ਲੰਬੇ ਬਿਜਲੀ ਕੱਟਾਂ ਕਾਰਨ ਤਣਾਅਪੂਰਣ ਮਾਹੌਲ, ਲੋਕ ਗਰਿੱਡਾਂ ਵਿਚ ਪਹੁੰਚ ਖੁਦ ਸਪਲਾਈ ਕਰ ਰਹੇ ਨੇ ਚਾਲੂ

-ਕਿਹਾ, ਕਿਸੇ ਵੀ ਸਮੇਂ ਵਾਪਰ ਸਕਦੈ ਕੋਈ ਵੱਡਾ ਹਾਦਸਾ, ਪਾਵਰਕਾਮ ਮੁਲਾਜ਼ਮਾਂ ’ਚ ਡਰ ਦਾ ਮਾਹੌਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਜ਼ਿਲ੍ਹੇ ਵਿਚ ਲਗਾਤਾਰ ਅਤੇ ਲੰਬੇ ਸਮੇਂ ਦੇ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨਾਲ ਕਈ ਥਾਵਾਂ ’ਤੇ ਤਣਾਅਪੂਰਣ ਮਾਹੌਲ ਬਣਦਾ ਜਾ ਰਿਹਾ ਹੈ। ਗਰਮੀ ਦੇ ਵਧਦੇ ਕਹਿਰ ਤੇ ਘੰਟਿਆਂਬੱਧੀ ਲੱਗਣ ਵਾਲੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ ਹੈ। ਇਸ ਦਰਮਿਆਨ ਪਿੰਡ ਸੁਖਾਨੰਦ ਵਿੱਚ ਇਕ ਬਿਜਲੀ ਮੁਲਾਜ਼ਮ ਦੀ ਕੁੱਟਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਦਕਿ ਕਈ ਬਿਜਲੀ ਗਰਿੱਡਾਂ ਵਿੱਚ ਕਿਸਾਨਾਂ ਵੱਲੋਂ ਖੁਦ ਹੀ ਬਿਜਲੀ ਸਪਲਾਈ ਚਾਲੂ ਕਰਨ ਦੇ ਮਾਮਲੇ ਵੀ ਚਰਚਾ ਵਿੱਚ ਹਨ। ਪਿੰਡ ਸੁਖਾਨੰਦ ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਮੁਲਾਜ਼ਮ ਦੀ ਕੁੱਟਮਾਰ ਹੋਈ ਹੈ। ਘਟਨਾ ਤੋਂ ਬਾਅਦ ਵਿਭਾਗੀ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਲਾਕੇ ਦੇ ਕਈ ਪਿੰਡਾਂ ਵਿੱਚ ਹਾਲਾਤ ਇੰਨ੍ਹੇ ਗੰਭੀਰ ਹੋ ਗਏ ਹਨ ਕਿ ਕਿਸਾਨਾਂ ਨੇ ਖੁਦ ਹੀ ਬਿਜਲੀ ਗਰਿੱਡਾਂ ਵਿੱਚ ਪਹੁੰਚ ਕੇ ਸਪਲਾਈ ਚਾਲੂ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਕੱਟਾਂ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਪਾਵਰਕਾਮ ਦੇ ਅਧਿਕਾਰੀਆਂ ਨੇ ਇਸ ਸਥਿਤੀ ’ਤੇ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਲੋਕਾਂ ਵੱਲੋਂ ਆਪਣੇ ਤੌਰ ‘ਤੇ ਗਰਿੱਡਾਂ ਵਿੱਚ ਦਾਖਲ ਹੋ ਕੇ ਬਿਜਲੀ ਚਾਲੂ ਕਰਨਾ ਬਹੁਤ ਖਤਰਨਾਕ ਕਦਮ ਹੈ।
ਅਧਿਕਾਰੀਆਂ ਨੇ ਕਿਹਾ ਕਿ ਬਿਜਲੀ ਪ੍ਰਣਾਲੀ ਤਕਨੀਕੀ ਮਾਹਿਰਾਂ ਦੇ ਨਿਯੰਤਰਣ ਹੇਠ ਚਲਦੀ ਹੈ ਅਤੇ ਗੈਰ-ਪੇਸ਼ੇਵਰ ਲੋਕਾਂ ਵੱਲੋਂ ਇਸ ਵਿੱਚ ਦਖ਼ਲ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਕਰੰਟ ਲੱਗਣ, ਅੱਗ ਲੱਗਣ ਜਾਂ ਪੂਰੇ ਇਲਾਕੇ ਦੀ ਸਪਲਾਈ ਠੱਪ ਹੋਣ ਵਰਗੇ ਖਤਰੇ ਪੈਦਾ ਹੋ ਸਕਦੇ ਹਨ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਈ ਥਾਵਾਂ ‘ਤੇ ਮੁਲਾਜ਼ਮਾਂ ਨੂੰ ਧਮਕਾਉਣ ਅਤੇ ਦਬਾਅ ਬਣਾਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਕਰਮਚਾਰੀ ਮੌਜੂਦਾ ਹਾਲਾਤਾਂ ਵਿੱਚ ਦਿਨ-ਰਾਤ ਡਿਊਟੀ ਕਰ ਰਹੇ ਹਨ, ਪਰ ਲੋਕਾਂ ਦਾ ਗੁੱਸਾ ਸਿੱਧਾ ਸਟਾਫ ‘ਤੇ ਨਿਕਲ ਰਿਹਾ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਬਰ ਤੋਂ ਕੰਮ ਲੈਣ ਅਤੇ ਗਰਿੱਡਾਂ ਜਾਂ ਬਿਜਲੀ ਢਾਂਚੇ ਵਿੱਚ ਖੁਦ ਦਖ਼ਲਅੰਦਾਜ਼ੀ ਨਾ ਕਰਨ। ਉੱਧਰ ਆਮ ਲੋਕਾਂ ਦਾ ਕਹਿਣਾ ਹੈ ਕਿ ਘਰਾਂ ਵਿੱਚ ਘੰਟਿਆਂ ਬਿਜਲੀ ਨਾ ਹੋਣ ਕਾਰਨ ਪੀਣ ਵਾਲਾ ਪਾਣੀ, ਪੱਖੇ, ਕੂਲਰ ਅਤੇ ਹੋਰ ਜ਼ਰੂਰੀ ਸਹੂਲਤਾਂ ਬੰਦ ਪੈ ਜਾਂਦੀਆਂ ਹਨ। ਰਾਤ ਸਮੇਂ ਕੱਟਾਂ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਜੇਕਰ ਸਮੇਂ ਸਿਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਗੁੱਸਾ ਹੋਰ ਵਧ ਸਕਦਾ ਹੈ।
ਬਾਕਸ
ਤਾਜ਼ਾ ਵਾਪਰੀਆਂ ਘਟਨਾਵਾਂ ਵਿਚ ਪਿੰਡ ਤੁੰਗਵਾਲੀ ਵਾਸੀਆਂ ਨੇ ਬਿਜਲੀ ਗਰਿੱਡ 'ਤੇ ਇਕੱਠੇ ਹੋ ਕੇ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਸ਼ਾਮ 6 ਵਜੇ ਤੋਂ ਲੈ ਕੇ ਅੱਧੀ ਰਾਤ ਤਕ ਬੱਤੀ ਗੁਲ ਰਹਿੰਦੀ ਹੈ, ਜਿਸ ਕਾਰਨ ਘਰਾਂ ਵਿਚ ਘੁੱਪ ਹਨ੍ਹੇਰਾ ਹੋ ਜਾਂਦਾ ਹੈ ਅਤੇ ਭਾਰੀ ਗਰਮੀ ਵਿਚ ਬੱਚਿਆਂ ਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ। ਪਿੰਡ ਕੋਟਸ਼ਮੀਰ, ਬੀੜ ਤਾਲਾਬ ਅਤੇ ਬਾਬਾ ਜੀਵਨ ਸਿੰਘ ਨਗਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੇ ਮੁਲਤਾਨੀਆ ਰੋਡ ਸਥਿਤ ਗਰਿੱਡ ਦੇ ਅੱਗੇ ਧਰਨਾ ਦਿੱਤਾ। ਪਿੰਡ ਕੋਟਲੀ ਵਿਚ ਸਥਿਤ ਗਰਿੱਡ ਵਿਚ ਵੀ ਭੰਨ-ਤੋੜ ਹੋਣ ਦੀ ਖ਼ਬਰ ਹੈ। ਜ਼ਿਲ੍ਹੇ ਦੇ ਪਿੰਡ ਕੋਟਗੁਰੂ ਦੇ ਲੋਕਾਂ ਨੇ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ। ਪਿੰਡ ਡਿੱਖ ਦੇ ਲੋਕਾਂ ਨੇ ਵੀ ਬਿਜਲੀ ਘਰ ਵਿਚ ਧਰਨਾ ਦਿੱਤਾ ਅਤੇ ਖੁਦ ਹੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ।
-ਬਾਕਸ-
-ਜਲਦੀ ਹਾਲਾਤ ਨਾ ਸੁਧਰੇ ਤਾਂ ਸੜਕਾਂ ’ਤੇ ਉਤਰੇਗੀ ਭਾਜਪਾ
ਸੂਬੇ ਵਿੱਚ ਵੱਧ ਰਹੇ ਬਿਜਲੀ ਸੰਕਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਬਿਜਲੀ ਕੱਟਾਂ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਇਹ ਸਥਿਤੀ ਸੂਬੇ ਵਿੱਚ ਬਿਜਲੀ ਢਾਂਚੇ ਦੀ ਅਣਦੇਖੀ ਦਾ ਸਿੱਧਾ ਨਤੀਜਾ ਹੈ। ਸਿੰਗਲਾ ਨੇ ਕਿਹਾ ਕਿ ਹਾਲੇ ਤਾਂ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ ਅਤੇ ਹਾਲਾਤ ਇੰਨੇ ਖਰਾਬ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਜਦੋਂ ਤਾਪਮਾਨ ਚਰਮ ‘ਤੇ ਹੋਵੇਗਾ, ਤਦ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਲੰਮੇ-ਲੰਮੇ ਬਿਜਲੀ ਕੱਟ ਲਗ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਹੀ ਬਿਜਲੀ ਸਪਲਾਈ ਨੂੰ ਸੁਚਾਰੂ ਨਹੀਂ ਕੀਤਾ ਤਾਂ ਭਾਜਪਾ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰੇਗੀ।
-ਬਾਕਸ-
-ਦਸ-ਦਸ ਘੰਟੇ ਦੇ ਕੱਟ ਬਰਦਾਸ਼ਤ ਤੋਂ ਬਾਹਰ : ਇਕਬਾਲ ਢਿੱਲੋਂ
ਸ੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲੱਸ ਰਹੀ ਸੀ ਅਤੇ ਕਦੇ ਬਿਜਲੀ ਦੇ ਕੱਟ ਨਹੀਂ ਲੱਗੇ, ਪਰ ਝਮੱਕਾ ਨਾਂ ਮਾਰਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਦੇ ਰਾਜ ਵਿਚ ਬਿਜਲੀ ਦੇ ਦਸ ਦਸ ਘੰਟੇ ਦੇ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਜਿਹੜੇ ਐਲਾਨ ਕੀਤੇ ਸਨ, ਸਾਰਾ ਕੁੱਝ ਉਸਦੇ ਉੱਲਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਬਬਲੀ ਢਿੱਲੋਂ ਨੇ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਲੱਗਣੋਂ ਨਾਂ ਹਟੇ ਤਾਂ ਸ਼੍ਰੋਮਣੀ ਅਕਾਲੀ ਦਲ ਸੜਕਾਂ ’ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗਾ।