ਸੰਵਾਦ ਪ੍ਰੋਗਰਾਮ ਰਾਹੀਂ ਪਿੰਡਾਂ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ, ਰੋਜ਼ਗਾਰ ਅਤੇ ਨਸ਼ਾ ਮੁਕਤੀ ਪ੍ਰਤੀ ਜਾਗਰੂਕ ਕੀਤਾ

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਪਿੰਡਾਂ ਦੇ ਨੌਜਵਾਨਾਂ ਨੂੰ ਰੋਜ਼ਗਾਰਮੁਖੀ ਸਿੱਖਿਆ ਦੇ ਮੌਕਿਆਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਕੇਂਦਰੀ ’ਵਰਸਿਟੀ (ਸੀਯੂ ਪੰਜਾਬ) ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਵਿਸ਼ੇਸ਼ ਕਮਿਊਨਿਟੀ ਇੰਟਰੈਕਸ਼ਨ ਪ੍ਰੋਗਰਾਮ ਆਯੋਜਿਤ ਕੀਤਾ। ਪ੍ਰੋਗਰਾਮ ਵਿੱਚ 10 ਪਿੰਡਾਂ ਤੋਂ ਲਗਭਗ 100 ਪਤਵੰਤਿਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਰਪੰਚ, ਸਥਾਨਕ ਨੌਜਵਾਨ ਤੇ ਭਾਈਚਾਰੇ ਦੇ ਮੈਂਬਰ ਸ਼ਾਮਲ ਸਨ। ਭਾਗੀਦਾਰਾਂ ਨੂੰ ਸੀਯੂ ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਛੇ ਨਵੇਂ ਐਨਸੀਵੀਈਟੀ ਮਨਜ਼ੂਰਸ਼ੁਦਾ ਸਕਿੱਲ ਡਿਵੈਲਪਮੈਂਟ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਸਭਾ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਰਾਸ਼ਟਰੀ ਸਕਿੱਲ ਯੋਗਤਾ ਫਰੇਮਵਰਕ ਅਧੀਨ ਸ਼ੁਰੂ ਕੀਤੇ ਗਏ ਤੇ ਭਾਰਤ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ ਮੰਤਰਾਲੇ ਅਧੀਨ ਰਾਸ਼ਟਰੀ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਕੌਂਸਲ (ਐਨਸੀਵੀਈਟੀ) ਵੱਲੋਂ ਮਨਜ਼ੂਰਸ਼ੁਦਾ ਇਨ੍ਹਾਂ ਛੇ ਰੁਜ਼ਗਾਰਪਰਕ ਕੋਰਸਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਕਿੱਲ ਆਧਾਰਿਤ ਸਿੱਖਿਆ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾ ਸਕਦੀ ਹੈ ਤੇ ਯੂਨੀਵਰਸਿਟੀਆਂ ਨੂੰ ਸਿਰਫ ਡਿਗਰੀਆਂ ਦੇਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਜੋ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਨਹੀਂ ਕਰ ਸਕੇ, ਉਨ੍ਹਾਂ ਲਈ ਰੁਜ਼ਗਾਰਮੁਖੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਤਮ-ਨਿਰਭਰ ਬਣ ਸਕਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਨੇ ਨੌਜਵਾਨਾਂ ਤੇ ਸਮਾਜ ਨੂੰ ਸਕਿੱਲ ਡਿਵੈਲਪਮੈਂਟ ਤੇ ਸਕਾਰਾਤਮਕ ਭਾਗੀਦਾਰੀ ਰਾਹੀਂ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਲਈ ਮਿਲ-ਜੁਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਪ੍ਰੋ. ਵਾਈਸ-ਚਾਂਸਲਰ ਪ੍ਰੋ. ਕਿਰਣ ਹਜ਼ਾਰਿਕਾ ਨੇ ਕਿਹਾ ਕਿ ਇਹ ਕੋਰਸ ਨੌਜਵਾਨਾਂ ਨੂੰ ਬਿਜਲੀ, ਪਲੰਬਿੰਗ, ਕੰਪਿਊਟਰ, ਅਕਾਊਂਟਿੰਗ, ਸਿਹਤ ਸੇਵਾ ਅਤੇ ਤਕਨੀਕੀ ਖੇਤਰਾਂ ਵਿੱਚ ਵਿਹਾਰਕ ਹੁਨਰ ਪ੍ਰਦਾਨ ਕਰਨਗੇ, ਜਿਸ ਨਾਲ ਉਨ੍ਹਾਂ ਲਈ ਰੋਜ਼ਗਾਰ, ਉੱਦਮਤਾ ਤੇ ਸਵੈ-ਰੁਜ਼ਗਾਰ ਦੇ ਨਵੇਂ ਮੌਕੇ ਖੁਲ੍ਹਣਗੇ। ਰਜਿਸਟਰਾਰ ਡਾ. ਵਿਜੈ ਸ਼ਰਮਾ ਨੇ ਦੱਸਿਆ ਕਿ ਇਹ ਕੋਰਸ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਦੇ ਰਾਸ਼ਟਰੀ ਵਿਜ਼ਨ ਅਨੁਸਾਰ ਨੌਜਵਾਨਾਂ ’ਚ ਰੁਜ਼ਗਾਰ ਯੋਗਤਾ, ਆਤਮਨਿਰਭਰਤਾ ਅਤੇ ਹੁਨਰ ਸਿਖਲਾਈ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਅੰਤ ’ਚ ਵਿੱਤ ਅਧਿਕਾਰੀ ਡਾ. ਰਾਜਕੁਮਾਰ ਸ਼ਰਮਾ ਨੇ ਤਰੱਕੀ ਦੇ ਮੌਕਿਆਂ ਤੋਂ ਵਾਂਝੇ ਵਰਗਾਂ ਦੇ ਵੱਧ ਤੋਂ ਵੱਧ ਨੌਜਵਾਨਾਂ ਤੱਕ ਇਨ੍ਹਾਂ ਪ੍ਰਵਰਤਨਕਾਰੀ ਮੌਕਿਆਂ ਬਾਰੇ ਜਾਗਰੂਕਤਾ ਪਹੁੰਚਾਉਣ ਲਈ ’ਵਰਸਿਟੀ ਦੀ ਵਚਨਬੱਧਤਾ ਦੁਹਰਾਈ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਪ੍ਰੋ. ਸੰਜੀਵ ਠਾਕੁਰ, ਡਾ. ਸੰਜੀਵ ਮੰਡੇਰ ਤੇ ਯੂਨੀਵਰਸਿਟੀ ਮੈਡੀਕਲ ਅਫਸਰ ਡਾ. ਆਕਾਸ਼ ਪ੍ਰਕਾਸ਼ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਅਤੇ ਭਾਗੀਦਾਰਾਂ ਨੂੰ ਨਸ਼ਾ ਮੁਕਤੀ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੂਨੀਵਰਸਿਟੀ ਦੀਆਂ ਵਿਆਪਕ ਸਮੁਦਾਇਕ ਪਹਿਲਕਦਮੀਆਂ ਬਾਰੇ ਜਾਗਰੂਕ ਕੀਤਾ। ਪਿੰਡਾਂ ਦੇ ਸਰਪੰਚਾਂ ਅਤੇ ਸਥਾਨਕ ਲੋਕਾਂ ਨੇ ਪਿੰਡਾਂ ਵਿੱਚ ਨੌਜਵਾਨਾਂ ਲਈ ਆਸਾਨੀ ਨਾਲ ਉਪਲਬਧ ਕੈਰੀਅਰ ਮੌਕਿਆਂ ਬਾਰੇ ਜਾਗਰੂਕਤਾ ਫੈਲਾਉਣ ਤੇ ਨਸ਼ਾ ਮੁਕਤੀ ਲਈ ਯੂਨੀਵਰਸਿਟੀ ਦੀ ਸਰਗਰਮ ਸਮਾਜਿਕ ਪਹੁੰਚ ਦੀ ਸ਼ਲਾਘਾ ਕੀਤੀ।