ਜੀਦਾ ਵਿਖੇ ਫੈਕਟਰੀ ਕਾਮਿਆਂ ਵੱਲੋਂ ਜਾਰੀ ਸੰਘਰਸ਼ ਦੀ ਕੀਤੀ ਹਮਾਇਤ
29 ਅਪ੍ਰੈਲ ਨੂੰ ਐਡਵੋਕੇਟ ਐਨਕੇ ਜੀਤ ਦੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚਣ ਦਾ ਸੱਦਾ
Publish Date: Sun, 26 Apr 2026 04:47 PM (IST)
Updated Date: Mon, 27 Apr 2026 04:05 AM (IST)
-29 ਨੂੰ ਐਡਵੋਕੇਟ ਐਨਕੇ ਜੀਤ ਦੇ ਸ਼ਰਧਾਂਜਲੀ ਸਮਾਗਮ ’ਚ ਪੁੱਜਣ ਦਾ ਸੱਦਾ
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਚੱਕ ਫਤਿਹ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸੇ ਦੌਰਾਨ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ’ਚ ਐਡਵੋਕੇਟ ਲੋਕ ਪੱਖੀ ਜਮਹੂਰੀ ਹੱਕਾਂ ਦੇ ਕਾਰਕੁੰਨ ਆਗੂ ਐੱਨਕੇ ਜੀਤ ਦੇ 29 ਅਪ੍ਰੈਲ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸਰਧਾਂਜਲੀ ਸਮਾਗਮ ਵਿਚ ਵੱਧ ਤੋਂ ਵੱਧ ਪਹੁੰਚਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਅਸਥੀਆਂ ਨੂੰ ਹੁਸੈਨੀ ਵਾਲਾ ਵਿਖੇ ਜਾਣ ਸਮੇਂ ਵੀ ਜਥੇਬੰਦੀ ਵੱਲੋਂ ਜ਼ੋਰ ਨਾਲ ਕਾਫਲੇ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਐੱਨਕੇ ਜੀਤ ਵੱਲੋਂ ਕਿਸਾਨਾਂ ਮਜਦੂਰਾਂ ਦੇ ਅੰਦੋਲਨਾਂ ਦੌਰਾਨ ਉਨ੍ਹਾਂ ’ਤੇ ਸਰਕਾਰ ਵੱਲੋਂ ਢਾਹੇ ਜਬਰ ਤੇ ਝੂਠੇ ਪਰਚੇ ਦਰਜ ਕਰਨ ਤੇ ਅਦਾਲਤਾਂ ਵਿਚ ਬਿਨਾਂ ਕਿਸੇ ਲਾਲਚ ਅਤੇ ਪੂਰੀ ਲਗਨ ਨਾਲ ਕਿਸਾਨਾਂ ਮਜ਼ਦੂਰਾਂ ਦੀ ਵਕਾਲਤ ਕੀਤੀ ਹੈ।
ਉਨ੍ਹਾਂ ਨੇ ਹਰ ਜਬਰ ਵਿਰੁੱਧ ਬਿਨਾਂ ਕਿਸੇ ਲਾਲਚ ਦੇ ਸਰਕਾਰ ਤੇ ਸਰਕਾਰਾਂ ਦੀ ਸਹਿ ਪ੍ਰਸਤ ਗੁੰਡਾ ਗਿਰੋਹਾਂ ਵੱਲੋਂ ਲੋਕਾਂ ਨਾਲ ਧੱਕਾ ਕਰਨ ਵਾਲਿਆਂ ਖਿਲਾਫ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗਰੀਬ ਲੋਕਾਂ ਦੀ ਵਕਾਲਤ ਕੀਤੀ ਹੈ, ਜਿਸ ਦੀ ਮਿਸਾਲ ਫਰੀਦਕੋਟ ਵਿਖੇ ਇਕ ਨਾਬਾਲਗ ਕੁੜੀ ਨੂੰ ਉਥੋਂ ਦੇ ਸਰਕਾਰੀ ਸਹਿ ਪ੍ਰਾਪਤ ਗੁੰਡਿਆਂ ਵੱਲੋਂ ਅਗਵਾ ਕਰ ਕੇ ਲਿਜਾਣ ਵਿਰੁੱਧ ਫਰੀਦਕੋਟ ਦੀ ਅਦਾਲਤ ’ਚ ਉਸ ਗਰੀਬ ਪਿਤਾ ਦੀ ਧੀ ਦੇ ਪੱਖ ’ਚ ਵਕਾਲਤ ਕੀਤੀ ਤੇ ਗੁੰਡੇ ਦੋਸ਼ੀਆਂ ਨੂੰ ਉਮਰ ਭਰ ਲਈ ਜੇਲ੍ਹਾਂ ਵਿੱਚ ਕੈਦ ਕਰਵਾਇਆ। ਮੀਟਿੰਗ ਵਿਚ ਜੀਦਾ ਵਿਖੇ ਫੈਕਟਰੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਤੇ ਉਨ੍ਹਾਂ ਦੇ ਹਰ ਅੰਦੋਲਨ ’ਚ ਸ਼ਾਮਲ ਹੋਇਆ ਜਾਵੇਗਾ।
ਇਸ ਮੌਕੇ ਹਰਿੰਦਰ ਕੌਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ ਕੋਠਾ ਗੁਰੂ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਜਗਦੇਵ ਸਿੰਘ ਜੋਗੇਵਾਲਾ, ਮਾਸਟਰ ਨਛੱਤਰ ਸਿੰਘ ਢੱਡੇ, ਗੁਲਾਬ ਸਿੰਘ ਜਿਉਂਦ, ਅਵਤਾਰ ਸਿੰਘ ਪੂਹਲਾ, ਸਿਮਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾ ਗੁਰੂ, ਗੁਰਪਾਲ ਸਿੰਘ ਦਿਓਣ, ਰਾਮ ਸਿੰਘ ਕੋਟਗੁਰੂ, ਹਰਪ੍ਰੀਤ ਸਿੰਘ ਚੱਠੇ ਵਾਲਾ ਰਣਜੋਧ ਸਿੰਘ ਮਾਹੀਂ ਨੰਗਲ, ਰਾਜਵਿੰਦਰ ਸਿੰਘ ਰਾਮਨਗਰ, ਗੁਰਦੀਪ ਸਿੰਘ ਮਾਈਸਰਖਾਨਾ ਵੀ ਸ਼ਾਮਲ ਸਨ।