ਜ਼ਿਲ੍ਹੇ ਵਿੱਚ ਗਰਮੀ ਦਾ ਕਹਿਰ ਵਧਿਆ, ਤਾਪਮਾਨ 45 ਡਿਗਰੀ ਤਕ ਪਹੁੰਚਿਆ

-ਭਿਆਨਕ ਗਰਮੀ ਕਾਰਨ ਤਿੰਨ ਵਿਅਕਤੀ ਬੇਹੋਸ਼, ਦੁਪਹਿਰੇ ਸੜਕਾਂ ਤੇ ਬਾਜ਼ਾਰ ਹੋਣ ਲੱਗੇ ਸੁੰਨੇ
ਕੈਪਸ਼ਨ: ਤਸਵੀਰ)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਵਿੱਚ ਦਿਨੋ-ਦਿਨ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਜ਼ਿਲ੍ਹੇ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਲਗਾਤਾਰ ਵੱਧ ਰਹੀ ਗਰਮੀ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਾਅ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਭਿਆਨਕ ਗਰਮੀ ਕਾਰਨ ਦੁਪਹਿਰ ਸਮੇਂ ਸੜਕਾਂ ਸੁੰਨੀਆਂ ਦਿਖਾਈ ਦੇਣ ਲੱਗੀਆਂ ਹਨ ਤੇ ਬਾਜ਼ਾਰਾਂ ’ਚ ਵੀ ਲੋਕਾਂ ਦੀ ਆਵਾਜਾਈ ਘੱਟ ਹੋ ਗਈ ਹੈ। ਗਰਮੀ ਦੇ ਵਧਦੇ ਪ੍ਰਭਾਵ ਕਾਰਨ ਲੋਕ ਦੁਪਹਿਰ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ ਤੇ ਆਪਣੇ ਜ਼ਰੂਰੀ ਕੰਮ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਨਿਪਟਾ ਰਹੇ ਹਨ। ਉੱਥੇ ਹੀ ਸ਼ਹਿਰ ਵਿੱਚ ਗੰਨੇ ਦਾ ਰਸ, ਲੱਸੀ ਤੇ ਠੰਢੇ ਵੇਚਣ ਵਾਲਿਆਂ ਦੀ ਗਿਣਤੀ ਵੀ ਵੱਧਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਮਈ ਮਹੀਨੇ ਦੀ ਸ਼ੁਰੂਆਤ ’ਚ ਹੀ ਤਾਪਮਾਨ 40 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਸੀ। 1 ਮਈ ਤੋਂ ਹੁਣ ਤਕ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦਕਿ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 23.4 ਡਿਗਰੀ ਸੈਲਸੀਅਸ ਦਰਜ ਕੀਤਾ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਵਧਣ ਅਤੇ ਲੂ ਚੱਲਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ ਮੌਸਮ ਆਮ ਤੌਰ ’ਤੇ ਖੁਸ਼ਕ ਰਹੇਗਾ ਤੇ 5 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ 17 ਮਈ ਤੋਂ ਗਰਮੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਚੋਣਾਂ ਦੇ ਮਾਹੌਲ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪ੍ਰਚਾਰ ਲਈ ਮੈਦਾਨ ਵਿੱਚ ਹਨ, ਪਰ ਵਧਦੀ ਗਰਮੀ ਕਾਰਨ ਦੁਪਹਿਰ ਸਮੇਂ ਸ਼ਹਿਰ ਦੇ ਬਾਜ਼ਾਰ ਅਤੇ ਸੜਕਾਂ ਸੁੰਨੀਆਂ ਹੋਣ ਲੱਗੀਆਂ ਹਨ। ਬਹੁਤੇ ਉਮੀਦਵਾਰ ਵੀ ਸਵੇਰ ਸਮੇਂ ਹੀ ਪ੍ਰਚਾਰ ਕਰਨ ਨੂੰ ਤਰਜੀਹ ਦੇ ਰਹੇ ਹਨ।
-ਬਾਕਸ-
-ਗਰਮੀ ਕਾਰਨ ਤਿੰਨ ਵਿਅਕਤੀ ਹੋਏ ਬੇਹੋਸ਼
ਸ਼ਹਿਰ ਵਿੱਚ ਪੈ ਰਹੀ ਭਿਆਨਕ ਗਰਮੀ ਦਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਗਰਮੀ ਕਾਰਨ ਦੋ ਵੱਖ-ਵੱਖ ਥਾਵਾਂ ’ਤੇ ਤਿੰਨ ਵਿਅਕਤੀਆਂ ਦੀ ਹਾਲਤ ਗੰਭੀਰ ਹੋ ਗਈ, ਜਿਨ੍ਹਾਂ ਨੂੰ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਤੁਰੰਤ ਹਸਪਤਾਲ ਪਹੁੰਚਾ ਕੇ ਇਲਾਜ ਮੁਹੱਈਆ ਕਰਵਾਇਆ। ਪਹਿਲੀ ਘਟਨਾ ਸਥਾਨਕ ਆਵਾ ਬਸਤੀ ਦੀ ਗਲੀ ਨੰਬਰ-8 ਵਿੱਚ ਵਾਪਰੀ, ਜਿੱਥੇ ਇੱਕ ਨੌਜਵਾਨ ਭਿਆਨਕ ਗਰਮੀ ਕਾਰਨ ਬੇਹੋਸ਼ ਹਾਲਤ ਵਿੱਚ ਪਿਆ ਹੋਇਆ ਸੀ। ਟੀਮ ਨੇ ਬੇਹੋਸ਼ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਇਸੇ ਤਰ੍ਹਾਂ ਦੂਜੀ ਘਟਨਾ ਮਾਲ ਗੋਦਾਮ ਰੋਡ ’ਤੇ ਸਾਹਮਣੇ ਆਈ, ਜਿੱਥੇ ਇਕ ਸਾਈਕਲ ਸਵਾਰ ਵਿਅਕਤੀ ਗਰਮੀ ਕਾਰਨ ਚੱਕਰ ਆਉਣ ਨਾਲ ਸੜਕ ’ਤੇ ਡਿੱਗ ਪਿਆ। ਅੱਤ ਦੀ ਗਰਮੀ ਕਾਰਨ ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ’ਤੇ ਇਕ ਵਿਅਕਤੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ, ਜਿਹੜਾ ਕਿ ਸਿਰਸਾ ਦਾ ਰਹਿਣਾ ਵਾਲਾ ਸੀ।
-ਬਾਕਸ-
-ਗਰਮੀ ਤੋਂ ਬਚਾਅ ਲਈ ਲੋਕ ਵਰਤਣ ਹੇਠ ਲਿਖੀਆਂ ਸਾਵਧਾਨੀਆਂ
-ਦੁਪਹਿਰ ਸਮੇਂ ਤੇਜ਼ ਧੁੱਪ ਵਿੱਚ ਬਾਹਰ ਨਿਕਲਣ ਤੋਂ ਬਚੋ। ਜੇਕਰ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਵੱਧ ਤੋਂ ਵੱਧ ਪਾਣੀ ਤੇ ਹੋਰ ਤਰਲ ਪਦਾਰਥ ਪੀਓ। ਸਿਰ ਨੂੰ ਤੌਲੀਏ, ਪੱਗ ਜਾਂ ਕੱਪੜੇ ਨਾਲ ਢੱਕ ਕੇ ਰੱਖੋ।
-ਧੁੱਪ ਤੋਂ ਬਚਾਅ ਲਈ ਸਰੀਰ ਦੇ ਹਿੱਸੇ ਨੂੰ ਸੂਤੀ ਕੱਪੜਿਆਂ ਨਾਲ ਢੱਕ ਕੇ ਹੀ ਬਾਹਰ ਨਿਕਲੋ।
-ਅੱਖਾਂ, ਹੱਥਾਂ, ਪੈਰਾਂ ਅਤੇ ਚਿਹਰੇ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਠੰਢੇ ਤੇ ਸਾਫ਼ ਪਾਣੀ ਨਾਲ ਧੋਵੋ।
-ਖਾਣ-ਪੀਣ ਵਿੱਚ ਦਹੀਂ, ਲੱਸੀ, ਸਲਾਦ ਅਤੇ ਹੋਰ ਹਲਕੇ ਤੇ ਆਸਾਨੀ ਨਾਲ ਹਜ਼ਮ ਹੋਣ ਵਾਲੇ ਭੋਜਨ ਦੀ ਵਰਤੋਂ ਕਰੋ।
-ਖਾਲੀ ਪੇਟ ਨਾ ਰਹੋ ਤੇ ਤਾਜ਼ਾ ਤੇ ਹਲਕਾ ਭੋਜਨ ਖਾਓ।
-ਗਰਮੀਆਂ ਵਿੱਚ ਚਾਹ ਤੇ ਕਾਫੀ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
-ਕੱਟੇ ਹੋਏ, ਖੁੱਲ੍ਹੇ ਜਾਂ ਸੜੇ-ਗਲੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਨਾ ਕਰੋ।
-ਧੁੱਪ ਵਿੱਚ ਬਾਹਰ ਜਾਂਦੇ ਸਮੇਂ ਵੱਧ ਮਾਤਰਾ ਵਿੱਚ ਸਾਫ਼ ਅਤੇ ਠੰਢਾ ਪਾਣੀ ਪੀਓ।
-ਬਾਕਸ-
-ਵਾਹਨਾਂ ਦੀ ਸੁਰੱਖਿਆ ਲਈ ਇਹ ਗੱਲਾਂ ਧਿਆਨ ’ਚ ਰੱਖੋ
-ਸਮੇਂ-ਸਮੇਂ ’ਤੇ ਵਾਹਨਾਂ ਦੇ ਇੰਜਣ ਆਇਲ ਤੇ ਟਾਇਰਾਂ ਦੀ ਹਵਾ ਦੀ ਜਾਂਚ ਕਰਵਾਉਂਦੇ ਰਹੋ।
-ਗਰਮੀਆਂ ਦੇ ਮੌਸਮ ਵਿੱਚ ਕਾਰ ਦੀ ਵਾਇਰਿੰਗ ਦੀ ਜਾਂਚ ਜ਼ਰੂਰ ਕਰਵਾਓ।
-ਸੀਐਨਜੀ ਵਾਹਨਾਂ ਦੀ ਸਰਵਿਸ ਸਿਰਫ਼ ਅਧਿਕਾਰਤ ਸਰਵਿਸ ਸੈਂਟਰ ਤੋਂ ਹੀ ਕਰਵਾਓ।
-ਸੀਐਨਜੀ ਜਾਂ ਇਲੈਕਟ੍ਰਿਕ ਵਾਹਨਾਂ ਨੂੰ ਲੰਬੇ ਸਮੇਂ ਤੱਕ ਧੁੱਪ ’ਚ ਖੜ੍ਹਾ ਨਾ ਕਰੋ।
-ਵਾਹਨ ਨੂੰ ਛਾਂ ਵਾਲੀ ਥਾਂ ’ਤੇ ਪਾਰਕ ਕਰਨ ਦੀ ਕੋਸ਼ਿਸ਼ ਕਰੋ।
-ਭਿਆਨਕ ਗਰਮੀ ਕਾਰਨ ਵਾਹਨਾਂ ਵਿੱਚ ਸ਼ਾਰਟ ਸਰਕਿਟ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
-ਬਾਕਸ-
-ਹੀਟ ਸਟ੍ਰੋਕ ਦੇ ਲੱਛਣ ਤੇ ਉਸ ਤੋਂ ਬਚਾਅ ਦੇ ਦੱਸੇ ਢੰਗ
ਲੱਛਣ: ਗਰਮੀਆਂ ਵਿੱਚ ਲੰਬੇ ਸਮੇਂ ਤਕ ਸਿੱਧੀ ਧੁੱਪ ਵਿੱਚ ਰਹਿਣ ਕਾਰਨ ਹੀਟ ਸਟ੍ਰੋਕ ਹੋ ਸਕਦਾ ਹੈ। ਹੀਟ ਸਟ੍ਰੋਕ ਕਾਰਨ ਚਿਹਰਾ ਲਾਲ ਹੋ ਜਾਣਾ, ਸਰੀਰ ਦਾ ਤਾਪਮਾਨ ਵੱਧ ਜਾਣਾ, ਜ਼ਿਆਦਾ ਪਸੀਨਾ ਆਉਣਾ, ਥਕਾਵਟ, ਸਿਰ ਦਰਦ, ਬੇਚੈਨੀ, ਚਮੜੀ ਸੁੱਕ ਜਾਣਾ, ਮਾਸਪੇਸ਼ੀਆਂ ਵਿੱਚ ਦਰਦ, ਚੱਕਰ ਆਉਣਾ, ਉਲਟੀਆਂ ਅਤੇ ਬੇਹੋਸ਼ੀ ਵਰਗੇ ਲੱਛਣ ਸਾਹਮਣੇ ਆ ਸਕਦੇ ਹਨ।
-ਬਾਕਸ-
ਇਲਾਜ :
ਮਰੀਜ਼ ਨੂੰ ਤੁਰੰਤ ਖੁੱਲ੍ਹੀ ਅਤੇ ਛਾਂ ਵਾਲੀ ਥਾਂ ’ਤੇ ਲਿਟਾਓ। ਉਸ ਦੇ ਤੰਗ ਕੱਪੜੇ ਢਿੱਲੇ ਕਰੋ ਤੇ ਸਿਰ ’ਤੇ ਠੰਢੇ ਪਾਣੀ ਦੀ ਪੱਟੀ ਰੱਖੋ। ਕਮਰੇ ਵਿੱਚ ਪੱਖਾ, ਕੂਲਰ ਜਾਂ ਏਸੀ ਚਲਾਓ। ਜੇਕਰ ਸਰੀਰ ਦਾ ਤਾਪਮਾਨ ਵੱਧ ਰਿਹਾ ਹੋਵੇ ਤਾਂ ਠੰਢੇ ਪਾਣੀ ਦੀਆਂ ਪੱਟੀਆਂ ਲਗਾਓ। ਮਰੀਜ਼ ਦਾ ਸਿਰ ਸਰੀਰ ਤੋਂ ਥੋੜ੍ਹਾ ਉੱਚਾ ਰੱਖੋ। ਜੇਕਰ ਵਿਅਕਤੀ ਬੇਹੋਸ਼ ਹੋਵੇ ਤਾਂ ਉਸ ਨੂੰ ਮੂੰਹ ਰਾਹੀਂ ਕੋਈ ਤਰਲ ਪਦਾਰਥ ਨਾ ਦਿਓ ਤੇ ਤੁਰੰਤ ਹਸਪਤਾਲ ਪਹੁੰਚਾਓ।