ਗੁਰੂ ਕਾਸ਼ੀ ਸਕੂਲ ਦੇ ਬੱਚਿਆਂ ਨੇ ਮਾਂ ਦਿਵਸ ’ਤੇ ਕੀਤੀ ਚਰਚਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਇਲਾਕੇ ਦੇ ਨਾਮਵਰ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਵਿਚ ਵਿਚਾਰ ਚਰਚਾ ਕਰਵਾਈ ਗਈ। ਇਸ ਦੌਰਾਨ ਮਾਂ ਦਿਵਸ ਨੂੰ ਸਮਰਪਿਤ ਕੁਝ ਵਿਦਿਆਰਥੀਆਂ ਚੰਗੇ ਵਿਚਾਰ ਰੂ ਬ ਰੂ ਕੀਤੇ ਜਾ ਰਹੇ ਹਨ।
-ਮੇਰੀ ਮਾਂ ਮੇਰੀ ਦੁਨੀਆ ਹੈ
ਅੱਜ ਮਦਰਜ਼ ਡੇਅ ਹੈ, ਜੋ ਮਾਂ ਦੇ ਅਥਾਹ ਪਿਆਰ ਅਤੇ ਤਿਆਗ ਨੂੰ ਸਮਰਪਿਤ ਹੈ। ਮਾਂ ਸਿਰਫ਼ ਇਕ ਸ਼ਬਦ ਨਹੀਂ, ਸਗੋਂ ਪਰਮਾਤਮਾ ਦਾ ਰੂਪ ਹੈ। ਉਹ ਆਪਣੇ ਬੱਚਿਆਂ ਲਈ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੰਦੀ ਹੈ। ਮਾਂ ਸਾਨੂੰ ਸਹੀ ਰਾਹ ਦਿਖਾਉਂਦੀ ਹੈ। ਹਰ ਮੁਸ਼ਕਿਲ ਵਿਚ ਸਾਡਾ ਸਹਾਰਾ ਬਣਦੀ ਹੈ। ਮਾਂ ਦੀ ਮਮਤਾ, ਮਿੱਠੀ ਛਾਂ ਵਰਗੀ ਹੈ ਜੋ ਸਾਨੂੰ ਦੁਨੀਆ ਦੀ ਹਰ ਧੁੱਪ ਤੋਂ ਬਚਾਉਂਦੀ ਹੈ। ਅੱਜ ਦੇ ਦਿਨ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਮਾਂ ਦਾ ਸਦਾ ਸਤਿਕਾਰ ਕਰਾਂਗੇ ਅਤੇ ਉਨ੍ਹਾਂ ਨੂੰ ਕਦੇ ਦੁੱਖ ਨਹੀਂ ਪਹੁੰਚਾਵਾਂਗੇ। ਮੇਰੀ ਮਾਂ ਮੇਰੀ ਦੁਨੀਆ ਹੈ। -ਗ੍ਰੇਸੀ ਸ਼ਰਮਾ, ਭਗਤਾ ਭਾਈਕਾ, ਅੱਠਵੀਂ ਏ।
-ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ
ਰੱਬ ਤੋਂ ਬਾਅਦ ਜੇਕਰ ਕਿਸੇ ਦਾ ਨਾਮ ਆਇਆ ਹੈ ਤਾਂ ਉਹ ਮਾਂ ਦਾ ਹੈ। ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਮਾਂ ਦੀ ਮਮਤਾ ਬਾਰੇ ਸਾਰੇ ਜਾਣਦੇ ਹੀ ਹਨ ਕਿ ਕਿਵੇਂ ਇਕ ਮਾਂ ਆਪਣੇ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਨੌਂ ਮਹੀਨਿਆਂ ਬਾਅਦ ਜਨਮ ਦਿੰਦੀ ਹੈ। ਮਾਂ ਲੱਖਾਂ ਹੀ ਕਸ਼ਟ ਸਹਿਣ ਕਰਕੇ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬਚਪਨ ਤੋਂ ਲੈ ਕੇ ਉਸਨੂੰ ਜਵਾਨ ਹੋਣ ਤੱਕ ਪਾਲ਼ਦੀ ਹੈ। ਮਾਂ ਆਪਣੇ ਬੱਚੇ ਦੀ ਹਰ ਦੁੱਖ-ਸੁੱਖ ਵਿਚ ਮਦਦ ਕਰਦੀ ਹੈ। -ਹਰਮਨਦੀਪ ਸਿੰਘ ਗੁਰੂਸਰ ਕਲਾਸ ਗਿਆਰਵੀਂ
-ਉਹ ਵਿਅਕਤੀ ਭਾਗਾਂ ਵਾਲਾ ਹੈ ਜਿਸ ਕੋਲ ਮਾਂ ਹੁੰਦੀ ਹੈ
ਮਾਂ ਦਿਵਸ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਮਾਂ ਸਾਨੂੰ ਰੱਬ ਵੱਲੋਂ ਦਿੱਤਾ ਹੋਇਆ ਇਕ ਅਨਮੋਲ ਖਜ਼ਾਨਾ ਹੈ। ਉਹ ਵਿਅਕਤੀ ਭਾਗਾਂ ਵਾਲਾ ਹੈ ਜਿਸ ਕੋਲ ਮਾਂ ਹੁੰਦੀ ਹੈ। ਮਾਂ ਆਪ ਤਕਲੀਫ਼ ਸਹਿ ਲੈਂਦੀ ਹੈ ਪਰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਤਕਲੀਫ਼ ਨਹੀਂ ਹੋਣ ਦਿੰਦੀ। ਮਾਂ ਆਪਣੇ ਬੱਚਿਆਂ ਖਾਤਰ ਮਰਨ ਨੂੰ ਵੀ ਤਿਆਰ ਹੋ ਜਾਂਦੀ ਹੈ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੀ ਮਾਂ ਦੀ ਕਦਰ ਹੀ ਨਹੀਂ ਕਰਦੀ। ਸੋ, ਇਸ ਮਾਂ ਦਿਵਸ 'ਤੇ ਪ੍ਰਣ ਕਰੀਏ ਕਿ ਅਸੀਂ ਆਪਣੀ ਮਾਂ ਦੀ ਆਗਿਆ ਦਾ ਪਾਲਣ ਕਰਾਂਗੇ ਤੇ ਮਾਂ ਨਾਲ ਸਹੀ ਢੰਗ ਨਾਲ ਪੇਸ਼ ਆਵਾਂਗੇ। -ਮਨਵੀਰ ਕੌਰ ਕੋਠਾ ਗੁਰੂ•, ਅੱਠਵੀਂ 'ਏ'
-ਮਾਂ ਦੀ ਮਮਤਾ ਦੀ ਕੋਈ ਕੀਮਤ ਨਹੀਂ ਹੁੰਦੀ
ਮਾਂ ਉਹ ਸ਼ਖ਼ਸੀਅਤ ਹੈ ਜੋ ਸਾਡੇ ਜਨਮ ਤੋਂ ਪਹਿਲਾਂ ਹੀ ਸਾਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹ ਆਪਣੇ ਲਹੂ ਨਾਲ ਸਾਡੇ ਵਜੂਦ ਨੂੰ ਸਿਰਜਦੀ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਸਾਡੇ ਲੇਖੇ ਲਾ ਦਿੰਦੀ ਹੈ। ਮਾਂ ਦੀ ਮਮਤਾ ਦੀ ਕੋਈ ਕੀਮਤ ਨਹੀਂ ਹੁੰਦੀ। ਉਹ ਸਾਡੇ ਗਮਾਂ ਨੂੰ ਚੁੰਮ ਕੇ ਖ਼ੁਸ਼ੀਆਂ ਵਿੱਚ ਬਦਲਣ ਦਾ ਹੁਨਰ ਜਾਣਦੀ ਹੈ। ਉਸ ਦੇ ਚਿਹਰੇ ਦੀਆਂ ਝੁਰੜੀਆਂ ਵਿੱਚ ਸਾਡੀਆਂ ਹਜ਼ਾਰਾਂ ਸ਼ਰਾਰਤਾਂ ਅਤੇ ਸਾਡੀ ਪਰਵਰਿਸ਼ ਦੀਆਂ ਕਹਾਣੀਆਂ ਲੁਕੀਆਂ ਹੁੰਦੀਆਂ ਹਨ। ਅੰਤ ਵਿੱਚ ਮੈਂ ਇਹੋ ਕਹਾਂਗਾ••। ਮਾਂ ਦੇ ਲਈ ਸਭ ਨੂੰ ਛੱਡ ਦਿਉ, ਪਰ ਸਭ ਦੇ ਲਈ ਮਾਂ ਨੂੰ ਨਾ ਛੱਡੋ। -ਵੰਸ਼ ਅਰੋੜਾ ਭਗਤਾ ਭਾਈਕਾ, ਕਲਾਸ ਨੌਵੀਂ ਬੀ
-ਇਹ ਦਿਨ ਦੁਨੀਆਂ ਦੀਆਂ ਸਾਰੀਆਂ ਮਾਵਾਂ ਸਮਰਪਿਤ
ਮਦਰਜ਼ ਜਿਸਨੂੰ ਮਾਂ ਦਿਵਸ ਵੀ ਕਿਹਾ ਜਾਂਦਾ ਹੈ, ਇਹ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆਂ ਦੀਆਂ ਸਾਰੀਆਂ ਮਾਵਾਂ ਦੇ ਪਿਆਰ, ਕੁਰਬਾਨੀਆਂ ਅਤੇ ਸੇਵਾ ਨੂੰ ਸਮਰਪਿਤ ਹੈ। ਮਾਂ ਸਿਰਫ਼ ਇੱਕ ਸ਼ਬਦ ਨਹੀਂ, ਬਲਕਿ ਪਿਆਰ, ਤਿਆਗ ਅਤੇ ਸਬਰ ਦੀ ਮੂਰਤ ਹੈ। ਉਹ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀਆਂ ਸਾਰੀਆਂ ਇੱਛਾਵਾਂ ਤਿਆਗ ਦਿੰਦੀ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ ਤੋਹਫ਼ੇ, ਫੁੱਲ ਅਤੇ ਗ੍ਰੀਟਿੰਗ ਕਾਰਡ ਦੇ ਕੇ ਵਿਸ਼ੇਸ਼ ਮਾਣ ਮਹਿਸੂਸ ਕਰਵਾਉਂਦੇ ਹਨ। ਕਈ ਲੋਕ ਆਪਣੀ ਮਾਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਦੀ ਮਨਪਸੰਦ ਚੀਜ਼ ਬਣਾਉਂਦੇ ਹਨ। -ਅਰਮਾਨਜੋਤ ਸਿੰਘ ਚੀਦਾ, ਨੌਵੀਂ ਬੀ।
-ਮਾਂ ਦਾ ਸਭ ਨੂੰ ਕਰਨਾ ਚਾਹੀਦੈ ਸਤਿਕਾਰ
ਮਾਂ ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਰੱਬ ਦਾ ਦਿੱਤਾ ਹੋਇਆ ਇੱਕ ਅਨਮੋਲ ਤੋਹਫ਼ਾ ਹੈ। ਮਾਂ ਆਪਣੇ ਬੱਚੇ ਲਈ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ। ਬੱਚੇ ਦਾ ਜੀਵਨ ਹੀ ਮਾਂ ਤੋਂ ਸ਼ੁਰੂ ਹੁੰਦਾ ਹੈ। ਮਾਂ ਨੂੰ ਰੱਬ ਦਾ ਦੂਜਾ ਰੂਪ ਕਹਿੰਦੇ ਹਨ ਕਿਉਂਕਿ ਬੱਚੇ ਭਾਵੇਂ ਮਾਂ ਨਾਲ ਕਿਹੋ ਜਿਹਾ ਵੀ ਵਿਵਹਾਰ ਕਰਨ ਪਰ ਉਸਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਨਹੀਂ ਘਟਦਾ। ਮਾਂ ਦੀ ਮਹਿਮਾ ਨੂੰ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਸਾਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਸ ਦੇ ਦਿੱਤੇ ਹੋਏ ਸੰਸਕਾਰਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ਕਰਨਾ ਚਾਹੀਦਾ ਹੈ। -ਪ੍ਰਭਲੀਨ ਕੌਰ ਕੋਠਾ ਗੁਰੂ, ਨੌਵੀਂ 'ਏ'।