ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੇ ਸਰਕਾਰ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ

-ਕਣਕ ਨਾਲ ਭਰੀਆਂ ਹਜ਼ਾਰਾਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹੋ ਰਹੀਆਂ ਨੇ ਖ਼ਰਾਬ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਪੰਜਾਬ ਦੀਆਂ ਬਹੁਤੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਬਣਿਆ ਸੰਕਟ ਹੁਣ ਸਰਕਾਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਖਰੀਦ ਕੇਂਦਰ ਝੁੰਬਾ ਵਿਚ ਪਿਛਲੇ ਕਰੀਬ ਵੀਹ ਦਿਨਾਂ ਤੋਂ ਕਣਕ ਦੀਆਂ ਹਜ਼ਾਰਾਂ ਭਰੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ, ਜਿਨ੍ਹਾਂ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਮੀਂਹ ਕਾਰਨ ਗੱਟਿਆਂ ਵਿਚ ਪਈ ਕਣਕ ਭਿੱਜ ਕੇ ਖਰਾਬ ਹੋਣ ਲੱਗ ਪਈ ਹੈ ਅਤੇ ਮੰਡੀਆਂ ਵਿਚ ਗੱਟਿਆਂ ਦੇ ਅੰਬਾਰ ਲੱਗ ਚੁੱਕੇ ਹਨ। ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਖਰੀਦ ਕੇਂਦਰ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਟਰੱਕ ਠੇਕੇਦਾਰਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਜੇਕਰ ਤੁਰੰਤ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਪ੍ਰਦਰਸ਼ਨ ਦੌਰਾਨ ਮਜ਼ਦੂਰਾਂ ਨੇ ਕਿਹਾ ਕਿ ਵਿਸਾਖੀ ਤੋਂ ਅਗਲੇ ਦਿਨ ਹੀ ਕਣਕ ਦੀ ਸਰਕਾਰੀ ਖਰੀਦ ਮੁਕੰਮਲ ਹੋ ਚੁੱਕੀ ਸੀ ਅਤੇ ਗੱਟੇ ਭਰ ਕੇ ਤਿਆਰ ਕਰ ਦਿੱਤੇ ਗਏ ਸਨ। ਪਰ ਸਰਕਾਰ ਅਤੇ ਠੇਕੇਦਾਰਾਂ ਦੀ ਲਾਪਰਵਾਹੀ ਕਾਰਨ ਲਿਫਟਿੰਗ ਲਈ ਟਰੱਕ ਨਹੀਂ ਭੇਜੇ ਗਏ। ਇਸ ਕਾਰਨ ਮੰਡੀ ਵਿੱਚ ਪਏ ਗੱਟੇ ਮੀਂਹ ਨਾਲ ਭਿੱਜ ਗਏ ਅਤੇ ਕਣਕ ਥੱਲਿਓਂ ਸੜਨ ਲੱਗ ਪਈ ਹੈ। ਮੰਡੀ ਕੰਮ ਕਰ ਰਹੇ ਪਰਵਾਸੀ ਮਜ਼ਦੂਰ ਮੋਹਨ ਨੇ ਦੱਸਿਆ ਕਿ ਦਰਜਨਾਂ ਮਜ਼ਦੂਰ ਪਿਛਲੇ ਵੀਹ ਦਿਨਾਂ ਤੋਂ ਮੰਡੀ ਵਿੱਚ ਵਿਹਲੇ ਬੈਠੇ ਹਨ ਅਤੇ ਟਰੱਕਾਂ ਦੀ ਉਡੀਕ ਕਰ ਰਹੇ ਹਨ। ਉਸਨੇ ਕਿਹਾ ਕਿ ਜਿਹੜੇ ਪੈਸੇ ਮਜ਼ਦੂਰੀ ਕਰਕੇ ਘਰ ਭੇਜਣੇ ਸਨ, ਉਹ ਹੁਣ ਇੱਥੇ ਬੈਠੇ-ਬੈਠੇ ਰੋਟੀ ਅਤੇ ਰਹਿਣ ’ਤੇ ਖਰਚ ਹੋ ਰਹੇ ਹਨ। ਮੋਹਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਮਜ਼ਦੂਰਾਂ ਨਾਲ ਇਸੇ ਤਰ੍ਹਾਂ ਦਾ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਵਾਸੀ ਮਜ਼ਦੂਰ ਪੰਜਾਬ ਆਉਣ ਤੋਂ ਗੁਰੇਜ਼ ਕਰਨਗੇ, ਜਿਸ ਨਾਲ ਕਿਸਾਨਾਂ ਨੂੰ ਵੱਡੀ ਲੇਬਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਮਜ਼ਦੂਰਾਂ ਨੇ ਕਣਕ ਦੀ ਤੁਲਾਈ, ਗੱਟੇ ਭਰਨ ਅਤੇ ਲੋਡਿੰਗ ਦਾ ਸਾਰਾ ਕੰਮ ਸਮੇਂ ਸਿਰ ਕੀਤਾ ਸੀ, ਪਰ ਹੁਣ ਸਰਕਾਰ ਦੀ ਲਾਪਰਵਾਹੀ ਕਾਰਨ ਉਹਨਾਂ ਨੂੰ ਆਪਣੇ ਪੱਲਿਓਂ ਖਾਣਾ ਪੈ ਰਿਹਾ ਹੈ। ਉਸਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਟਰੱਕ ਨਾ ਭੇਜੇ ਤਾਂ ਮਜ਼ਦੂਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਇਸ ਮੌਕੇ ਜਗਸੀਰ ਸਿੰਘ ਝੁੰਬਾ ਨੇ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿੱਤਾਂ ਕੇ ਵਿਧਾਨ ਸਭਾ ਭੇਜੇ ਸਨ, ਪਰ ਇਹ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਜਦੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਸੀ, ਉਸ ਵੇਲੇ ਵੀ ਮੰਡੀਆਂ ਵਿੱਚ ਨਾ ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਸੀ ਤੇ ਨਾ ਹੀ ਲੈਟਰਿੰਗ ਦਾ ਕੋਈ ਪ੍ਰਬੰਧ ਕੀਤਾ ਗਿਆ ਸੀ। ਉਸ ਸਮੇਂ ਵੀ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਕਰਨਾ ਪਿਆ ਸੀਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਨਮੀ ਦਾ ਬਹਾਨਾ ਬਣਾ ਕੇ ਕਰੀਬ ਦਸ ਦਿਨ ਕਣਕ ਦੀ ਖਰੀਦ ਰੋਕੀ ਗਈ ਅਤੇ ਹੁਣ ਲਿਫਟਿੰਗ ਰੁਕਣ ਕਾਰਨ ਮੰਡੀਆਂ ਵਿੱਚ ਗੱਟਿਆਂ ਦੇ ਪਹਾੜ ਖੜ੍ਹੇ ਹੋ ਚੁੱਕੇ ਹਨ। ਮੰਡੀਆਂ ਵਿੱਚ ਜਿੱਥੇ ਵੇਖੋ ਉੱਥੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਪਰ ਲਿਫਟਿੰਗ ਲਈ ਕੋਈ ਟਰੱਕ ਨਹੀਂ ਆ ਰਿਹਾ। ਜਗਸੀਰ ਝੁੰਬਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹਾਲਾਤ ਨਾ ਸੰਭਾਲੇ ਤਾਂ ਇਹ ਸੰਕਟ ਸਿਰਫ਼ ਕਣਕ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਨੂੰ ਲੇਬਰ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਪੰਜਾਬ ਦੇ ਮਾਹੌਲ ਤੋਂ ਨਿਰਾਸ਼ ਹੋ ਰਹੇ ਹਨ ਅਤੇ ਜੇਕਰ ਮੰਡੀਆਂ ਵਿੱਚ ਉਨ੍ਹਾਂ ਨੂੰ ਇੰਝ ਹੀ ਵਿਹਲੇ ਬੈਠਣਾ ਪਿਆ ਤਾਂ ਉਹ ਹੋਰ ਸੂਬਿਆਂ ਦਾ ਰੁਖ ਕਰ ਲੈਣਗੇ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਜਲਦੀ ਟਰੱਕ ਭੇਜ ਕੇ ਕਣਕ ਦੀ ਲਿਫਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਮਿਲ ਕੇ ਬਠਿੰਡਾ ਵਿੱਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੀਆਂ ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ।
ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਸਕੱਤਰ ਅਨਿਲ ਖੁੰਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਕਈ ਮੰਡੀਆਂ ਵਿੱਚ ਲਿਫਟਿੰਗ ਦੀ ਸਮੱਸਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਝੁੰਬਾ ਖਰੀਦ ਕੇਂਦਰ ਵਿੱਚ ਲਿਫਟਿੰਗ ਕਿਉਂ ਰੁਕੀ ਹੋਈ ਹੈ, ਇਸ ਬਾਰੇ ਪਤਾ ਕਰਵਾ ਕੇ ਜਲਦੀ ਹੀ ਟਰੱਕ ਭੇਜ ਕੇ ਲਿਫਟਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।