ਗੋਨਿਆਣਾ ਇਲਾਕੇ ’ਚ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਤਬਾਹ
ਗੋਨਿਆਣਾ ਖੇਤਰ ਵਿੱਚ ਗੜੇਮਾਰੀ ਨਾਲ ਸੈਂਕੜੇ ਏਕੜ ਕਣਕ ਤਬਾਹ, ਸਬਜ਼ੀਆਂ ਤੇ ਹਰਾ ਚਾਰਾ ਵੀ ਨੁਕਸਾਨਿਆ
Publish Date: Sat, 04 Apr 2026 07:49 PM (IST)
Updated Date: Sun, 05 Apr 2026 04:10 AM (IST)
-ਖੇਤਾਂ ’ਚ ਫ਼ਸਲਾਂ ਦੇ ਨਾਲ-ਨਾਲ ਸਬਜ਼ੀਆਂ ਤੇ ਪੱਠਿਆਂ ਦਾ ਵੀ ਹੋਇਆ ਨੁਕਸਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ :
ਗੋਨਿਆਣਾ ਇਲਾਕੇ ’ਚ ਸ਼ਨਿੱਚਰਵਾਰ ਨੂੰ ਪਈ ਭਿਆਨਕ ਗੜੇਮਾਰੀ ਨੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਕੁਝ ਮਿੰਟਾਂ ਵਿੱਚ ਮਿੱਟੀ ਵਿਚ ਮਿਲ ਗਈ। ਇਸ ਕੁਦਰਤੀ ਆਫ਼ਤ ਕਾਰਨ ਸੈਂਕੜੇ ਏਕੜ ਵਿਚ ਖੜ੍ਹੀ ਪੱਕ ਚੁੱਕੀ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸਦੇ ਨਾਲ ਹੀ ਸਬਜ਼ੀਆਂ ਅਤੇ ਪਸ਼ੂਆਂ ਲਈ ਹਰਾ ਚਾਰਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਨਾਲ ਕਿਸਾਨਾਂ ਸਾਹਮਣੇ ਦੋਹਰੀ ਮੁਸੀਬਤ ਖੜ੍ਹੀ ਹੋ ਗਈ ਹੈ। ਸਭ ਤੋਂ ਵੱਧ ਨੁਕਸਾਨ ਪਿੰਡ ਕੋਟਲੀ ਅਬਲੂ ਅਤੇ ਕੋਠੇ ਕੌਰ ਸਿੰਘ ਵਾਲਾ ਵਿੱਚ ਦਰਜ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੋਟਲੀ ਅਬਲੂ ਵਿੱਚ ਕਰੀਬ 800 ਏਕੜ ਅਤੇ ਕੋਠੇ ਕੌਰ ਸਿੰਘ ਵਾਲਾ ਵਿੱਚ ਲਗਭਗ 300 ਏਕੜ ਵਿਚ ਪੱਕ ਚੁੱਕੀ ਕਣਕ ਦੀ ਫਸਲ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਖੇਤਾਂ ਵਿੱਚ ਖੜ੍ਹੀ ਸੋਨੇ ਵਰਗੀ ਲਹਿਰਾਉਂਦੀ ਕਣਕ ਗੜਿਆਂ ਦੀ ਮਾਰ ਨਾਲ ਧਰਤੀ ਨਾਲ ਲੱਗ ਗਈ ਹੈ, ਜਿਸ ਨੂੰ ਦੇਖ ਕੇ ਕਿਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਗੜੇਮਾਰੀ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਦੇ ਮੁਤਾਬਕ ਕੁਝ ਸਮੇਂ ਲਈ ਅਜਿਹਾ ਲੱਗ ਰਿਹਾ ਸੀ ਜਿਵੇਂ ਅਸਮਾਨ ਤੋਂ ਬਰਫ਼ ਡਿੱਗ ਰਹੀ ਹੋਵੇ। ਗੜੇ ਐਨੀ ਵੱਡੇ ਅਤੇ ਤੇਜ਼ੀ ਨਾਲ ਪਏ ਕਿ ਕੁਝ ਹੀ ਪਲਾਂ ਵਿੱਚ ਖੇਤਾਂ ਦਾ ਨਕਸ਼ਾ ਹੀ ਬਦਲ ਗਿਆ। ਧਰਤੀ ਪੂਰੀ ਤਰ੍ਹਾਂ ਗੜਿਆਂ ਨਾਲ ਚਿੱਟੀ ਹੋ ਗਈ। ਇਸ ਗੜੇਮਾਰੀ ਨੇ ਸਿਰਫ਼ ਕਣਕ ਹੀ ਨਹੀਂ, ਸਗੋਂ ਸਬਜ਼ੀਆਂ ਦੀ ਫਸਲ ਨੂੰ ਵੀ ਤਬਾਹ ਕਰ ਦਿੱਤਾ ਹੈ। ਸਬਜ਼ੀਆਂ ਦੇ ਬੂਟੇ ਜੜ੍ਹਾਂ ਸਮੇਤ ਉਖੜ ਗਏ ਹਨ। ਹਰਾ ਚਾਰਾ ਵੀ ਨਸ਼ਟ ਹੋ ਗਿਆ ਹੈ, ਜਿਸ ਨਾਲ ਪਸ਼ੂ ਪਾਲਣ ਵਾਲੇ ਕਿਸਾਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਉਨ੍ਹਾਂ ਨੂੰ ਪਸ਼ੂਆਂ ਲਈ ਚਾਰਾ ਖਰੀਦਣਾ ਪਵੇਗਾ, ਜਿਸ ਨਾਲ ਉਨ੍ਹਾਂ ਦੇ ਖਰਚੇ ਹੋਰ ਵਧਣਗੇ। ਕਈ ਕਿਸਾਨਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਕਰਜ਼ੇ ਹੇਠ ਦਬੇ ਹੋਏ ਹਨ ਅਤੇ ਇਸ ਵਾਰ ਦੀ ਫਸਲ ਨਾਲ ਉਨ੍ਹਾਂ ਨੂੰ ਵੱਡੀ ਉਮੀਦ ਸੀ। ਪਰ ਗੜਿਆਂ ਨੇ ਉਹ ਉਮੀਦ ਵੀ ਤੋੜ ਦਿੱਤੀ। ਖੇਤਾਂ ਵਿੱਚ ਖੜ੍ਹੇ ਕਿਸਾਨ ਬੇਬਸੀ ਨਾਲ ਆਪਣੀ ਡਿੱਗੀ ਹੋਈ ਫਸਲ ਨੂੰ ਦੇਖ ਰਹੇ ਹਨ, ਜਿਵੇਂ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਖਤਮ ਹੋ ਗਈ ਹੋਵੇ। ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਜਲਦੀ ਮਦਦ ਨਾ ਮਿਲੀ ਤਾਂ ਉਹ ਗੰਭੀਰ ਆਰਥਿਕ ਸੰਕਟ ਵਿੱਚ ਫਸ ਜਾਣਗੇ।