ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਚਿੱਟਾ ਨਾ ਮਿਲਣ ਕਾਰਨ ਨੌਜਵਾਨ ਦੀ ਹਾਲਤ ਵਿਗੜੀ

-ਲਾਈਨਾਂ ਤੋਂ ਪਾਰ ਸ਼ਰੇਆਮ ਨਸ਼ਾ ਵਿਕਣ ਦਾ ਦੋਸ਼, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠ ਰਹੇ ਸਵਾਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ’ਚ ਲਾਈਨਾਂ ਤੋਂ ਪਾਰ ਜੋਗੀ ਨਗਰ ਟਿੱਬੇ ਦੀਆਂ ਝੁੱਗੀਆਂ ਨੇੜੇ ਇਕ ਵਿਅਕਤੀ ਦੀ ਚਿੱਟੇ ਦੇ ਓਵਰਡੋਜ਼ ਨਾਲ ਮੌਤ ਹੋ ਗਈ, ਜਦੋਂ ਕਿ ਨਸ਼ਾ ਨਾ ਮਿਲਣ ਕਾਰਨ ਇਕ ਨੌਜਵਾਨ ਦੀ ਹਾਲਾਤ ਵਿਗੜ ਗਈ। ਇਸ ਘਟਨਾ ਨੇ ਇਕ ਵਾਰ ਫਿਰ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਇਕ ਵਿਅਕਤੀ ਦੀ ਹਾਲਤ ਨਸ਼ੇ ਦੀ ਓਵਰਡੋਜ਼ ਕਾਰਨ ਬਹੁਤ ਗੰਭੀਰ ਹੋ ਗਈ। ਸੂਚਨਾ ਮਿਲਦੇ ਹੀ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਆਕਾਸ਼ ਗਰਗ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਉਕਤ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਉਰਫ਼ ਲਵੇਰੋ (39) ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨੰਬਰ 10/5 ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਸ ਦੇ ਪਰਿਵਾਰ ਵਿਚ ਦੋ ਬੱਚੇ ਹਨ, ਜਿਨ੍ਹਾਂ ਵਿਚ 19 ਸਾਲ ਦੀ ਇਕ ਧੀ ਅਤੇ 11 ਸਾਲ ਦਾ ਇਕ ਪੁੱਤਰ ਸ਼ਾਮਲ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਜੋਗੀ ਨਗਰ ਦੀਆਂ ਝੁੱਗੀਆਂ ਵਿਚ ਲੰਬੇ ਸਮੇਂ ਤੋਂ ਖੁੱਲ੍ਹੇਆਮ ਚਿੱਟਾ ਵੇਚਿਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਨਸ਼ੇੜੀ ਇੱਥੇ ਇਕੱਠੇ ਹੋ ਕੇ ਨਸ਼ਾ ਕਰਦੇ ਹਨ। ਇਸ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਸਥਾਨਕ ਲੋਕਾਂ ਨੇ ਦੱਸਿਆ ਕਿ ਜਿੱਥੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਉਹ ਸਥਾਨ ਸ਼ਹਿਰ ਦੇ ਪ੍ਰਭਾਵਸ਼ਾਲੀ ਇਲਾਕੇ ਵਿਚ ਆਉਂਦਾ ਹੈ।
ਇੱਥੋਂ ਕੁਝ ਹੀ ਦੂਰੀ ’ਤੇ ਬਠਿੰਡਾ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਨਿਵਾਸ ਹੈ, ਜਦਕਿ ਇਹ ਖੇਤਰ ਸਾਬਕਾ ਮੇਅਰ ਪਦਮਜੀਤ ਮਹਿਤਾ ਦੇ ਵਾਰਡ ਵਿਚ ਵੀ ਆਉਂਦਾ ਹੈ। ਇਸ ਦੇ ਬਾਵਜੂਦ ਇਲਾਕੇ ਵਿਚ ਨਸ਼ੇ ਦਾ ਕਾਰੋਬਾਰ ਬੇਝਿਜਕ ਚਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਇਲਾਕੇ ਵਿਚ ਪੁਲਿਸ ਚੌਕੀ ਸਥਾਪਤ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤਕ ਪੂਰਾ ਨਹੀਂ ਹੋ ਸਕਿਆ। ਨਤੀਜੇ ਵਜੋਂ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਕਾਰਨ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਪੁਲਿਸ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਚੱਲ ਰਹੇ ਨਸ਼ੇ ਦੇ ਕਾਰੋਬਾਰ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਿਰ ਕਦੋਂ ਤਕ ਨਸ਼ੇ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾਂਦੀਆਂ ਰਹਿਣਗੀਆਂ ਤੇ ਪ੍ਰਸ਼ਾਸਨ ਮੂਕਦਰਸ਼ਕ ਬਣ ਕੇ ਦੇਖਦਾ ਰਹੇਗਾ।
ਇਸ ਤੋਂ ਇਲਾਵਾ ਸਥਾਨਕ ਮਾਲ ਰੋਡ ’ਤੇ ਫਰੂਟ ਮਾਰਕਿਟ ਨੇੜੇ ਨਸ਼ਾ ਨਾ ਮਿਲਣ ਕਾਰਨ ਇਕ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ। ਉਸ ਨੂੰ ਸਹਾਰਾ ਟੀਮ ਦੇ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉਕਤ ਨੌਜਵਾਨ ਨੇ ਦੱਸਿਆ ਕਿ ਉਹ ਹਰ ਰੋਜ਼ ਚਿੱਟੇ ਦਾ ਟੀਕਾ ਲਗਾਉਦਾ ਹੈ, ਪਰ ਅੱਜ ਚਿੱਟਾ ਨਾਂ ਮਿਲਣ ਕਾਰਨ ਉਸਨੇ ਟੀਕਾ ਨਹੀਂ ਲਾਇਆ, ਜਿਸ ਕਾਰਨ ਉਸਦੀ ਹਾਲਤ ਵਿਗੜ ਗਈ।
ਥਾਣਾ ਕੈਨਾਲ ਕਾਲੋਨੀ ਦੇ ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਨੌਵਜਾਨ ਦੀ ਮੌਤ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਦਿਆਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਇਕ ਵਿਅਕਤੀ ਪੀਲੂ ਖਿਲਾਫ ਕੇਸ ਦਰਜ ਕਰਕੇ ਉਸਨੂੰ ਹਿਰਾਸਤ ’ਚ ਲੈ ਲਿਆ ਹੈ।