ਜੇਈ ਕੌਸ਼ਲ ਦੀ ਮੁਅੱਤਲੀ ਰੱਦ ਕਰਵਾਉਣ ਲਈ ਦਿੱਤਾ ਧਰਨਾ
ਮਾਮਲਾ ਮੁੱਖ ਮੰਤਰੀ ਵੱਲੋਂ ਬਿਨਾਂ ਜਾਂਚ ਪੜਤਾਲ ਤੇ ਜੇਈ ਦੀ ਮੁਅੱਤਲੀ ਦਾ
Publish Date: Fri, 17 Apr 2026 06:00 PM (IST)
Updated Date: Sat, 18 Apr 2026 04:06 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਕ ਪਿੰਡ ਦੇ ਸਰਪੰਚ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਬਿਨਾਂ ਜਾਂਚ ਪੜਤਾਲ ਕੀਤੇ ਬਿਜਲੀ ਬੋਰਡ ਦੇ ਉਪ ਮੰਡਲ ਦਫਤਰ ਕੋਟਸ਼ਮੀਰ ਵਿਖੇ ਤਾਇਨਾਤ ਜੇਈ ਕੌਸ਼ਲ ਜੈਨ ਨੂੰ ਮੁਅੱਤਲ ਕਰਨ ਤੇ ਦੇ ਵਿਰੋਧ ਵਿਚ ਪੀਐੱਸਈਬੀ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਏਕਤਾ ਮੰਚ ਅਧੀਨ ਆਉਣ ਵਾਲੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮੌੜ ਮੰਡਲ ਦਫਤਰ ਅੱਗੇ ਰੋਸ ਧਰਨਾ ਲਗਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਹ ਆਰਡਰ ਮੁੱਖ ਇੰਜੀਨੀਅਰ ਵੰਡ ਪੱਛਮ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਸੀ, ਜਿਸ ਦੀ ਸਮੂਹ ਜਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਸੀ। 9 ਅਪ੍ਰੈਲ ਨੂੰ ਮੰਡਲ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਜੇਕਰ 15 ਅਪ੍ਰੈਲ 2026 ਤਕ ਮੁਅੱਤਲੀ ਦੇ ਆਰਡਰ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰੰਤੂ ਅੱਜ ਤਕ ਕੋਈ ਹੱਲ ਨਾ ਕਰਨ ’ਤੇ ਸਾਨੂੰ ਇਹ ਧਰਨਾ ਦੇਣ ਤੇ ਮਜਬੂਰ ਹੋਣਾ ਪਿਆ। ਉਨ੍ਹਾਂ ਇਸ ਧਰਨੇ ਦੌਰਾਨ ਐਲਾਨ ਕੀਤਾ ਕਿ 17 ਅਪ੍ਰੈਲ ਤੋਂ ਮੌੜ ਮੰਡੀ ਡਿਵੀਜ਼ਨ ਅਧੀਨ ਆਉਂਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿਚ ਕਲੈਰੀਕਲ ਅਤੇ ਟੈਕਨੀਕਲ ਕੰਮ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ। ਜੇਕਰ ਉਨ੍ਹਾਂ ਦੀ ਇਸ ਗੱਲ ’ਤੇ ਕੋਈ ਸੁਣਵਾਈ ਨਾ ਹੋਈ ਤਾਂ ਇਸ ਦੌਰਾਨ ਪਾਵਰ ਕੰਮ ਦੇ ਖਪਤਕਾਰਾਂ ਨੂੰ ਹੋਣ ਵਾਲੀ ਕਿਸੇ ਵੀ ਪਰੇਸ਼ਾਨੀ ਤੇ ਵਿਭਾਗ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਦੀ ਜ਼ਿੰਮੇਵਾਰੀ ਵਿਭਾਗੀ ਪ੍ਰਸ਼ਾਸਨ ਦੀ ਹੋਵੇਗੀ।