ਜਨਗਣਨਾ ਦੀ ਡਿਊਟੀ ਤੋਂ ਪਰੇਸ਼ਾਨੀ: “ਜਨਾਬ! ਸਿਹਤ ਖਰਾਬ ਰਹਿੰਦੀ ਏ, ਡਿਊਟੀ ਤਾਂ ਕੱਟ ਦਿਓ”

-ਡਿਊਟੀ ਕੱਟਵਾਉਣ ਲਈ ਸਿਆਸੀ ਆਗੂਆਂ ਤੋਂ ਅਧਿਕਾਰੀਆਂ ਨੂੰ ਕਰਵਾਏ ਜਾ ਰਹੇ ਨੇ ਫੋਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
“ਜਨਾਬ! ਸਿਹਤ ਖਰਾਬ ਰਹਿੰਦੀ ਏ, ਜਨਗਣਨਾ ਤੋਂ ਡਿਊਟੀ ਕੱਟ ਦਿਓ।” “ਮੈਂ ਤੁਹਾਡੀ ਰਿਸ਼ਤੇਦਾਰੀ ਵਿੱਚੋਂ ਹਾਂ, ਮੇਰੇ ਕੋਲ ਦਫ਼ਤਰ ਦਾ ਵੀ ਬਹੁਤ ਕੰਮ ਹੈ। “ਅਸੀਂ ਵਿਦੇਸ਼ ਜਾਣਾ ਹੈ ਤੇ ਟਿਕਟਾਂ ਵੀ ਬੁੱਕ ਹਨ, ਤੁਸੀਂ ਚੈੱਕ ਵੀ ਕਰ ਸਕਦੇ ਹੋ। ਘਰ ਵਿੱਚ ਕੰਮ ਕਰਨ ਵਾਲੀ ਮੈਂ ਇਕੱਲੀ ਹਾਂ ਜੀ ਅਤੇ ਸੱਸ ਸਹੁਰਾ ਬਹੁਤ ਬਜ਼ੁਰਗ ਹਨ। ਇਸ ਲਈ ਜਨਗਣਨਾਂ ਵਿੱਚੋਂ ਡਿਊਟੀ ਕੱਟ ਦਿਓ। ਇਸ ਤਰ੍ਹਾਂ ਦੇ ਕਈ ਬਹਾਨੇ ਜਨਗਣਨਾ ਪ੍ਰਕਿਰਿਆ ਵਿੱਚ ਲੱਗੇ ਕਰਮਚਾਰੀਆਂ ਵੱਲੋਂ ਆਪਣੇ ਅਧਿਕਾਰੀਆਂ ਅੱਗੇ ਲਗਾਏ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੀ ਜਨਗਣਨਾ ਵਾਲੀ ਡਿਊਟੀ ਕੱਟੀ ਜਾ ਸਕੇ।
ਹਾਲਾਤ ਅਜਿਹੇ ਹਨ ਕਿ ਅਧਿਕਾਰੀਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਜਨਗਣਨਾ ਦੀਆਂ ਤਿਆਰੀਆਂ ਕਰਨ ਜਾਂ ਫਿਰ ਕਰਮਚਾਰੀਆਂ ਦੀਆਂ ਡਿਊਟੀਆਂ ਕੱਟਣ ਦੀ ਜ਼ਿੰਮੇਵਾਰੀ ਨਿਭਾਉਣ। ਸਟਾਫ ਸਵੇਰੇ ਹੀ ਦਫ਼ਤਰਾਂ ਵਿੱਚ ਪਹੁੰਚ ਕੇ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰਨ ਲੱਗ ਪੈਂਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸਦੀ ਡਿਊਟੀ ਕੱਟ ਦਿੱਤੀ ਜਾਵੇ। ਕਾਰਨ ਇਹ ਹੈ ਕਿ ਜਨਗਣਨਾ ਲਈ ਕਈ ਟ੍ਰੇਨਿੰਗਾਂ ਹੋ ਚੁੱਕੀਆਂ ਹਨ। ਪਹਿਲਾਂ ਹੋਈਆਂ ਟ੍ਰੇਨਿੰਗਾਂ ਵਿੱਚ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ।
ਇਸ ਦੇ ਬਾਵਜੂਦ ਕਰਮਚਾਰੀ ਜਨਗਣਨਾ ਤੋਂ ਬਚਣ ਲਈ ਡਿਊਟੀ ਕਟਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਡਿਊਟੀ ਕੱਟੀ ਜਾਂਦੀ ਹੈ ਤਾਂ ਉਸਦੀ ਥਾਂ ਹੋਰ ਕਰਮਚਾਰੀ ਨੂੰ ਮੁੜ ਸਾਰੀ ਟ੍ਰੇਨਿੰਗ ਦੇਣੀ ਪੈਂਦੀ ਹੈ। ਇਸ ਕਾਰਨ ਹੁਣ ਕੇਵਲ ਖ਼ਾਸ ਹਾਲਾਤਾਂ ਵਿੱਚ ਹੀ ਡਿਊਟੀ ਕੱਟੀ ਜਾ ਰਹੀ ਹੈ। ਜਦਕਿ ਟ੍ਰੇਨਿੰਗ ਤੋਂ ਪਹਿਲਾਂ ਹੀ ਡਿਊਟੀ ਕਟਵਾਉਣ ਵਾਲਿਆਂ ਦੀ ਦਫ਼ਤਰਾਂ ਵਿੱਚ ਹੋੜ ਲੱਗਣੀ ਸ਼ੁਰੂ ਹੋ ਜਾਂਦੀ ਹੈ। ਕਾਰਨ ਇਹ ਹੈ ਕਿ ਜਿਸਦੀ ਟ੍ਰੇਨਿੰਗ ਹੋ ਜਾਂਦੀ ਹੈ, ਉਸ ਨੂੰ ਡਿਊਟੀ ਕਰਨੀ ਹੀ ਪੈਂਦੀ ਹੈ। ਇਸ ਕਾਰਨ ਬਹੁਤ ਸਾਰੇ ਮੁਲਜ਼ਮ ਪਹਿਲੀ ਟ੍ਰੇਨਿੰਗ ਵਿੱਚੋਂ ਗੈਰ ਹਾਜ਼ਰ ਰਹੇ ਸਨ। ਪ੍ਰਸ਼ਾਸਨ ਵੱਲੋਂ ਫਿਲਹਾਲ ਉਨ੍ਹਾਂ ਮਹਿਲਾਵਾਂ ਨੂੰ ਹੀ ਡਿੳਟੀ ਤੋਂ ਛੋਟ ਦਿੱਤੀ ਜਾ ਰਹੀ ਹੈ ਜਿਹੜੀਆਂ ਮਹਿਲਾਵਾਂ ਗਰਭਵਤੀ ਹਨ ਜਾਂ ਜਿਨ੍ਹਾਂ ਦੇ ਬੱਚੇ ਦੀ ਉਮਰ ਡੇਢ ਸਾਲ ਤੋਂ ਘੱਟ ਹੈ। ਇਸ ਤੋਂ ਇਲਾਵਾ 40 ਫੀਸਦੀ ਤੋਂ ਵੱਧ ਦਿਵਿਆਂਗ ਕਰਮਚਾਰੀਆਂ ਨੂੰ ਵੀ ਡਿਊਟੀ ਤੋਂ ਛੋਟ ਦਿੱਤੀ ਗਈ ਹੈ।
ਜਨਗਣਨਾ ਪ੍ਰਕਿਰਿਆ ਤਹਿਤ 15 ਮਈ ਤੋਂ ਘਰ-ਘਰ ਜਾ ਕੇ ਸਰਵੇ ਕਰਨਾ ਹੋਵੇਗਾ। ਇਸ ਲਈ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਇਨਯੂਮੇਰਟਰ ਲਗਾਇਆ ਗਿਆ ਹੈ। ਇਹ ਕਰਮਚਾਰੀ ਘਰ-ਘਰ ਜਾ ਕੇ ਇਹ ਜਾਂਚ ਕਰਨਗੇ ਕਿ ਲੋਕਾਂ ਨੇ ਆਪਣੀ ਸਵੈ-ਗਣਨਾ ਕੀਤੀ ਹੈ ਜਾਂ ਨਹੀਂ। ਜੇਕਰ ਨਹੀਂ ਕੀਤੀ ਤਾਂ ਉਹ ਮੌਕੇ ’ਤੇ ਹੀ ਉਨ੍ਹਾਂ ਦੀ ਸਵੈ-ਗਣਨਾ ਕਰਵਾਉਣਗੇ। ਜੇਕਰ ਕਰ ਲਈ ਹੈ ਤਾਂ ਮਕਾਨ ਮਾਲਕ ਤੋਂ ਜਨਰੇਟ ਹੋਈ ਸੈਲਫ ਆਈਡੀ ਲਈ ਜਾਵੇਗੀ। ਇਸ ਕਾਰਨ ਸਟਾਫ ਇਸ ਪ੍ਰਕਿਰਿਆ ਤੋਂ ਬਚਣ ਲਈ ਡਿਊਟੀ ਕਟਵਾਉਣਾ ਚਾਹੁੰਦਾ ਹੈ।
-ਬਾਕਸ-
-ਕਿਸੇ ਦੀ ਵੀ ਡਿਊਟੀ ਬਿਨਾਂ ਢੁੱਕਵੇਂ ਕਾਰਨ ਦੇ ਨਹੀਂ ਕੱਟਾਂਗੇ : ਅਧਿਕਾਰੀ
ਖ਼ਾਸ ਕਰਕੇ ਅਧਿਆਪਕ ਇਸ ਲਈ ਡਿਊਟੀ ਕਟਵਾਉਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਇਨ੍ਹੀ ਗਰਮੀ ਵਿੱਚ ਘਰ-ਘਰ ਜਾਣਾ ਮੁਸ਼ਕਲ ਬਣ ਜਾਂਦਾ ਹੈ। ਡਿਊਟੀ ਕਟਵਾਉਣ ਵਾਲਿਆਂ ’ਚ ਸਭ ਤੋਂ ਵੱਧ ਗਿਣਤੀ ਅਧਿਆਪਕਾਂ ਦੀ ਹੈ। ਇਸ ਦੇ ਚਲਦੇ ਸਟਾਫਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਡਿਊਟੀ ਕਟਵਾਉਣ ਲਈ ਵੱਖ-ਵੱਖ ਬਹਾਨੇ ਬਣਾਏ ਜਾ ਰਹੇ ਹਨ। ਕਈ ਕਰਮਚਾਰੀ ਤਾਂ ਰਾਜਨੀਤਿਕ ਆਗੂਆਂ ਰਾਹੀਂ ਵੀ ਸਿਫ਼ਾਰਸ਼ਾਂ ਲਗਵਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਸੱਤਾਧਾਰੀ ਧਿਰ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਡਿਊਟੀਆਂ ਕਟਵਾਉਣ ਲਈ ਫੋਨ ਆ ਰਹੇ ਹਨ। ਉੱਧਰ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਦੀ ਵੀ ਡਿਊਟੀ ਬਿਨਾਂ ਢੁੱਕਵੇਂ ਕਾਰਨ ਦੇ ਨਹੀਂ ਕੱਟੀ ਜਾਵੇਗੀ। ਮੈਡੀਕਲ ਆਧਾਰ ’ਤੇ ਵੀ ਕੇਵਲ ਉਸੇ ਕਰਮਚਾਰੀ ਦੀ ਡਿਊਟੀ ਕੱਟੀ ਜਾਵੇਗੀ ਜੋ ਇਸ ਸਬੰਧੀ ਪੱਕਾ ਪ੍ਰਮਾਣ ਪੱਤਰ ਪੇਸ਼ ਕਰੇਗਾ। ਬਿਨਾਂ ਕਿਸੇ ਠੋਸ ਕਾਰਨ ਦੇ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।