ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਡਾਕਟਰਾਂ ਦੀ ਹੜਤਾਲ ਕਾਰਨ ਜ਼ਿਲ੍ਹੇ ਭਰ ’ਚ ਮਰੀਜ਼ ਖੱਜਲ-ਖੁਆਰ

-ਦੂਰ-ਦੁਰਾਡੇ ਤੋਂ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ
-ਐੱਸਐੱਮਓ ’ਤੇ ਗ਼ਲਤ ਸ਼ਬਦਾਵਲੀ ਵਰਤਣ ਤੇ ਨੌਕਰੀਓਂ ਕੱਢਣ ਦੀਆਂ ਧਮਕੀਆਂ ਦੇਣ ਦਾ ਦੋਸ਼
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਸਮੇਤ ਪੂਰੇ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਤਪਦੀ ਗਰਮੀ ਵਿੱਚ ਦੂਰ-ਦੂਰ ਦੇ ਪਿੰਡਾਂ ਤੋਂ ਦਵਾਈ ਅਤੇ ਇਲਾਜ ਲਈ ਆਏ ਮਰੀਜ਼ ਹਸਪਤਾਲ ਪਹੁੰਚ ਕੇ ਖੱਜਲ-ਖੁਆਰ ਹੁੰਦੇ ਰਹੇ। ਹਸਪਤਾਲ ’ਚ ਨਾ ਕੋਈ ਡਾਕਟਰ ਆਪਣੀ ਸੀਟ ’ਤੇ ਬੈਠਿਆ ਦਿਖਾਈ ਦਿੱਤਾ ਤੇ ਨਾ ਹੀ ਆਮ ਦਿਨਾਂ ਵਾਂਗ ਓਪੀਡੀ ਚੱਲਦੀ ਨਜ਼ਰ ਆਈ। ਇਸ ਕਾਰਨ ਬਜ਼ੁਰਗਾਂ, ਔਰਤਾਂ ਤੇ ਹੋਰ ਮਰੀਜ਼ਾਂ ਨੂੰ ਬਿਨਾਂ ਇਲਾਜ ਤੋਂ ਹੀ ਵਾਪਸ ਨਿਰਾਸ਼ ਪਰਤਣਾ ਪਿਆ। ਹੜਤਾਲ ਕਰ ਰਹੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਡਾਕਟਰਾਂ ਦਾ ਦੋਸ਼ ਸੀ ਕਿ ਐੱਸਐੱਮਓ ਤਲਵੰਡੀ ਸਾਬੋ ਵੱਲੋਂ ਮੁਲਾਜ਼ਮਾਂ ਨਾਲ ਗਲਤ ਸ਼ਬਦਾਵਲੀ ਵਰਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਨੌਕਰੀਓਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਸੇ ਕਾਰਨ ਡਾਕਟਰਾਂ ਤੇ ਮੁਲਾਜ਼ਮਾਂ ਨੇ ਕੰਮ ਬੰਦ ਕਰਕੇ ਰੋਸ ਪ੍ਰਗਟਾਇਆ। ਪੈਰਾ-ਮੈਡੀਕਲ ਸਟਾਫ਼ ਨੇ ਵੀ ਇਸ ਹੜਤਾਲ ਦੀ ਹਮਾਇਤ ਕੀਤੀ, ਜਿਸ ਨਾਲ ਹਸਪਤਾਲ ਦਾ ਲਗਭਗ ਸਾਰਾ ਕੰਮ-ਕਾਜ ਠੱਪ ਹੋ ਗਿਆ। ਸਵੇਰੇ ਤੋਂ ਹੀ ਵੱਡੀ ਗਿਣਤੀ ਵਿੱਚ ਮਰੀਜ਼ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਸਨ, ਪਰ ਜਿਵੇਂ ਹੀ ਉਨ੍ਹਾਂ ਨੂੰ ਹੜਤਾਲ ਬਾਰੇ ਪਤਾ ਲੱਗਾ ਤਾਂ ਉਹ ਨਿਰਾਸ਼ ਨਜ਼ਰ ਆਏ। ਕਈ ਮਰੀਜ਼ਾਂ ਨੇ ਕਿਹਾ ਕਿ ਉਹ ਆਪਣੇ ਕੰਮ-ਧੰਦੇ ਛੱਡ ਕੇ ਅਤੇ ਕਿਰਾਇਆ ਖਰਚ ਕਰਕੇ ਦਵਾਈ ਲੈਣ ਲਈ ਆਏ ਸਨ, ਪਰ ਇੱਥੇ ਆ ਕੇ ਪਤਾ ਲੱਗਾ ਕਿ ਹਸਪਤਾਲ ਵਿਚ ਹੜਤਾਲ ਚੱਲ ਰਹੀ ਹੈ। ਮਰੀਜ਼ਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹੁਣ ਹੜਤਾਲ ਕਾਰਨ ਗਰੀਬ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਕਈ ਮਰੀਜ਼ਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰਨਾ ਪਿਆ, ਜਿੱਥੇ ਮਹਿੰਗੇ ਇਲਾਜ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ।
ਹਸਪਤਾਲ ’ਚ ਮੌਜੂਦ ਲੋਕਾਂ ਨੇ ਦੱਸਿਆ ਕਿ ਗਰਮੀ ਦਾ ਪ੍ਰਕੋਪ ਪਹਿਲਾਂ ਹੀ ਕਾਫ਼ੀ ਵੱਧ ਹੈ ਤੇ ਇਸ ਦੌਰਾਨ ਬਜ਼ੁਰਗ ਤੇ ਬਿਮਾਰ ਲੋਕਾਂ ਲਈ ਲੰਮਾ ਸਮਾਂ ਉਡੀਕ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਕਈ ਮਰੀਜ਼ ਦਵਾਈ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਵਾਪਸ ਮੁੜਦੇ ਦਿਖਾਈ ਦਿੱਤੇ। ਉੱਥੇ ਹੀ ਹੜਤਾਲ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨਾਲ ਸਨਮਾਨਜਨਕ ਵਿਵਹਾਰ ਕੀਤਾ ਜਾਵੇ ਅਤੇ ਧਮਕੀਆਂ ਦੇਣ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਹੱਲ ਕੀਤੇ ਜਾਣ।
ਦੂਜੇ ਪਾਸੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਮਾਮਲੇ ਦਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਲਾਜ ਲਈ ਪਰੇਸ਼ਾਨ ਨਾ ਹੋਣਾ ਪਵੇ। ਹਸਪਤਾਲ ’ਚ ਹੜਤਾਲ ਕਾਰਨ ਦਿਨ ਭਰ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ। ਮਰੀਜ਼ ਕਦੇ ਇਕ ਕਮਰੇ ਤੋਂ ਦੂਜੇ ਕਮਰੇ ਵੱਲ ਭਟਕਦੇ ਰਹੇ ਤੇ ਕਦੇ ਹਸਪਤਾਲ ਕਰਮਚਾਰੀਆਂ ਤੋਂ ਜਾਣਕਾਰੀ ਲੈਂਦੇ ਦਿਖਾਈ ਦਿੱਤੇ। ਕਈ ਮਰੀਜ਼ਾਂ ਨੇ ਕਿਹਾ ਕਿ ਸਰਕਾਰੀ ਹਸਪਤਾਲ ਗਰੀਬ ਲੋਕਾਂ ਲਈ ਹੀ ਇਕ ਵੱਡਾ ਸਹਾਰਾ ਹੁੰਦੇ ਹਨ ਅਤੇ ਜੇਕਰ ਇੱਥੇ ਵੀ ਇਲਾਜ ਨਾ ਮਿਲੇ ਤਾਂ ਲੋਕ ਕਿੱਥੇ ਜਾਣ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਆ ਕੇ ਹੜਤਾਲ ਦਾ ਪਤਾ ਲੱਗਿਆ ਹੈ।
-ਬਾਕਸ-
-“ਕਿਰਾਇਆ ਲਾ ਕੇ ਆਏ ਸੀ, ਦਵਾਈ ਵੀ ਨਾ ਮਿਲੀ” ; ਗੁਰਮੇਲ ਕੌਰ
ਪਿੰਡ ਜੋਗੇਵਾਲਾ ਤੋਂ ਦਵਾਈ ਲੈਣ ਆਈ ਬਜ਼ੁਰਗ ਮਹਿਲਾ ਗੁਰਮੇਲ ਕੌਰ ਨੇ ਕਿਹਾ ਕਿ ਉਹ ਸਵੇਰੇ ਤੜਕੇ ਘਰੋਂ ਨਿਕਲੀ ਸੀ। ਗਰਮੀ ਵਿਚ ਬੱਸਾਂ ਬਦਲ ਕੇ ਹਸਪਤਾਲ ਪਹੁੰਚੀ, ਪਰ ਇੱਥੇ ਆ ਕੇ ਪਤਾ ਲੱਗਾ ਕਿ ਹੜਤਾਲ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਲਈ ਵਾਰ-ਵਾਰ ਆਉਣਾ ਬਹੁਤ ਮੁਸ਼ਕਲ ਹੁੰਦਾ ਹੈ। ਉਸਨੇ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣਾ ਸੀ, ਪਰ ਹੜਤਾਲ ਕਾਰਨ ਇਲਾਜ ਨਹੀਂ ਹੋਇਆ।
-ਬਾਕਸ-
-“ਕੰਮ ਛੱਡ ਕੇ ਆਇਆ ਸੀ, ਸਾਰਾ ਦਿਨ ਖਰਾਬ ਹੋ ਗਿਆ” : ਧਰਮਵੀਰ ਸਿੰਘ
ਲਹਿਰਾ ਬੇਗਾ ਤੋਂ ਆਏ ਮਰੀਜ਼ ਧਰਮਵੀਰ ਸਿੰਘ ਨੇ ਕਿਹਾ ਕਿ ਉਹ ਆਪਣਾ ਕੰਮ-ਧੰਦਾ ਛੱਡ ਕੇ ਇਲਾਜ ਲਈ ਆਏ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਇਲਾਜ ਦੀ ਉਮੀਦ ਨਾਲ ਆਏ ਸੀ ਪਰ ਇੱਥੇ ਕੋਈ ਡਾਕਟਰ ਹੀ ਨਹੀਂ ਮਿਲਿਆ। ਹੁਣ ਮੁੜ ਪ੍ਰਾਈਵੇਟ ਹਸਪਤਾਲ ਜਾਣਾ ਪਵੇਗਾ। ਅੱਤ ਦੀ ਗਰਮੀ ਵਿਚ ਕਿਰਾਇਆ ਖਰਚ ਕੇ ਪੁੱਜਾ ਸੀ ਪਰ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਹੜਤਾਲ ਬਾਰੇ ਲੋਕਾਂ ਨੂੰ ਪਹਿਲਾਂ ਦੱਸਣ ਤਾਂ ਜੋ ਉਹ ਖੱਜਲ-ਖੁਆਰੀ ਤੋਂ ਬਚ ਸਕਣ।
-ਬਾਕਸ-
-“ਗਰਮੀ ਵਿੱਚ ਬੱਚਿਆਂ ਨੂੰ ਛੱਡ ਕੇ ਆਈ ਸੀ” : ਛਿੰਦਰਪਾਲ ਕੌਰ
ਚੱਕ ਫਤਿਹ ਸਿੰਘ ਵਾਲਾ ਤੋਂ ਆਈ ਛਿੰਦਰਪਾਲ ਕੌਰ ਨੇ ਕਿਹਾ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਘਰ ਛੱਡ ਕੇ ਦਵਾਈ ਲੈਣ ਲਈ ਆਈ ਸੀ। ਹਸਪਤਾਲ ਵਿੱਚ ਹੜਤਾਲ ਹੋਣ ਕਾਰਨ ਉਸ ਨੂੰ ਬਿਨਾਂ ਦਵਾਈ ਤੋਂ ਵਾਪਸ ਜਾਣਾ ਪੈ ਰਿਹਾ ਹੈ। ਉਸਦਾ ਕਹਿਣਾ ਸੀ ਕਿ ਜਿਨ੍ਹਾਂ ਮਰੀਜ਼ਾਂ ਦੀ ਦਵਾਈ ਸਰਕਾਰੀ ਹਪਸਤਾਲ ਵਿੱਚੋਂ ਚੱਲਦੀ ਹੈ, ਉਹ ਹੁਣ ਕੀ ਕਰਨ।
-ਬਾਕਸ-
-“ਹੜਤਾਲ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ” : ਅਮਰਜੀਤ ਸਿੰਘ
ਲਾਲਬਾਈ ਤੋਂ ਆਏ ਅਮਰਜੀਤ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਆਪਸੀ ਵਿਵਾਦ ਦਾ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦੀ ਦਖ਼ਲ ਦੇ ਕੇ ਮਾਮਲਾ ਹੱਲ ਕਰੇ। ਉਸਦਾ ਕਹਿਣਾ ਸੀ ਕਿ ਅੱਜ ਸੈਂਕੜੇ ਮਰੀ਼ਜ਼ ਖੱਜਲ-ਖੁਆਰ ਹੋਏ ਹਨ ਤੇ ਬਿਨਾਂ ਦਵਾਈ ਉਨ੍ਹਾਂ ਵਾਪਸ ਨਿਰਾਸ਼ ਪਰਤਣਾ ਪਿਆ ਹੈ।