ਉਧਰ ਵਾਰਡ ਨੰਬਰ ਅੱਠ ਵਿੱਚ ਪ੍ਰਾਇਮਰੀ ਖਾਲਸਾ ਹਾਈ ਸਕੂਲ ਦੇ ਬੂਥ ਉੱਪਰ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਮੌਜੂਦਾ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਪਹੁੰਚੇ ਤਾਂ ਦੋਨਾਂ ਵਿੱਚ ਵੋਟਾਂ ਨੂੰ ਲੈਕੇ ਤਕਰਾਰਬਾਜ਼ੀ ਹੋਈ ਤਾਂ ਦਾ ਮਾਹੌਲ ਗਰਮਾਇਆ ਅਤੇ ਇੱਕ ਦੂਜੇ ਦੇ ਵਰਕਰਾਂ ਨੇ ਭਰਵੀਂ ਨਾਅਰੇਬਾਜ਼ੀ ਕੀਤੀ।
ਪੁਲਿਸ ਪ੍ਰਸ਼ਾਸਨ ਨੇ ਮੌਕਾ ਸੰਭਾਲਦਿਆਂ ਸਥਿਤੀ ਤੇ ਕਾਬੂ ਪਾਇਆ। ਵਾਰਡ ਨੰਬਰ 14 ਅਤੇ ਵਾਰਡ ਨੰਬਰ 16 ਵਿੱਚ ਵੀ ਜਾਅਲੀ ਵੋਟਾਂ ਨੂੰ ਲੈ ਕੇ ਤਕਰਾਰਬਾਜ਼ੀ ਹੋਈ। ਮੌੜ ਮੰਡੀ ਦੇ ਵਾਰਡ ਨੰਬਰ 16 ਅਤੇ ਵਾਰਡ ਨੰਬਰ 14 ਦੇ ਪੋਲਿੰਗ ਬੂਥ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾਅਲੀ ਵੋਟਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਗੱਡੀ ਘੇਰ ਕੇ ਨਾਰੇਬਾਜੀ ਕੀਤੀ ਗਈ। ਇਸ ਮੌਕੇ ਭਾਜਪਾ ਦੇ ਸੂਬਾ ਜਰਨਲ ਸਕੱਤਰ ਅਤੇ ਹਲਕਾ ਮੌੜ ਦੇ ਇੰਚਾਰਜ ਦਿਆਲ ਦਾ ਸੋਢੀ ਨੇ ਆਪ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਤੇ ਜਾਅਲੀ ਵੋਟਾਂ ਪਵਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਪੰਜਾਬ ਦੇ ਵਿਕਾਸ ਕਾਰਜਾਂ ਦੇ ਕੰਮ ਕੀਤੇ ਹਨ ਤਾਂ ਉਨ੍ਹਾਂ ਨੂੰ ਵੋਟਾਂ ਵਿੱਚ ਧੱਕੇਸ਼ਾਹੀ ਕਰਨ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਆਪਣੀ ਹਾਰ ਤੋਂ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਉਹ ਗ੍ਰਹਿ ਵਿਭਾਗ ਨੂੰ ਕਰਨਗੇ। ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ।
ਹਾਲਾਂਕਿ ਵੋਟਿੰਗ ਦੌਰਾਨ ਇੱਕ-ਦੁੱਕਾ ਵਾਰਡਾਂ ਵਿਚ ਮਾਮੂਲੀ ਬਹਿਸਬਾਜ਼ੀ ਜਾਂ ਤਕਰਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ, ਪਰ ਮੌਕੇ 'ਤੇ ਤਾਇਨਾਤ ਸੁਰੱਖਿਆ ਬਲਾਂ ਅਤੇ ਚੋਣ ਅਮਲੇ ਨੇ ਸਥਿਤੀ ਨੂੰ ਤੁਰੰਤ ਕੰਟਰੋਲ ਕਰ ਲਿਆ ਅਤੇ ਵੋਟਿੰਗ ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹੀ। ਵੋਟਿੰਗ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਸਾਰੀਆਂ ਬੈਲਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਹੇਠ ਸਟ੍ਰਾਂਗ ਰੂਮ ਵਿੱਚ ਰੱਖ ਦਿੱਤਾ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ, ਜੋ ਇਹ ਤੈਅ ਕਰਨਗੇ ਕਿ ਮੌੜ ਨਗਰ ਕੌਂਸਲ ਦੀ ਕਮਾਨ ਕਿਸ ਦੇ ਹੱਥ ਆਵੇਗੀ।