ਹੈਰਇਨ, ਪਾਬੰਦੀਸ਼ੁਦਾ ਗੋਲੀਆਂ ਤੇ ਅਸਲੇ ਸਮੇਤ 89 ਜਣੇ ਕਾਬੂ
32.50 ਗ੍ਰਾਮ ਹੈਰਇਨ, 42 ਨਸ਼ੀਲੀਆਂ ਗੋਲੀਆਂ ਤੇ ਅਸਲੇ ਸਮੇਤ 89 ਗ੍ਰਿਫ਼ਤਾਰ
Publish Date: Sat, 02 May 2026 04:38 PM (IST)
Updated Date: Sun, 03 May 2026 04:08 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਪੁਲਿਸ ਵੱਲੋਂ ਨਸ਼ਾ ਤਸਕਰੀ ਤੇ ਅਪਰਾਧਕ ਗਠਜੋੜ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਲੰਘੇ ਦਿਨੀਂ ਕੀਤੇ ਆਪ੍ਰੇਸ਼ਨ ਪ੍ਰਹਾਰ ਤਹਿਤ ਇਕ ਔਰਤ ਸਮੇਤ 89 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਪਦਾਰਥ ਅਤੇ ਨਾਜਾਇਜ਼ ਅਸਲਾ ਬਰਾਮਦ ਕਰਦਿਆਂ ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਮੁਕੱਦਮੇ ਦਰਜ ਕੀਤੇ ਹਨ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਪੁਲਿਸ ਵੱਲੋਂ ਅਚਨਚੇਤ ਆਪ੍ਰੇਸ਼ਨ ਕਾਸੋ ਚਲਾਇਆ ਸੀ, ਜਿਸ ਦੌਰਾਨ ਅਪਰਾਧਿਕ ਗਤੀਵਿਧੀਆਂ ਲਈ ਚਿੰਨ੍ਹਤ ਖੇਤਰਾਂ ਵਿੱਚ ਤੜਕਸਾਰ ਛਾਪੇਮਾਰੀ ਕਰਕੇ ਵੱਡੀ ਗਿਣਤੀ ਵਿੱਚ ਤਸਕਰਾਂ ਨੂੰ ਕਾਬੂ ਕੀਤਾ ਗਿਆ। ਵੇਰਵਿਆਂ ਅਨੁਸਾਰ ਇਸ ਮੁਹਿੰਮ ਦੌਰਾਨ ਥਾਣਾ ਥਰਮਲ ਦੀ ਪੁਲਿਸ ਨੇ ਖੇਤਾ ਸਿੰਘ ਬਸਤੀ ਨੇੜਿਓਂ ਵੇਦ ਪ੍ਰਕਾਸ਼ ਨੂੰ 75 ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਥਾਣਾ ਨੇਹੀਆਵਾਲਾ ਦੀ ਟੀਮ ਨੇ ਗੋਨਿਆਣਾ ਮੰਡੀ ਵਿਖੇ ਕਾਰਵਾਈ ਕਰਦਿਆਂ ਇੱਕ ਔਰਤ ਪ੍ਰਦੀਪ ਕੌਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਨਥਾਣਾ ਵੱਲੋਂ ਮੇਨ ਹਾਈਵੇਅ ਲਹਿਰਾ ਬੇਗਾ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਬੰਤ ਸਿੰਘ ਵਾਸੀ ਪਿੰਡ ਡਿੱਖ ਨੂੰ 3 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਦਿਆਲਪੁਰਾ ਭਾਈਕਾ ਖੇਤਰ ਵਿੱਚੋਂ ਲਵਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ 3 ਗ੍ਰਾਮ ਹੈਰੋਇਨ ਸਮੇਤ ਹਿਰਾਸਤ ਵਿੱਚ ਲਿਆ ਹੈ। ਕਾਰਵਾਈ ਨੂੰ ਅੱਗੇ ਵਧਾਉਂਦਿਆਂ ਥਾਣਾ ਫੂਲ ਦੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਵਾਸੀ ਫੂਲ ਟਾਊਨ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜਿਸ ਤੋਂ ਬਾਅਦ ਥਾਣਾ ਸਿਟੀ ਰਾਮਪੁਰਾ ਵੱਲੋਂ ਗੁਰਬਿੰਦਰ ਸਿੰਘ ਅਤੇ ਕੁਲਵੀਰ ਸਿੰਘ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸੇ ਲੜੀ ਤਹਿਤ ਥਾਣਾ ਸਦਰ ਰਾਮਪੁਰਾ ਨੇ ਜਗਤਾਰ ਸਿੰਘ ਵਾਸੀ ਜੋਗਾ ਨੂੰ 4 ਗ੍ਰਾਮ ਹੈਰੋਇਨ ਸਮੇਤ ਦਬੋਚਿਆ ਅਤੇ ਥਾਣਾ ਕੋਟਫੱਤਾ ਦੀ ਪੁਲਿਸ ਨੇ ਜਗਰਾਜ ਸਿੰਘ ਨੂੰ 60 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਥਾਣਾ ਮੌੜ ਦੀ ਪੁਲਿਸ ਵੱਲੋਂ ਵੀ ਗੁਰਮਿੰਦਰ ਸਿੰਘ ਤੇ ਬਲਜੀਤ ਸਿੰਘ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਸੁਖਚੈਣ ਸਿੰਘ ਨੂੰ 10 ਨਸ਼ੀਲੀਆਂ ਗੋਲੀਆਂ ਸਮੇਤ ਤੇ ਥਾਣਾ ਰਾਮਾਂ ਵੱਲੋਂ ਸਾਗਰ ਉਰਫ਼ ਬੌਨਾ ਨੂੰ 32 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ। ਨਾਜਾਇਜ਼ ਅਸਲੇ ਵਿਰੁੱਧ ਕੀਤੀ ਗਈ ਕਾਰਵਾਈ ਵਿੱਚ ਥਾਣਾ ਕੈਂਟ ਅਧੀਨ ਆਉਂਦੇ ਖੇਤਰ ਵਿੱਚੋਂ ਸੀਆਈਏ. ਸਟਾਫ਼-1 ਦੀ ਟੀਮ ਨੇ ਲਖਵੀਰ ਸਿੰਘ ਵਾਸੀ ਭੁੱਚੋ ਨੂੰ ਇੱਕ ਪਿਸਤੌਲ 32 ਬੋਰ ਤੇ 2 ਜ਼ਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਫੜੇ ਗਏ ਕਥਿਤ ਦੋਸ਼ਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕੀ ਪਤਾ ਲਗਾਇਆ ਜਾ ਸਕੇ ਉਹ ਨਸ਼ੀਲੀਆਂ ਵਸਤੂਆਂ ਤੇ ਨਾਜਾਇਜ਼ ਅਸਲਾ ਕਿੱਥੋਂ ਲੈ ਕੇ ਆਏ ਸਨ।