ਮਾਤਾ ਸਾਹਿਬ ਕੌਰ ਕਾਲਜ ਦੀਆਂ ਗੱਤਕਾ ਖਿਡਾਰਨਾਂ ਨੇ ਜਿੱਤੀ ਓਵਰਆਲ ਟਰਾਫੀ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਗੱਤਕਾ ਖਿਡਾਰਣਾਂ ਨੇ ਜਿੱਤੀ ਓਵਰ ਆਲ ਟਰਾਫੀ
Publish Date: Tue, 28 Apr 2026 04:36 PM (IST)
Updated Date: Wed, 29 Apr 2026 04:04 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਕੋਟਾ ਰਾਜਸਥਾਨ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ। ਇਸ ਗੱਤਕਾ ਚੈਂਪੀਅਨਸ਼ਿਪ ਨੂੰ ਯੂਨੀਵਰਸਿਟੀ ਆਫ ਕੋਟਾ ਦੇ ਮੇਜਰ ਦਯਾਨੰਦ ਸਪੋਰਟਸ ਕੰਪਲੈਕਸ ਵਿਚ ਡਾ. ਵਿਜੇ ਸਿੰਘ, ਡਾਇਰੈਕਟਰ ਸਪੋਰਟਸ ਆਰਗਨਾਈਜ਼ਿੰਗ ਸਕੱਤਰ ਤੇ ਬਲਜਿੰਦਰ ਸਿੰਘ ਤੂਰ ਜਰਨਲ ਸਕੱਤਰ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਦੇਖ-ਰੇਖ ਹੇਠ ਆਲ ਇੰਡੀਆ ਇੰਟਰ ਯੂਨੀਵਰਸਟੀ ਗੱਤਕਾ ਮੁਕਾਬਲੇ ਸ਼ਾਨਦਾਰ ਢੰਗ ਨਾਲ ਕਰਵਾਏ ਗਏ। ਆਲ ਇੰਡੀਆ ਗੱਤਕਾ ਚੈਂਪੀਅਨਸ਼ਿਪ ’ਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਜੱਜਮੈਂਟ ਟੀਮ ਵੱਲੋਂ ਜੱਜਮੈਂਟ ਕੀਤੀ ਗਈ। ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ ਕੁੱਲ 34 ਯੂਨੀਵਰਸਿਟੀ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੀਆਂ 5 ਗੱਤਕਾ ਖਿਡਾਰਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਨੁਮਾਇੰਦਗੀ ਕਰਦੇ ਹੋਏ ਮੈਡਲ ਹਾਸਲ ਕੀਤੇ। ਫਰੀ ਸੋਟੀ ਵਿਅਕਤੀਗਤ ਦੇ ਵਿਚ ਖਿਡਾਰਣ ਜਸ਼ਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅਮਨਦੀਪ ਕੌਰ ਤੇ ਖੁਸ਼ਪ੍ਰੀਤ ਕੌਰ ਫੁੱਲ ਸਟਰਾਈਕ ਫ਼ਰੀ ਸੋਟੀ ਟੀਮ ਈਵੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ। ਆਲ ਇੰਡੀਆ ਯੂਨੀਵਰਸਿਟੀ ਟੂਰਨਾਮੈਂਟ ਵਿਚ ਗੱਤਕਾ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਇਸ ਉਪਲਬਧੀ 'ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਵੱਲੋਂ ਗੱਤਕਾ ਟੀਮ ਦੀਆ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਨੇ ਗੁਰਪ੍ਰੀਤ ਸਿੰਘ ਜੱਜਲ ਇੰਚਾਰਜ ਗੱਤਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਹਰਜਿੰਦਰ ਸਿੰਘ ਗੱਤਕਾ ਕੋਚ, ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਹਰਜਿੰਦਰ ਕੌਰ ਦੀ ਭੂਮਿਕਾ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ।