ਕੋਟਸ਼ਮੀਰ ਵਿੱਚ ਵਿਕਾਸ ਕਾਰਜਾਂ ਨੇ ਫੜ੍ਹੀ ਰਫ਼ਤਾਰ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਅਹਿਮ ਪ੍ਰੋਜੈਕਟ

-ਛੱਪੜ ਤੇ ਸੀਵਰੇਜ ਦਾ ਪਾਣੀ ਪਲਾਂਟ ਤਕ ਲਿਆ ਕੇ ਕੀਤੀ ਜਾਵੇਗੀ ਵਿਗਿਆਨਕ ਢੰਗ ਨਾਲ ਸਫ਼ਾਈ
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ. ਕੋਟਸ਼ਮੀਰ
ਬਠਿੰਡਾ ਦਿਹਾਤੀ ਦੇ ਪਿੰਡ ਕੋਟ ਸ਼ਮੀਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੇ ਹੁਣ ਰਫ਼ਤਾਰ ਫੜ ਲਈ ਹੈ। ਪਿੰਡ ਵਿਚ ਬਣ ਰਹੇ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਇਲਾਕੇ ਦੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟਾਂ ਵਿੱਚੋਂ ਇਕ ਮੰਨਿਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ, ਸਗੋਂ ਪਿੰਡ ਦੇ ਵਾਤਾਵਰਨ ਅਤੇ ਸਿਹਤ ਪ੍ਰਣਾਲੀ ਵਿੱਚ ਵੀ ਵੱਡਾ ਸੁਧਾਰ ਆਉਣ ਦੀ ਉਮੀਦ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਲਗਭਗ 19.66 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ। ਇਸ ਪ੍ਰੋਜੈਕਟ ਤਹਿਤ ਬਣ ਰਹੇ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦਾ ਕੰਮ 5 ਦਸੰਬਰ 2024 ਤੋਂ ਦਿਨ-ਰਾਤ ਜਾਰੀ ਹੈ। ਯੋਜਨਾ ਅਨੁਸਾਰ ਪਿੰਡ ਦੇ ਛੱਪੜ ਅਤੇ ਸੀਵਰੇਜ ਦਾ ਪਾਣੀ ਪਲਾਂਟ ਤਕ ਲਿਆਂਦਾ ਜਾਵੇਗਾ, ਜਿੱਥੇ ਇਸਦੀ ਵਿਗਿਆਨਕ ਢੰਗ ਨਾਲ ਸਫ਼ਾਈ ਕੀਤੀ ਜਾਵੇਗੀ।
ਇਸ ਸਬੰਧੀ ਜੇਈ. ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪ੍ਰੋਜੈਕਟ ਦਾ ਕਰੀਬ 65 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਬਾਕੀ ਰਹਿੰਦਾ ਕੰਮ ਜੁਲਾਈ ਮਹੀਨੇ ਤੱਕ ਪੂਰਾ ਕਰਕੇ ਪਲਾਂਟ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪਲਾਂਟ ਹਰ ਰੋਜ਼ ਕਰੀਬ 20 ਲੱਖ ਲੀਟਰ ਪਾਣੀ ਸਾਫ਼ ਕਰਨ ਦੀ ਸਮਰੱਥਾ ਰੱਖੇਗਾ, ਜਿਸ ਨਾਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਸੰਭਾਲ ਵਿੱਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਪਿੰਡ ਦੇ ਸਾਬਕਾ ਪ੍ਰਧਾਨ ਰਮਨਦੀਪ ਕੌਰ ਦੇ ਪੁੱਤਰ ਬਲਦੀਪ ਸਿੱਧੂ ਨੇ ਕਿਹਾ ਕਿ ਇਹ ਪ੍ਰੋਜੈਕਟ ਕੋਟ ਸ਼ਮੀਰ ਦੇ ਭਵਿੱਖ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਪਲਾਂਟ ਦੇ ਚਾਲੂ ਹੋਣ ਨਾਲ ਪਿੰਡ ਦੀਆਂ ਗਲੀਆਂ ਤੇ ਛੱਪੜਾਂ ’ਚ ਖੜ੍ਹੇ ਗੰਦੇ ਪਾਣੀ ਤੋਂ ਛੁਟਕਾਰਾ ਮਿਲੇਗਾ, ਜਿਸ ਨਾਲ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਘਟੇਗਾ ਅਤੇ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਮਿਲੇਗਾ। ਬਲਦੀਪ ਸਿੱਧੂ ਨੇ ਕਿਹਾ ਕਿ ਟ੍ਰੀਟਮੈਂਟ ਪਲਾਂਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਸਾਫ਼ ਕੀਤਾ ਗਿਆ ਪਾਣੀ ਖੇਤੀਬਾੜੀ ਅਤੇ ਹੋਰ ਵਰਤੋਂ ਲਈ ਦੁਬਾਰਾ ਇਸਤੇਮਾਲ ਕੀਤਾ ਜਾ ਸਕੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਇਸ ਨਾਲ ਕਿਸਾਨਾਂ ਨੂੰ ਵੀ ਲਾਭ ਮਿਲੇਗਾ ਕਿਉਂਕਿ ਟ੍ਰੀਟ ਕੀਤਾ ਪਾਣੀ ਖੇਤਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ ਅਤੇ ਖਾਦਾਂ ਦੀ ਵਰਤੋਂ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੇ ਪ੍ਰੋਜੈਕਟ ਪਿੰਡਾਂ ਦੀ ਤਰੱਕੀ ਤੇ ਵਾਤਾਵਰਨ ਸੰਭਾਲ ਲਈ ਬਹੁਤ ਜ਼ਰੂਰੀ ਹਨ।
ਪਿੰਡ ਵਾਸੀਆਂ ਨੇ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਸੰਤੁਸ਼ਟੀ ਜਤਾਈ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪਿੰਡ ਵਿੱਚ ਗੰਦੇ ਪਾਣੀ ਦੀ ਸਮੱਸਿਆ ਵੱਡੀ ਚੁਣੌਤੀ ਬਣੀ ਹੋਈ ਸੀ, ਪਰ ਹੁਣ ਇਸ ਪਲਾਂਟ ਦੇ ਬਣਨ ਨਾਲ ਹਾਲਾਤ ਬਦਲਣ ਦੀ ਆਸ ਜਗੀ ਹੈ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਇਹ ਵਿਕਾਸ ਕਾਰਜ ਨਾ ਸਿਰਫ਼ ਸਿਹਤਮੰਦ ਮਾਹੌਲ ਬਣਾਉਣ ਵਿਚ ਸਹਾਇਕ ਹੋਣਗੇ, ਸਗੋਂ ਕੋਟਸ਼ਮੀਰ ਦੀ ਤਰੱਕੀ ਨੂੰ ਵੀ ਨਵੀਂ ਦਿਸ਼ਾ ਦੇਣਗੇ।