ਬਠਿੰਡਾ 'ਚ 'ਲੇਡੀ ਲੁਟੇਰਾ ਗੈਂਗ' ਸਰਗਰਮ, ਮੁਟਿਆਰਾਂ ਨੇ ਬਜ਼ੁਰਗ ਮਾਤਾ ਦੀਆਂ ਵਾਲੀਆਂ ਲੁੱਟੀਆਂ

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ’ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ’ਚ ਲੁਟੇਰੇ ਸੀਸੀਟੀਵੀ ਕੈਮਰਿਆਂ ’ਚ ਕੈਦ ਵੀ ਹੋ ਰਹੇ ਹਨ, ਪਰ ਇਸ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ 'ਅਫੀਮ ਵਾਲੀ ਗਲੀ' ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੀਲੇ ਰੰਗ ਦੇ ਈ-ਰਿਕਸ਼ਾ 'ਤੇ ਸਵਾਰ ਨੌਜਵਾਨ ਤੇ ਦੋ ਮੁਟਿਆਰਾਂ ਨੇ ਰਿਕਸ਼ਾ ਵਿਚ ਬੈਠੀ ਇਕ ਬਜ਼ੁਰਗ ਸਵਾਰੀ ਨੂੰ ਚਾਕੂ ਵਿਖਾ ਕੇ ਲੁੱਟ ਲਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸ਼ਹਿਰ ਦੇ ਬਿਲਕੁਲ ਵਿਚਕਾਰਲੇ ਅਤੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇਹ ਵਾਰਦਾਤ ਹੋਣਾ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਲੁੱਟ ਦਾ ਸ਼ਿਕਾਰ ਹੋਈ ਪੀੜਤ ਬਜ਼ੁਰਗ ਸੁਰਜੀਤ ਕੌਰ ਵਾਸੀ ਪੁਰਾਣਾ ਥਾਣਾ ਨੇ ਦੱਸਿਆ ਕਿ ਉਸ ਨੇ ਇਕ ਨੀਲਾ ਈ-ਰਿਕਸ਼ਾ ਕੀਤਾ ਸੀ, ਜਿਸ ਵਿੱਚ ਦੋ ਮੁਟਿਆਰਾਂ ਪਹਿਲਾਂ ਹੀ ਬੈਠੀਆਂ ਸਨ। ਰਸਤੇ ਵਿੱਚ ਇਨ੍ਹਾਂ ਕੁੜੀਆਂ ਨੇ ਮਾਤਾ ਨੂੰ ਗੱਲਾਂ ਵਿੱਚ ਉਲਝਾਇਆ ਅਤੇ ਸੁੰਨਸਾਨ ਥਾਂ ਦੇਖ ਕੇ ਚਾਕੂ ਦਿਖਾ ਕੇ ਡਰਾਇਆ। ਮੁਲਜ਼ਮਾਂ ਨੇ ਮਾਤਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲ਼ੀਆਂ ਜ਼ਬਰਦਸਤੀ ਉਤਾਰ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਮਾਤਾ ਬੇਹੱਦ ਸਹਿਮੀ ਹੋਈ ਹੈ।
-ਬਾਕਸ-
-ਈ-ਰਿਕਸ਼ਾ ਦੀ ਆੜ 'ਚ ਵਧਦਾ ਅਪਰਾਧ, ਨਿਸ਼ਾਨਾ ਬਣਾ ਰਿਹੈ 'ਨੀਲਾ ਈ-ਰਿਕਸ਼ਾ' ਗਿਰੋਹ
ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਠਿੰਡਾ ਸ਼ਹਿਰ ਵਿੱਚ ਈ-ਰਿਕਸ਼ਾ ਦੀ ਭਰਮਾਰ ਹੋ ਗਈ ਹੈ। ਜਦੋਂ ਦੇ ਇਹ ਰਿਕਸ਼ਾ ਸੜਕਾਂ 'ਤੇ ਦੌੜਨ ਲੱਗ ਗਏ ਹਨ, ਉਦੋਂ ਤੋਂ ਹੀ ਕਈ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੇ ਇਸ ਦੀ ਆੜ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਰਿਕਸ਼ਾ ਚਾਲਕ ਦੇ ਰੂਪ ਵਿੱਚ ਇਹ ਲੁਟੇਰੇ ਸਵਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਸੁੰਨਸਾਨ ਰਾਹਾਂ 'ਤੇ ਲਿਜਾ ਕੇ ਵਾਰਦਾਤ ਕਰਦੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸੇ ਨੀਲੇ ਰੰਗ ਦੇ ਈ-ਰਿਕਸ਼ਾ 'ਤੇ ਸਵਾਰ ਮੁਟਿਆਰ ਤੇ ਰਿਕਸ਼ਾ ਚਾਲਕ ਨੇ ਇਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਸੀ। ਉਸ ਵਾਰਦਾਤ ਦੌਰਾਨ ਮੁਟਿਆਰ ਨੇ ਵਿਅਕਤੀ ਨੂੰ ਦੰਦੀਆਂ ਵੱਢ ਕੇ ਜ਼ਖ਼ਮੀ ਕਰ ਦਿੱਤਾ ਸੀ ਤੇ ਉਸ ਦੀ ਜੇਬ ਵਿੱਚੋਂ 1400-1500 ਰੁਪਏ ਕੱਢ ਲਏ ਸਨ। ਇਸ ਨਵੇਂ ਗਿਰੋਹ ਨੇ ਪੂਰੇ ਸ਼ਹਿਰ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਇਸੇ ਤਰ੍ਹਾਂ ਇੱਕ ਹੋਰ ਵਾਰਦਾਤ ਵਿੱਚ ਈ ਰਿਕਸ਼ਾ ਚਲਾਉਣ ਵਾਲੀ ਮਹਿਲਾ ਨੇ ਇਕ ਦਿਵਿਆਂਗ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ,ਪਰ ਰੌਲ਼ਾ ਪੈਂਦਿਆਂ ਹੀ ਭੀੜ ਇਕੱਠੀ ਹੋ ਗਈ, ਜਿਸ ਨੇ ਉਕਤ ਔਰਤ ਨੂੰ ਫੜ ਲਿਆ ਤੇ ਦਿਵਿਆਂਗ ਬਜ਼ੁਰਗ ਵਿਅਕਤੀ ਦੀ ਜਾਨ ਬਚਾਈ।